ਸ੍ਰੀ ਮੁਕਤਸਰ ਸਾਹਿਬ , (ਸੁਨੀਲ ਬਾਂਸਲ) – ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖਤੀ ਆਖਰੀ ਦੋ ਦਿਨ ਕਿਤੇ ਵੀ ਨਜ਼ਰ ਨਹੀ ਆਈ ਅਤੇ ਲੋਕਤੰਤਰ ਦਾ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਕਥਿਤ ਤੌਰ ਤੇ ਸ਼ਰੇਆਮ ਘਾਣ ਕੀਤਾ ਗਿਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਉਪਰੰਤ ਕੀਤਾ । ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਚੋਣਾਂ ਦੇ ਸ਼ੁਰੂ ਵਾਲੇ ਦਿਨਾਂ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਬਹੁਤ ਸਖਤੀ ਕੀਤੀ ਗਈ ਜੋ ਕਿ ਜਾਇਜ ਸੀ ਪਰ ਆਖਰੀ ਦੋ ਦਿਨ ਪਿੰਡਾਂ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਵੱਲੋਂ ਕਥਿਤ ਤੌਰ ਤੇ ਸ਼ਰੇਆਮ ਪੈਸੇ ਨਾਲ ਵੋਟਾਂ ਦੀ ਖਰੀਦੋ ਫਰੋਖਤ ਕੀਤੀ ਗਈ ਅਤੇ ਇਹ ਸਿਲਸਿਲਾ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਦੇ ਬਾਹਰ ਵੀ ਚੱਲਦਾ ਰਿਹਾ । ਉਹਨਾਂ ਕਿਹਾ ਕਿ ਇਸ ਸਬੰਧੀ ਉਹ ਫੋਨ ਰਾਹੀ ਵਾਰ ਵਾਰ ਚੋਣ ਅਧਿਕਾਰੀਆਂ ਨੂੰ ਸੂਚਿਤ ਕਰਦੇ ਰਹੇ ਪਰ ਕਿਤੇ ਵੀ ਕਿਸੇ ਤਰ੍ਹਾ ਦੀ ਕੋਈ ਕਾਰਵਾਈ ਨਹੀ ਹੋਈ । ਹਨੀ ਨੇ ਕਿਹਾ ਕਿ ਆਖਰੀ ਦੋ ਦਿਨ ਕਿਸੇ ਤਰ੍ਹਾ ਦੀ ਨਸ਼ੇ ਤੇ ਵੀ ਰੋਕ ਨਹੀ ਲੱਗੀ ਜਿਸ ਕਾਰਨ ਸ਼ਰਾਬ ਅਤੇ ਪੈਸਾ ਦੋਵਾਂ ਦੇ ਜੋਰ ਤੇ ਵੋਟਾਂ ਖਰੀਦਣ ਦਾ ਕੰਮ ਚੱਲਿਆ । ਫੱਤਣਵਾਲਾ ਨੇ ਕਿਹਾ ਕਿ ਭਾਵੇ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਖਰੀਦੋ ਫਰੋਖਤ ਕੀਤੀ ਪਰ ਇਸ ਦੇ ਬਾਵਜੂਦ ਵੀ ਉਹ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਬਹੁਗਿਣਤੀ ਵੋਟਾਂ ਨਾਲ ਜਿੱਤਣਗੇ ਅਤੇ ਇਹ ਸੀਟ ਜਿੱਤਕੇ ਸ੍ਰ ਮਨਪ੍ਰੀਤ ਸਿੰਘ ਬਾਦਲ ਦੀ ਝੋਲੀ ਪਾਉਣਗੇ । ਇਸ ਮੌਕੇ ਗੁਰਜਿੰਦਰ ਸਿੰਘ ਬਰਾੜ , ਕਰਮਜੀਤ ਸਿੰਘ , ਬਲਕਰਨ ਸਿੰਘ , ਗੁਰਜੀਤ ਸਿੰਘ , ਰਜਿੰਦਰ ਸਿੰਘ , ਅਮਰਜੀਤ ਸਿੰਘ , ਅੰਗਰੇਜ ਸਿੰਘ , ਗੁਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵਰਕਰ ਹਾਜ਼ਿਰ ਸਨ ।