ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਡਰੋਨ ਹਮਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਕਈ ਵਾਰ ਇਹ ਅਰੋਪ ਲਗਾ ਚੁੱਕਾ ਹੈ ਕਿ ਇਨ੍ਹਾਂ ਡਰੋਨ ਹਮਲਿਆਂ ਵਿੱਚ ਆਮ ਲੋਕ ਵੀ ਮਾਰੇ ਜਾ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਪਹਿਲੀ ਵਾਰ ਵੈਬ ਚੈਟ ਦੌਰਾਨ ਇਹ ਮੰਨਿਆ ਹੈ, “ ਪਾਕਿਸਤਾਨ ਦੇ ਕਬਾਇਲੀ ਖੇਤਰ ਵਿੱਚ ਅਫ਼ਗਾਨਿਸਤਾਨ- ਪਾਕਿਸਤਾਨ ਸੀਮਾ ਤੇ ਅੱਤਵਾਦ ਪ੍ਰਭਾਵਿਤ ਖੇਤਰ ਵਿੱਚ ਅਲਕਾਇਦਾ ਅੱਤਵਾਦੀਆਂ ਦੇ ਖਿਲਾਫ਼ ਕਈ ਡਰੋਨ ਹਮਲੇ ਕੀਤੇ ਗਏ ਹਨ। ਅਸੀਂ ਅੱਤਵਾਦ ਦੇ ਖਿਲਾਫ਼ ਜੋ ਇਹ ਤਰੀਕਾ ਅਪਨਾ ਰਹੇ ਹਾਂ, ਇਸ ਦੇ ਇਲਾਵਾ ਜੇ ਹੋਰ ਕੋਈ ਵੀ ਢੰਗ ਵਰਤਦੇ ਤਾਂ ਸਾਨੂੰ ਜਿਆਦਾ ਦਖ਼ਲਅੰਦਾਜ਼ੀ ਵਾਲੀ ਸੈਨਿਕ ਕਾਰਵਾਈ ਕਰਨੀ ਪੈਂਦੀ।”
ਅਮਰੀਕਾ ਹੁਣ ਤੱਕ ਸਰਵਜਨਿਕ ਤੌਰ ਤੇ ਡਰੋਨ ਹਮਲਿਆਂ ਬਾਰੇ ਬਿਆਨ ਦੇਣ ਤੋਂ ਬਚਦਾ ਰਿਹਾ ਹੈ। ਪਹਿਲੀ ਵਾਰ ਰਾਸ਼ਟਰਪਤੀ ਓਬਾਮਾ ਨੇ ਡਰੋਨ ਹਮਲਿਆਂ ਬਾਰੇ ਸਰਵਜਨਿਕ ਤੌਰ ਤੇ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਆਮ ਨਾਗਰਿਕ ਜਿਆਦਾ ਨਹੀਂ ਮਾਰੇ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿਆਦਾਤਰ ਅੱਤਵਾਦੀ ਸੂਚੀ ਵਿੱਚ ਸ਼ਾਮਿਲ ਦਹਿਸ਼ਤਗਰਦਾਂ ਨੂੰ ਹੀ ਨਿਸ਼ਾਨਾ ਬਣਾ ਕੇ ਹਮਲੇ ਕਰਦੇ ਹਾਂ। ਜਦ ਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਜਿਆਦਾਤਰ ਨਿਰਦੋਸ਼ ਲੋਕ ਹੀ ਮਾਰੇ ਜਾਂਦੇ ਹਨ।
ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕਬਾਇਲੀ ਖੇਤਰਾਂ ਵਿੱਚ ਡਰੋਨ ਹਮਲਿਆਂ ਦੀ ਗੱਲ ਸਵੀਕਾਰ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਤਿੱਖੀ ਪ੍ਰਕਿਰਿਆ ਪ੍ਰਗਟ ਕੀਤੀ ਹੈ। ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਹਮਲੇ ਗੈਰਕਨੂੰਨੀ ਹਨ ਅਤੇ ਪਾਕਿਸਤਾਨ ਦੀ ਸੰਪ੍ਰਭੁੱਤਾ ਦਾ ਸਿੱਧਾ ਉਲੰਘਣ ਹੈ।