ਇਹ ਪੰਕਤੀ ਪੰਚਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਹੀਂ ਰਾਗ ਗੂਜਰੀ ਵਿਚ (ਗੂਜਰੀ ਕੀ ਵਾਰ) ਸਿਰਲੇਖ ਹੇਠ ਦਰਜ ਕੀਤੀ ਗਈ ਹੈ।ਪੂਰਾ ਸਲੋਕ ਹੈ:
ਸਲੋਕੁ ਮਃ 5 ॥
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥
ਅਰਥ :-ਹੇ ਨਾਨਕ! (ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ, ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥1॥
(ਗੁਰੁ ਗ੍ਰੰਥ ਦਰਪਨ,ਪ੍ਰੋ. ਸਾਹਿਬ ਸਿੰਘ ਜੀ )
‘ਉੱਦਮ’ ਅਤੇ ‘ਕਮਾਈ’ ਏਹ ਦੋ ਲਫਜ਼ ਐਸੇ ਹਨ ਜਿਨ੍ਹਾਂ ਦਾ ਜਿਤਨੀ ਡੁੰਘਾਈ ਨਾਲ ਵਿਚਾਰ ਕਰੀਏ, ਵਿਚਾਰਧਾਰਾ ਉਤਨੀ ਹੀ ਡੂੰਘਾਈ ਵੱਲ ਚਲੀ ਜਾਂਦੀ ਹੈ। ਜੀਵਨ ਅੰਦਰ ਅਸੀਂ ਕਈ ਤਰ੍ਹਾਂ ਦੀ ਕਮਾਈ ਕਰਦੇ ਹਾਂ ਲੇਕਿਨ ਇਕ ਗੱਲ ਸਮਝਣ ਯੋਗ ਹੈ ਕੀ ਕੋਈ ਵੀ ਕਮਾਈ ਬਿਨਾਂ ਕਿਸੇ ਉਦਮ ਕੀਤਿਆਂ ਨਹੀਂ ਕੀਤੀ ਜਾ ਸਕਦੀ। ਭਾਵੇਂ ਏਹ ਉਦਮ ਦੁਨੀਆਵੀ ਜ਼ਰੂਰਤਾਂ ਪੁਰੀਆਂ ਕਰਨ ਵਾਸਤੇ ਕੀਤਾ ਜਾਵੇ ਭਾਵੇਂ ਅਧਿਆਤਮਿਕ ਕਮਾਈ ਕਰਨ ਵਾਸਤੇ।
ਸਿਰਲੇਖ ਦਾ ਪਹਿਲਾ ਭਾਗ ਹੈ ‘ਉਦਮੁ ਕਰੇਦਿਆ ਜੀਉ ਤੂੰ ’
ਇਕ ਗੱਲ ਤਾਂ ਸਪਸ਼ਟ ਹੈ ਕੀ ਪਰਮਾਤਮਾ ਨੇ ਸ੍ਰਿਸ਼ਟੀ ਅੰਦਰ ਜਿੰਨੀਆਂ ਵੀ ਜੂਨਾਂ, ਜੀਵ ਜੰਤ ਬਣਾਏ ਹਨ ਭਾਵੇਂ ਮਨੁਖ ਹੋਵੇ, ਪਸ਼ੂ ਹੋਵੇ, ਪੰਖੇਰੂ ਹੋਵੇ ਜਾਂ ਜਲ ਵਿਚ ਰਹਿਣ ਵਾਲੇ ਜੀਵ ਜੰਤੂ ਹਨ, ਸਭਨਾਂ ਨੂੰ ਪੂਰਾ ਜੀਵਨ ਆਪਣੀ ਹੋਂਦ ਬਣਾਏ ਰੱਖਣ ਵਾਸਤੇ ਉਦਮ ਕਰਨਾ ਪੈਂਦਾ ਹੈ।ਬਿਨਾਂ ਉਦਮ ਕੀਤਿਆਂ ਕੋਈ ਵੀ ਜੂਨੀ ਦਾ ਸਰੀਰ ਆਪਣੇ ਅੰਤ ਤੱਕ ਨਹੀਂ ਅੱਪੜ ਸਕਦਾ। ਇਨ੍ਹਾਂ ਸਾਰੀਆਂ ਜੂਨਾਂ ਵਿਚੋਂ ਇਕ ਇਨਸਾਨੀ ਜੂਨ (ਮਨੁਖ) ਹੀ ਇਕ ਸ਼੍ਰੋਮਣੀ ਜੂਨ ਹੈ, ਜੋ ਉਦਮ ਕਰਕੇ ਆਪਣੇ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੋਇਆ ਪਰਮਾਤਮਾ ਦੀ ਭਗਤੀ ਅਤੇ ਸਿਮਰਨ ਕਰਦਿਆਂ ਪਰਮਾਤਮਾ ਨਾਲ ਵੀ ਜੁੜ ਸਕਦਾ ਹੈ। ਬਾਕੀ ਜਿਤਨੀ ਵੀ ਜੂਨੀਆਂ ਹਨ, ਸਾਰੀਆਂ ਜਨਮ ਤੋਂ ਮਰਣ ਤੱਕ ਆਪਣਾ ਪੇਟ ਭਰਣ ਅਤੇ ਸਿਰਫ ਆਪਣੇ ਕਰਮ ਭੋਗਣ ਜੋਗੀਆਂ ਹੀ ਹਨ, ਨਾ ਤੇ ਇਹ ਪ੍ਰਭੂ ਦੇ ਗੁਣ ਗਾ ਸਕਦੀਆਂ ਹਨ ਅਤੇ ਨਾ ਹੀ ਉਦਮ ਕਰਕੇ ਪਰਮਾਤਮਾ ਨਾਲ ਜੁੜ ਸਕਦੀਆਂ ਹਨ।
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥1॥
ਪਹਿਲਾਂ ਇਕ ਗੱਲ ਵਿਚਾਰਨੀ ਹੈ ਕਿ ‘ਉਦਮ ਕਰਨਾ ਕੀ ਹੈ ਅਤੇ ਉਦਮ ਕਰਨਾ ਕਿਉਂ ਜ਼ਰੂਰੀ ਹੈ’?
ਪੁਰਾਣੇ ਸਮੇਂ ਵਿਚ ਪਰਿਵਾਰ ਵੱਡੇ (combined families) ਹੁੰਦੇ ਸਨ, ਕਮਾਉਣ ਵਾਲੇ ਜੀਅ ਘੱਟ ਹੁੰਦੇ ਸਨ ਫਿਰ ਵੀ ਪਰਿਵਾਰ ਦੇ ਸਾਰੇ ਜੀਆਂ ਦੇ ਜੀਵਨ ‘ਤੇ ਖੇੜਾ ਰਹਿੰਦਾ ਸੀ, ਇਸਦਾ ਕਾਰਨ ਹੈ ਉਸ ਵੇਲੇ ਜ਼ਰੂਰਤਾਂ ਘੱਟ ਹੁੰਦੀਆਂ ਸਨ ਅਤੇ ਪਰਿਵਾਰ ਦੀ ਪ੍ਰਤਿਪਾਲਨਾ ਕਰਨ ਵਾਸਤੇ ਜ਼ਿਆਦਾ ਉਦਮ ਨਹੀ ਕਰਨਾ ਪੈਂਦਾ ਸੀ। ਵਰਤਮਾਨ ਸਮੇਂ ਵਿਚ ਤਕਰੀਬਨ ਪਰਿਵਾਰ ਵੀ ਖਿੰਡ ਗਏ ਹਨ, ਛੋਟੇ ਹੋ ਗਏ ਹਨ ਫਿਰ ਵੀ ਪਰਿਵਾਰਾਂ ਦੀਆਂ ਜ਼ਰੂਰਤਾਂ ਇਤਨੀਆਂ ਵੱਧ ਗਈਆਂ ਹਨ ਕੀ ਹਰ ਕੋਈ ਪਰਿਵਾਰ ਦੀ ਪ੍ਰਤਿਪਾਲਨਾ ਦੇ ਉਦਮ ਵਿਚ ਹੀ ਲੱਗਾ ਰਹਿੰਦਾ ਹੈ।
ਅਸੀਂ ਸਿਰਫ ਧਨ ਕਮਾਣ ਅਤੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਹੀ ਉਦਮ ਕਰਨਾ ਮਨ ਲਿਆ ਹੈ। ਕਿਉਂਕਿ ਅੱਜ ਜੀਵਨ ਦੀਆਂ ਲੋੜਾਂ ਇਤਨੀਆਂ ਵੱਧ ਗਈਆਂ ਹਨ ਕੀ ਜੀਵਨ ਵਿਚ ਆਪਣੀਆਂ ਜ਼ਰੂਰਤਾਂ ਤੋਂ ਇਲਾਵਾ ਕੁੱਝ ਨਜ਼ਰ ਹੀ ਨਹੀਂ ਆਂਵਦਾਂ। ਵਿਚਾਰਨ ਦੀ ਗੱਲ ਏਹ ਹੈ ਕਿ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ ਵੀ ਕਈ ਉਦਮ ਕਰਨੇ ਪੈਂਦੇ ਹਨ, ਉਹ ਹੈ ਆਪਣੇ ਮਨ ਦੀ ਸ਼ਾਂਤੀ ਅਤੇ ਵਾਹਿਰੁਰੂ ਦਾ ਸਿਮਰਨ ਕਰਨ ਵਾਸਤੇ ਅਨੇਕ ਤਰ੍ਹਾਂ ਦੇ ਉਪਰਾਲੇ ਕਰਨਾ। ਪਰਮਾਤਮਾ ਨੇ ਸਾਨੂੰ ਜੀਵਨ ਇਸੇ ਕਰਕੇ ਬਖਸ਼ਿਆ ਹੈ ਕਿ ਅਸੀਂ ਆਪਣੇ ਜੀਵਨ ਵਿਚ ਆਪਣੀਆਂ ਜ਼ਿਮੇਵਾਰੀਆਂ ਨਿਭਾਂਦਿਆਂ, ਦਸਾਂ ਨੂੰਆਂ ਦੀ ਕਿਰਤ ਕਰਦੇ ਹੋਏ ਪਰਮਾਤਮਾ ਨਾਲ ਜੁੜਨ ਵਾਸਤੇ ਵੀ ਉਦਮ ਕਰਨਾ ਹੈ। ਬਹੁਤੇ ਮਨੁਖ ਅੱਜ ਵੀ ਜਾਨਵਰਾਂ ਦੀ ਤਰ੍ਹਾਂ ਹੀ ਉਦਮ ਕਰਕੇ ਜੀਵਨ ਜੀ ਰਹੇ ਹਨ, ਨਾਂ ਤਾਂ ਮਨ ਦੀ ਸ਼ਾਂਤੀ ਦੇ ਉਪਰਾਲੇ ਕਰਦੇ ਹਨ ਅਤੇ ਨਾਂ ਹੀ ਸਿਮਰਨ ਦੇ ਉਪਰਾਲੇ ਕਰਦੇ ਹਨ, ਸਾਰਾ ਜੀਵਨ ਧਨ ਕਮਾਉਣ ਅਤੇ ਐਸ਼ਪ੍ਰਸਤੀ ਕਰਨ ਦੇ ਉਦਮ ਹੀ ਕਰਦੇ ਰਹਿੰਦੇ ਹਨ। ਜਿਸ ਵੇਲੇ ਪਰਮਾਤਮਾ ਦੇ ਸੁਰਖਰੂ ਹੋਣ ਦਾ ਸਮਾਂ ਬਣਦਾ ਹੈ, ਸਰੀਰ ਰੋਗੀ ਹੋ ਜਾਂਦਾ ਹੈ ਉਸ ਵੇਲੇ ਪਛਤਾਵਾ ਹੁੰਦਾ ਹੈ ਕਿ ਸਾਰੀ ਜ਼ਿਦੰਗੀ ਐਵੇਂ ਹੀ ਗਾਲ ਦਿੱਤੀ। ਜੇਕਰ ਜ਼ਿਦੰਗੀ ਵਿਚ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਨ ਦੇ ਉਦਮ ਕੀਤੇ ਹੁੰਦੇ, ਜੇਕਰ ਨੇਕ ਕਮਾਈ ਕੀਤੀ ਹੁੰਦੀ ਤਾਂ ਪਰਮਾਤਮਾ ਅਗੇ ਸ਼ਰਮਿੰਦਗੀ ਨਾਂ ਹੁੰਦੀ।
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥
ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥
ਉਦਮ ਕਰਨਾ ਜ਼ਰੂਰੀ ਵੀ ਇਸੇ ਕਰਕੇ ਹੈ ਕਿ ਸਾਡੇ ਮਨ ਨੂੰ ਜੋ ਜਨਮ ਜਨਮਾਂਤਰਾਂ ਦੀ ਮੈਲ ਲਗੀ ਹੋਈ ਹੈ ਉਸ ਨੂੰ ਵੀ ਉਦਮ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ।
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ
ਮਨ ਦੀ ਮੈਲ ਦੂਰ ਕਰਨ ਵਾਸਤੇ, ਮਨ ਨੂੰ ਨਿਰਮਲ ਕਰਨ ਵਾਸਤੇ ਅਤੇ ਮਨ ਦੇ ਸਾਰੇ ਰੋਗ ਦੂਰ ਕਰਨ ਵਾਸਤੇ ਅਸਾਨੂੰ ਪਰਮਾਤਮਾ ਦੇ ਦਰਸਾਏ ਰਸਤੇ ਤੇ ਚਲਣ ਦਾ ਉਦਮ ਕਰਨਾ ਪਵੇਗਾ ਅਤੇ ਸੰਗਤ ਵਿਚ ਬੈਠ ਕੇ ਨਾਮ ਬਾਣੀ ਨਾਲ ਜੁੜਨਾ ਪਵੇਗਾ ਤਾਂਕਿ ਅਸੀਂ ਆਪਣੇ ਜੀਵਨ ਦੇ ਸਾਰੇ ਭਰਮ ਮਿਟਾ ਸਕੀਏ।
ਉਦਮੁ ਕਰਤ ਮਨੁ ਨਿਰਮਲੁ ਹੋਆ ॥
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥2॥
ਧਨ ਕਮਾਉਣ ਵਾਸਤੇ ਅਤੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਅਸੀਂ ਫਿਰ ਵੀ ਕੁੱਝ ਘੰਟੇ ਹੀ ਉਦਮ ਕਰਦੇ ਹਾਂ ਲੇਕੀਨ ਆਪਣੇ ਮਨ ਨੂੰ ਚਿੰਤਾ ਰਹਿਤ ਕਰਨ ਵਾਸਤੇ ਲਗਾਤਾਰ ਉਦਮ ਕਰਨਾ ਪਵੇਗਾ।
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
ਸਿਰਲੇਖ ਦਾ ਦੁਸਰਾ ਭਾਗ ਹੈ ‘ਕਮਾਵਦਿਆ ਸੁਖ ਭੁੰਚੁ’
ਏਹ ਗੱਲ ਜ਼ਰੂਰੀ ਨਹੀਂ ਹੈ ਕੀ ਜੀਵਨ ਵਿਚ ਕੋਈ ਵੀ ਕਮਾਈ ਕੀਤੀ ਜਾਵੇ ਤਾਂ ਉਸਦੇ ਨਾਲ ਸੁੱਖ ਮਿਲੇਗਾ ਹੀ। ਅਸੀਂ ਜਿਸ ਤਰ੍ਹਾਂ ਦਾ ਉਦਮ ਜਾਂ ਘਾਲਣਾ ਕਰਾਂਗੇ ਸਾਨੂੰ ਉਸੇ ਤਰ੍ਹਾਂ ਦੀ ਹੀ ਕਮਾਈ ਮਿਲੇਗੀ।
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇਕਰ ਅਸੀਂ ਸਿਰਫ ਧਨ ਕਮਾਣ ਦੇ ਉਦਮ ਕਰਦਿਆਂ ਹੀ ਆਪਣਾ ਸਾਰਾ ਜੀਵਨ ਉਸ ਵਿਚ ਹੀ ਮਸਤ ਰਹਾਂਗੇ, ਪੰਜ ਵਿਕਾਰਾਂ ਦੇ ਵੱਸ ਪੈ ਕੇ ਮਾੜੇ ਉਪਰਾਲੇ ਹੀ ਕਰਦੇ ਰਹਾਂਗੇ, ਜੀਵਨ ਦਾ ਜ਼ਿਆਦਾ ਸਮਾਂ ਆਪਣੇ ਸਰੀਰ ਨੂੰ ਸਵਾਰਨ ਦਾ ਹੀ ਉਦਮ ਕਰਦੇ ਰਹਾਂਗੇ ਤਾਂ ਇਨ੍ਹਾਂ ਕਾਰਜਾਂ ਨਾਲ ਕੀਤੀ ਗਈ ਕਮਾਈ ਜ਼ਰੂਰੀ ਨਹੀਂ ਸਾਡੇ ਜੀਵਨ ਨੂੰ ਸਫਲ ਬਣਾ ਹੀ ਦੇਵੇਗੀ। ਜੀਵਨ ਵਿਚ ਕਮਾਈ ਕਰਦਿਆਂ ਅਚਨਚੇਤ ਅਸੀਂ ਇਸ ਤਰ੍ਹਾਂ ਦੀ ਕਮਾਈ ਵੀ ਕਰਦੇ ਹਾਂ ਕਿ ਅਸੀਂ ਗੁਣ ਇਕੱਠੇ ਕਰਨ ਦੀ ਬਜਾਏ ਅਵਗੁਣ ਕਮਾਂਦੇ ਚਲੇ ਜਾਂਦੇ ਹਾਂ। ਜਿਸ ਵੇਲੇ ਪਰਮਾਤਮਾ ਸਨਮੁਖ ਲੇਖਾ-ਜੋਖਾ ਹੁੰਦਾ ਹੈ ਉਸ ਵੇਲੇ ਚੰਗੀ ਕਮਾਈ ਨਾ ਹੋਣ ਕਰਕੇ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਬਾਬਾ ਫਰੀਦ ਜੀ ਇਸ ਬਾਰੇ ਉਪਦੇਸ਼ ਕਰਦੇ ਹਨ।
ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਪਰਮਾਤਮਾ ਨੇ ਅਸਾਨੂੰ ਜੀਵਨ ਵਿਚ ਐਸੀ ਕਮਾਈ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ ਕੀ ਅਸੀਂ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦਿਆਂ ਆਪਣਾ ਮੁਖੁ ਉਜਲਾ ਕਰ ਸਕੀਏ।
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
ਆਪਣਾ ਮੁਖ ਉਜਲਾ ਕਰਦਿਆਂ ਅਸੀਂ ਜੀਵਨ ਵਿਚ ਉਦਮ ਕਰਦੇ ਹੋਏ ਐਸਾ ਧਨ ਕਮਾਈਏ ਕਿ ਸਤਸੰਗਤ ਵਿਚ ਬੈਠ ਕੇ ਮਨ ਦੀ ਮੈਲ ਸਾਫ ਕਰਕੇ ਮਨ ਭਾਂਵਦੇ ਸੁਖ ਭੁੰਚੀਏ।
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥1॥
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
ਜੇਕਰ ਅਸੀਂ ਆਪਣੇ ਜੀਵਨ ਵਿਚ ਕੀਤੇ ਹੋਏ ਐਸੇ ਉਦਮ, ਜਿਨ੍ਹਾਂ ਕਰਕੇ ਅਸੀਂ ਚੰਗੀ ਕਮਾਈ ਨਹੀਂ ਕਰ ਸਕੇ ਉਨ੍ਹਾਂ ਦੀ ਖਿਮਾ ਯਾਚਨਾ ਕਰਦਿਆਂ ਪਰਮਾਤਮਾ ਅਗੇ ਅਰਦਾਸ ਕਰੀਏ ਕੀ ਅਸੀਂ ਜੀਵਨ ਵਿਚ ਚੰਗੇ ਉਦਮ ਕਰ ਸਕੀਏ ਤਾਂਕਿ ਐਸੀ ਉਸਦੀ ਕਮਾਈ ਕਰਦਿਆਂ ਆਪਣੇ ਜੀਵਨ ਵਿਚ ਸੁਖ ਮਾਣ ਸਕੀਏ ਤਾਂ ਅਸੀਂ ਆਪਣਾ ਜੀਵਨ ਸਾਰਥਕ ਕਰ ਸਕਦੇ ਹਾਂ।
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥
ਸਰਣਿ ਪਰੇ ਕੀ ਰਾਖਹੁ ਸਰਮਾ॥
ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵਿਚ ਚੰਗੇ ਉਦਮ ਅਤੇ ਚੰਗੀ ਕਮਾਈ ਕਰਕੇ ਸਲੋਕ ਦੀ ਦੂਸਰੀ ਤੁਕ ਅੰਦਰ ਦਰਸਾਈ ਕਮਾਈ ਦਾ ਫੱਲ ਪ੍ਰਾਪਤ ਕਰ ਸਕਦੇ ਹਾਂ।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ