ਨਵੀਂ ਦਿੱਲੀ :- ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨਾਲ ਸਲਾਹ ਮਸ਼ਵਰਾ ਕਰ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਗੁਰਦੁਆਰਾ ਕਮੇਟੀ ਵਲੋਂ ਆਰਥਕ ਪਖੋਂ ਕਮਜ਼ੋਰ ਸਿੱਖ ਪਰਿਵਾਰਾਂ ਦਾ ਮੈਡੀਕਲ ਬੀਮਾ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਯੋਜਨਾ ਦਾ ਨਾਂ ਗੁਰੂ ਹਰਿਕ੍ਰਿਸ਼ਨ ਹੈਲਥ ਇਨਸ਼ੂਰੈਂਸ ਸਕੀਮ ਰਖਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਯੋਜਨਾ ਦੇ ਘੇਰੇ ਵਿੱਚ ਚਾਰ ਤੋਂ ਪੰਜ ਮੈਬਰਾਂ ਵਾਲੇ ਤਕਰੀਬਨ 25 ਹਜ਼ਾਰ ਸਿੱਖ ਪਰਿਵਾਰ ਆ ਜਾਣਗੇ। ਇਸ ਤਰਾਂ ਇਕ ਲਖ 25 ਹਜ਼ਾਰ ਦੇ ਕਰੀਬ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਸ: ਸਰਨਾ ਨੇ ਦਸਿਆ ਕਿ 150 ਹਸਪਤਾਲ, ਜਿਨ੍ਹਾਂ ਵਿੱਚ ਉਚ ਪਧਰ ਦੇ ਹਸਪਤਾਲ ਵੀ ਸ਼ਾਮਲ ਹਨ, ਆਪਣੀਆਂ ਸੇਵਾਵਾ ਪ੍ਰਦਾਨ ਕਰਨਗੇ।
ਸ: ਸਰਨਾ ਦੇ ਇਸ ਯੋਜਨਾ ਦੇ ਹੋਰ ਵੇਰਵੇ ਦੇਂਦਿਆਂ ਦਸਿਆ ਇਸ ਯੋਜਨਾ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਪਰਿਵਾਰਾਂ ਦੀ ਬੀਮਾ ਰਾਸ਼ੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਦਾ ਕੀਤੀ ਜਾਏਗੀ। ਇਨ੍ਹਾਂ ਪਰਿਵਾਰਾਂ ਦੇ ਹਰ ਜੀਅ ਦੀ ਬੀਮਾਰੀ ਦਾ ਇਲਾਜ ਮੁਫਤ ਹੋਵੇਗਾ, ਜੋ ਇਕ ਲਖ ਰੁਪਏ ਤੱਕ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸਮਰਥਾਵਾਨ ਸਿੱਖ ਇਸ ਲੋਕ ਹਿਤ ਕਾਰਜ ਵਿੱਚ ਆਪਣਾ ਸਹਿਯੋਗ ਦੇਣਾ ਚਾਹੇਗਾ, ਉਸਦਾ ਗੁਰਦੁਆਰਾ ਕਮੇਟੀ ਵਲੋਂ ਸੁਆਗਤ ਕੀਤਾ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਯੋਜਨਾ ਦੇ ਘੇਰੇ ਵਿੱਚ ਆਉਣ ਵਾਲੇ ਸਿੱਖ ਪਰਿਵਾਰਾਂ ਲਈ ਲਾਜ਼ਮੀ ਸ਼ਰਤ ਇਹ ਹੋਵੇਗੀ ਕਿ ਉਹ ਪੂਰਣ ਰੂਪ ਵਿੱਚ ਸਿੱਖੀ ਸਰੂਪ ਦੇ ਧਾਰਨੀ ਹੋਣ।
ਸ: ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਇਸ ਯੋਜਨਾ ਪੁਰ ਕੰਮ ਕਰਨ ਦਾ ਫੈਸਲਾ ਚਾਰ-ਪੰਜ ਸਾਲ ਪਹਿਲਾਂ, ਉਸ ਸਮੇਂ ਕੀਤਾ ਗਿਆ ਸੀ, ਜਦੋਂ ਗੁਰਦੁਆਰਾ ਬਾਲਾ ਸਾਹਿਬ ਸਥਿਤ ਗੁਰੂ ਹਰਿਕ੍ਰਿਸ਼ਨ ਹਸਪਤਾਲ ਦੀ ਅਰੰਭਤਾ ਦੀਆਂ ਤਿਆਰਿਆਂ ਮੁਕੰਮਲ ਕਰ ਲਈਆਂ ਗਈਆਂ ਸਨ, ਪ੍ਰੰਤੂ ਬਾਦਲਕਿਆਂ ਵਲੋਂ ਅਦਾਲਤਾਂ ਵਿੱਚ ਜਾ ਮੁਕਦਮੇ ਪਾਣ, ਡੀ.ਡੀ.ਏ. ਪਾਸ ਕੂੜ ਅਧਾਰਤ ਚਿੱਠੀਆਂ ਲਿਖੇ ਜਾਣ ਕਾਰਣ, ਇਸ ਹਸਪਤਾਲ ਦੀ ਅਰੰਭਤਾ ਵਿੱਚ ਰੁਕਾਵਟ ਪੈਦਾ ਹੋ ਗਈ ਜਿਸ ਕਾਰਣ ਇਸ ਬੀਮਾ ਯੋਜਨਾ ਦਾ ਕਾਰਜ ਵੀ ਪਛੜ ਗਿਆ।
ਸ: ਪਰਮਜੀਤ ਸਿੰਘ ਸਰਨਾ ਨੇ ਹੋਰ ਦਸਿਆ ਕਿ ਬਾਦਲਕਿਆਂ ਵਲ ਹਸਪਤਾਲ ਦੀ ਜਗ੍ਹਾ ਵੇਚ ਦੇਣ ਦੇ ਕੂੜ ਪਚਾਰ ਅਤੇ ਆਧਾਰਹੀਨ ਚਿੱਠੀਆਂ ਲਿਖਣ ਕਾਰਣ ਜ਼ਮੀ ਦੀ ਲੀਜ-ਡੀਲ ਰੱਦ ਹੋਈ, ਜਦੋਂ ਡੀ.ਡੀ.ਏ ਦੇ ਅਧਿਕਾਰੀਆਂ ਸਾਹਮਣੇ ਇਸ ਝੂਠ ਤੋਂ ਪਰਦਾ ਉਠਾਇਆ ਗਿਆ ਤਾਂ ਉਨ੍ਹਾਂ ਆਪਣੀ ਗਲਤੀ ਸਵੀਕਾਰ ਕੀਤੀ ਪ੍ਰੰਤੂ ਰੱਦ ਹੋਈ ਡੀਡ ਬਹਾਲ ਕਰਵਾਉਣ ਲਈ ਡੀ.ਡੀ.ਏ. ਕੇ ਨਿਯਮਾਂ ਅਨੁਸਾਰ ਤਕਰੀਬਨ ਡੇਢ ਕਰੋੜ ਰੁਪਏ ਦਾ ਜੁਰਮਾਨਾ ਗੁਰੂ ਗੋਲਕ ਵਿਚੋਂ ਅਦਾ ਕਰਨਾ ਪਿਆ। ਜਿਸਦੀ ਵਾਪਸੀ ਲਈ ਰਾਜਸੀ ਪਧਰ ਤੇ ਜਤਨ ਕੀਤੇ ਜਾ ਰਹੇ ਹਨ।ਸ: ਸਰਨਾ ਨੇ ਦਸਿਆ ਕਿ ਹੁਣ ਜ਼ਮੀਨ ਦਾ ਅਲਾਟ ਮੈਂਟ ਦੀ ਪੱਕੀ ਲੀਜ਼-ਡੀਡ ਗੁਰਦੁਆਰਾ ਕਮੇਟੀ ਨੂੰ ਪ੍ਰਾਪਤ ਹੋ ਗਈ ਹੈ ਤੇ ਹਸਪਤਾਲ ਦੀ ਅਰੰਭਤਾ ਦੇ ਰਸਤੇ ਦੀਆਂ ਰੁਕਾਵਟਾਂ ਵੀ ਦੂਰ ਹੋ ਗਈਆਂ ਹਨ। ਇਸ ਕਾਰਣ ਇਹ ਹਸਪਤਾਲ ਵਿੱਚ ਪੂਰਣ ਆਧੁਨਿੱਕ ਸਹੂਲਤਾਂ ਨਾਲ ਛੇਤੀ ਹੀ ਕੰਮ ਆਰੰਭ ਹੋ ਜਾਏਗਾ।ਸ: ਸਰਨਾ ਨੇ ਦਸਿਆ ਕਿ ਇਸ ਸਫਲਤਾ ਦੇ ਨਾਲ ਹੀ ਆਰਥਕ ਪਖੋਂ ਕਮਜ਼ੋਰ ਸਿੱਖ ਪਰਿਵਾਰਾਂ ਦੀ ਮੈਡੀਕਲ ਬੀਮਾ ਯੋਜਨਾ ਸ਼ੁਰੂ ਕਰਨ ਦੇ ਫੈਸਲੇ ਨੂੰ ਵੀ ਅੰਤਿਮ ਰੂਪ ਦੇ ਦਿਤਾ ਗਿਆ ਹੈ।
ਦਿੱਲੀ ਗੁਰਦੁਆਰਾ ਚੋਣਾਂ
ਸ:ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਰਕਾਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 11 ਮਾਰਚ ਨੂੰ ਕਰਵਾਏ ਜਾਣ ਦੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਸੁਆਗਤ ਕਰਦਿਆਂ ਕਿਹਾ ਇਸ ਦੇ ਨਾਲ ਉਹ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਹਨ, ਜੋ ਵਿਰੋਧੀਆਂ ਵਲੋਂ ਇਹ ਆਖ ਕੇ ਪਾਏ ਜਾ ਰਹੇ ਸਨ ਕਿ ਸਰਕਾਰ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਨੂੰ ਲਾਭ ਪਹੁੰਚਾਣ ਦੇ ਉਦੇਸ਼ ਨਾਲ ਚੋਣਾਂ ਲਟਕਾਉਂਦੀ ਜਾ ਰਹੀ ਹੈ, ਜਦ ਕਿ ਸੱਚਾਈ ਇਹ ਹੈ ਕਿ ਦੋਸ਼ ਲਾਉਣ ਵਾਲੇ ਬਾਦਲਕੇ ਖੁਦ ਆਮ ਚੋਣਾਂ ਲਟਕਾਣ ਲਈ ਕਦੀ ਉਪ-ਰਾਜਪਾਲ, ਕਦੀ ਮੁਖ ਮੰਤਰੀ ਤੇ ਕਦੀ ਗੁਰਦੁਆਰਾ ਮਾਮਲਿਆਂ ਦੇ ਇੰਨਚਾਰਜ ਮੰਤਰੀ ਪਾਸ ਜਾ ਤਰਲੇ ਲੈਂਦੇ ਰਹੇ। ਜਦੋਂ ਉਥੇ ਗਲ ਨਾ ਬਣੀ ਤਾ ਹਾਈ ਕੋਰਟ ਵਿੱਚ ਜਾ ਪਟੀਸ਼ਨਾਂ ਪਾ ਦਿਤੀਆਂ। ਪਰ ਉਹ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ।