ਇਲਾਹਬਾਦ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਹੁ ਯਾਦਵ ਨੇ ਇਹ ਘੋਸ਼ਣਾ ਕੀਤੀ ਹੈ ਕਿ ਜੇ ਉਤਰਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਸੱਤਾ ਵਿੱਚ ਆਈ ਤਾਂ ਮੌਜੂਦਾ ਮੁੱਖਮੰਤਰੀ ਵੱਲੋਂ ਬਣਾਏ ਗਏ ਪਾਰਕਾਂ ਅਤੇ ਸਮਾਰਕਾਂ ਵਿੱਚ ਸਕੂਲ ਅਤੇ ਹਸਪਤਾਲ ਬਣਾਏ ਜਾਣਗੇ।
ਮੁਲਾਇਮ ਸਿੰਹੁ ਯਾਦਵ ਨੇ ਉਤਰ ਪ੍ਰਦੇਸ਼ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਇਆਵਤੀ ਯੂਪੀ ਦੀ ਹੁਣ ਤੱਕ ਦੀ ਸੱਭ ਤੋਂ ਵੱਡੀ ਭੂਮੀ ਮਾਫ਼ੀਆ ਹੈ। ਉਸ ਨੇ ਸਮਾਰਕਾਂ ਅਤੇ ਪਾਰਕਾਂ ਦੇ ਨਿਰਮਾਣ ਲਈ ਤਾਕਤ ਦੇ ਜੋਰ ਨਾਲ ਹਜ਼ਾਰਾਂ ਏਕੜ ਜਮੀਨ ਹੱਥਿਆਈ ਹੋਈ ਹੈ। ਇਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਸਰਕਾਰੀ ਲਾਠੀਆਂ ਦੀ ਮਾਰ ਝਲਣੀ ਪਈ। ਉਨ੍ਹਾਂ ਨੇ ਕਿਹਾ ਕਿ ਸਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।
ਯਾਦਵ ਨੇ ਕਿਹਾ ਕਿ 40 ਹਜ਼ਾਰ ਕਰੋੜ ਜਨਤਾ ਦਾ ਧੰਨ ਪਾਰਕਾਂ ਵਿੱਚ ਸਿਰਫ਼ ਹਾਥੀ ਦੀਆਂ ਮੂਰਤੀਆਂ ਬਣਾਉਣ ਤੇ ਖਰਚ ਕੀਤਾ ਗਿਆ ਹੈ।ਇਹ ਸੱਭ ਬਾਬਾ ਅੰਬੇਦਕਰ ਦੇ ਨਾਂ ਤੇ ਕੀਤਾ ਗਿਆ ਹੈ ਜੋ ਕਿ ਦਲਿਤਾਂ ਦੇ ਸੱਭ ਤੋਂ ਵੱਡੇ ਨੇਤਾ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅੱਜ ਬਾਬਾ ਅੰਬੇਦਕਰ ਜੀਊਂਦੇ ਹੁੰਦੇ ਤਾਂ ਉਹ ਮਾਇਆਵਤੀ ਨੂੰ ਜੇਲ੍ਹ ਵਿੱਚ ਸੁੱਟ ਦਿੰਦੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਪਾਰਕਾਂ ਵਿੱਚ ਅੰਬੇਦਕਰ ਦੇ ਨਾਂ ਤੇ ਸਕੂਲ ਅਤੇ ਕਾਲਜ ਬਣਾਵਾਂਗੇ।