ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤਕ ਹੋਏ ਕਰੀਬ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬਤਲਬੀ ਕੀਤੀ ਹੈ ਕਿ ਇਸ ਸਮੇਂ ਦੌਰਾਨ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕ ਮਾਰੇ ਗਏ ਹਨ ਅਤੇ ਇਹ ਸਾਰਾ ਘਟਨਾਕ੍ਰਮ ਗੋਧਰਾ ਕਾਂਡ ਤੋਂ ਬਾਅਦ ਵਾਪਰਿਆ ਹੈ। ਪਰ ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਪੰਜਾਬ ਵਿਚ 1980 ਤੋਂ ਲੈ ਕੇ 1992-93 ਤਕ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਬਣਾਕੇ ਸਿੱਖ ਨੌਜਵਾਨਾਂ ਨੂੰ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਜਾਂ ਤਾਂ ਸ਼ਮਸ਼ਾਨਘਾਟਾਂ ਵਿਚ ਸਾੜ ਦਿੱਤਾ ਗਿਆ ਜਾਂ ਨਹਿਰਾਂ, ਦਰਿਆਵਾਂ ਵਿਚ ਰੋੜ ਦਿੱਤਾ ਗਿਆ। ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਕਤਲ ਦਾ ਇਲਜ਼ਾਮ ਕਿਸ ਦੇ ਸਿਰ ਹੈ?
ਜੋ ਸਿੱਖ ਜੁਝਾਰੂ ਭਾਰਤੀ ਫੋਰਸਾਂ ਨਾਲ ਲੋਹਾਂ ਲੈਂਦੇ ਟਕਰੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਉਤੇ ਕੌਮ ਨੂੰ ਸਦਾ ਮਾਣ ਰਹੇਗਾ ਪਰ ਦੂਜੇ ਪਾਸੇ ਬੇਕਸੂਰ ਲੋਕਾਂ ਨੂੰ ਥਾਣਿਆਂ ਵਿਚ ਬੇਹਤਾਸ਼ਾ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਮਾਰ ਦੇਣਾ ਕਿਥੋਂ ਦਾ ਕਾਨੂੰਨ ਹੈ? ਕੀ ਕਦੇ ਸੁਪਰੀਮ ਕੋਰਟ ਇਸ ਸਬੰਧੀ ਵੀ ਕੋਈ ਨੋਟਿਸ ਜਾਰੀ ਕਰੇਗੀ ਜਾਂ ਕਿ ਸੁਪਰੀਮ ਕੋਰਟ ਵੀ ਇਹ ਸਮਝਦੀ ਹੈ ਕਿ ਇਸ ਸਮੇਂ ਵਿਚ ਪੁਲਿਸ ਵਲੋਂ ਕੀਤਾ ਮਨੁੱਖਤਾ ਦਾ ਘਾਣ ਸਰਕਾਰ ਦੀ ਇਕ ਨੀਤੀ ਤਹਿਤ ਹੀ ਹੋਇਆ ਸੀ।
ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਮਾਝੇ ਇਲਾਕੇ ਦੀਆਂ ਸ਼ਮਸ਼ਾਨਘਾਟਾਂ ਵਿਚ ਪੁਲਿਸ ਵਲੋਂ ਲਵਾਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦੀ ਤਫਤੀਸ਼ ਕਰਕੇ ਇਹ ਗੱਲ ਦੁਨੀਆਂ ਦੇ ਸਾਹਮਣੇ ਉਜਾਗਰ ਕੀਤੀ ਗਈ ਸੀ ਕਿ ਪੁਲਿਸ ਵਲੋਂ ਜਿਨ੍ਹਾਂ ਕਰੀਬ 2500 ਸਿੱਖਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾੜਿਆ ਗਿਆ ਸੀ, ਅਸਲ ਵਿਚ ਉਹ ਲਵਾਰਿਸ ਨਹੀਂ ਸਨ, ਸਗੋਂ ਪੁਲਿਸ ਦਾ ਤਸ਼ੱਦਦ ਨਾ ਝੱਲਦੇ ਹੋਏ ਦਮ ਤੋੜ ਚੁੱਕੇ ਲੋਕਾਂ ਨੂੰ ਲਵਾਰਿਸ ਬਣਾ ਕੇ ਸਾੜ ਦਿੱਤਾ ਗਿਆ ਸੀ। ਇਨ੍ਹਾਂ ਲਵਾਰਿਸ ਲਾਸ਼ਾਂ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ, ਇਕ ਭਰਾ ਤੇ ਦਾਦਾ ਜੀ ਵੀ ਸ਼ਾਮਿਲ ਸਨ।
ਐਡਵੋਕੇਟ ਕੁਲਵੰਤ ਸਿੰਘ ਸੈਣੀ ਰੋਪੜ ਵਾਲੇ ਤੇ ਉਸਦੀ ਪਤਨੀ ਅਤੇ ਬੱਚੇ ਦੀਆਂ ਲਵਾਰਿਸ ਲਾਸ਼ਾਂ ਦਾ ਵੀ ਅਜੇ ਤਕ ਕੋਈ ਵਾਰਸ ਨਹੀਂ ਬਣਿਆ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਲਾਵਾਰਿਸ ਲਾਸ਼ ਬਣਾ ਕੇ ਨਹਿਰ ਵਿਚ ਭਾਵੇਂ ਰੋੜ ਦਿੱਤਾ ਗਿਆ ਪਰ ਪੁਲਿਸ ਫਾਇਲਾਂ ਵਿਚ ਅਜੇ ਤਕ ਭਗੌੜਾ ਹੀ ਕਰਾਰ ਦਿੱਤਾ ਹੋਇਆ ਹੈ। ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਨੂੰ ਭਾਈ ਮਤੀ ਦਾਸ ਵਾਂਗ ਹੀ ਜਿਪਸੀਆਂ ਨਾਲ ਬੰਨ੍ਹ ਕੇ ਦੋ ਫਾੜ ਕਰ ਦਿੱਤਾ ਗਿਆ। ਅਤੇ ਹੋਰ ਪਤਾ ਨਹੀਂ ਕਿੰਨੇ ਬਜ਼ੁਰਗ, ਮਾਤਾ, ਪਿਤਾ, ਭੈਣ, ਭਾਈ, ਪਤਨੀਆਂ, ਬੱਚਿਆਂ ਨੂੰ ਲਵਾਰਸ ਲਾਸ਼ ਬਣਾ ਕੇ ਜਾਂ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਖਤਮ ਕਰ ਦਿੱਤਾ ਗਿਆ ਅਤੇ ਅੰਤ ਵਿਚ ਇਨ੍ਹਾਂ ਸਾਰੀਆਂ ਲਵਾਰਿਸ ਲਾਸ਼ਾਂ ਦਾ ਵਾਰਸ ਬਣੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਇਕ ਲਵਾਰਿਸ ਲਾਸ਼ ਬਣਾ ਦਿੱਤਾ ਗਿਆ।
ਪੰਥ ਪੰਜਾਬ ਦੇ ਅੱਜ ਦੇ ਹਾਲਾਤ ਅਜਿਹੇ ਬਣ ਗਏ ਕਿ ਇਥੇ ਇਕ ਪਾਸੇ ਤਾਂ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਵਾਲੇ ਕਾਂਗਰਸ ਤੇ ਭਾਜਪਾ ਵਾਲੇ ਦਨਦਨਾਉਂਦੇ ਫਿਰਦੇ ਨੇ ਪਰ ਰੋਸ ਉਨ੍ਹਾਂ ਲੋਕਾਂ ’ਤੇ ਆਉਂਦਾ ਹੈ ਜਿਹੜੇ ਕਦੇ ਇਨ੍ਹਾਂ ਲਵਾਰਿਸ ਲਾਸ਼ਾਂ ਦੇ ਵਾਰਿਸ ਬਣਨ ਦੀ ਹਾਮੀ ਭਰਦੇ ਸਨ। ਪਰ ਅੱਜ ਲਵਾਰਿਸ ਲਾਸ਼ਾਂ ਉਤੇ ਕੁਰਸੀ ਢਾਹ ਕੇ ਲਵਾਰਿਸ ਲਾਸ਼ਾਂ ਬਣਾਉਣ ਵਾਲਿਆਂ ਨੂੰ ਸਨਮਾਨ ਤੇ ਪਦਵੀਆਂ ਦੇ ਰਹੇ ਹਨ। ਇਜ਼ਹਾਰ ਆਲਮ ਦੀ ਆਲਮ ਸੈਨਾ ਤੇ ਸਰਬਦੀਪ ਵਿਰਕ ਦੀ ਵਿਰਕ ਸੈਨਾ ਵਲੋਂ ਦਿੱਤੇ ਜ਼ਖਮ ਕੌਮ ਨੂੰ ਅਜੇ ਤਕ ਭੁੱਲੇ ਨਹੀਂ। ਸੁਮੇਧ ਸੈਣੀ ਵਲੋਂ ਪਾਲੇ ਪੂਹਲੇ ਨਿਹੰਗ ਦੀਆਂ ਕਰਤੂਤਾਂ ਅਜੇ ਵੀ ਜੱਗ ਜ਼ਾਹਰ ਹੋ ਰਹੀਆਂ ਹਨ। ਪਰ ਹੈਰਾਨੀ ਹੈ ਕਿ ਐਨਾ ਜ਼ੁਲਮ, ਤਸ਼ੱਦਦ ਕਰਨ ਵਾਲੇ ਲੋਕ ਅਣਖੀ ਪੰਜਾਬੀਆਂ ਦੇ ਸਿਰ ਉਤੇ ਬੈਠੇ ਹਨ ਅਤੇ ਹੁਣ ਇਨ੍ਹਾਂ ਨੂੰ ਆਪਣੇ ਸਿਆਸੀ ਆਗੂਆਂ ਵਲੋਂ ਮਾਨਤਾ ਦੇਣ ਦੀ ਤਿਆਰੀ ਹੋ ਰਹੀ ਹੈ।
ਇਸ ਸਾਰੇ ਕਾਸੇ ਨੂੰ ਦੇਖਦਿਆਂ ਤੇ ਸਮਝਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਕਸਰ ਉਚਾਰੇ ਜਾਂਦੇ ਬਚਨ ਮਨ ਵਿਚ ਵਾਰ ਵਾਰ ਆਉਂਦੇ ਹਨ ਕਿ ਸਿੱਖ ਇਸ ਦੇਸ਼ ਵਿਚ ਗੁਲਾਮ ਨੇ… ਤੇ ਗ਼ੁਲਾਮੀ ਦਾ ਜੂਲਾ ਉਦੋਂ ਗਲੋਂ ਲੱਥੇਗਾ ਜਦੋਂ ਅਸੀਂ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵਾਂਗੇ। ਆਪਣਾ ਕੌਮੀ ਘਰ ਲੈਣ ਲਈ ਆਓ ਪਹਿਲਾਂ ਆਪਣੇ ਘਰ ਆਨੰਦਪੁਰ ਸਾਹਿਬ ਵੜੀਏ, ਭਾਵ ਗੁਰੂ ਵਾਲੇ ਬਣੀਏ, ਬਾਣੀ ਅਤੇ ਬਾਣੇ ਨਾਲ ਜੁੜੀਏ ਤਾਂ ਇਹ ਗ਼ੁਲਾਮੀ ਗਲੋਂ ਲਹੇਗੀ।