ਲੁਧਿਆਣਾ –ਅਮਰੀਕਾ ਸਥਿਤ ਸਵਾ ਲਾਖ ਫਾਊਂਡੇਸ਼ਨ ਵਲੋਂ ਸੰਤ ਲੌਂਗੋਵਾਲ ਚੈਰੀਟਬਲ ਟਰੱਸਟ ਦੇ ਸਹਿਯੋਗ ਨਾਲ ਸ਼ਾਤੀ ਦੇ ਮਸੀਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਬਾਰੇ ਇਕ ਦਸਤਾਵੇਜ਼ੀ ਫਿਲਮ ਬਣਾਈ ਜਾ ਰਹੀ ਹੈ। ਬੀਤੇ ਦਿਨ ਕਸਬਾ ਲੌਂਗੋਵਾਲ ਵਿਖੇ ਟਰੱਸਟ ਦੇ ਚੇਅਰਮੈਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਨਿਵਾਸ ਸਥਾਨ ‘ਤੇ ਦੋਨਾਂ ਸੰਸਥਾਵਾਂ ਦੇ ਪ੍ਰੀਨਿਧੀਆਂ ਦੀ ਇਕ ਇਕੱਤ੍ਰਤਾ ਵਿਚ ਇਸ ਬਾਰੇ ਫੈਸਲਾ ਕੀਤਾ ਗਿਆ।
ਅਜ ਇਥੋਂ ਜਾਰੀ ਕੀਤੇ ਇਕ ਪ੍ਰੈਸ ਨੋਟ ਅਨੁਸਾਰ ਇਹ ਦਸਤਾਵੇਜ਼ੀ ਫਿਲਮ ਪੱਤਰਕਾਰ ਹਰਬੀਰ ਸਿੰਘ ਭੰਵਰ ਵਲੋਂ ਸੰਤ ਲੌਂਗੋਵਾਲ ਦੇ ਜੀਵਨ ਬਾਰੇ ਲਿਖੀ ਪੁਸਤਕ “ਪੰਜਾਬ ਦਾ ਲੋਕ ਨਾਇਕ” ਉਤੇ ਅਧਾਰਿਤ ਬਣਾਈ ਜਾਏਗੀ। ਇਸ ਤੋਂ ਬਿਨਾ ਸੰਤ ਜੀ ਦੇ ਸਮਕਾਲੀ ਲੀਡਰਾਂ ਤੇ ਨੇੜੇ ਰਹਿਣ ਵਾਲੇ ਅਤੇ ਉਨ੍ਹਾਂ ਨੂੰ ਧਰਮ ਯੁੱਧ ਮੋਰਚਾ ਵਿਚ ਮਿਲਣ ਆਉਣ ਵਾਲੇ ਧਾਰਮਿਕ ਤੇ ਸਿਆਸੀ ਲੀਡਰਾਂ ਨਾਲ ਵੀ ਇੰਟਰਵਿਊ ਕਰਕੇ ਸੰਤ ਜੀ ਦੀ ਸਖਸ਼ੀਅਤ ਬਾਰੇ ਵਿਚਾਰ ਲਏ ਜਾਣਗੇ। ਇਹ ਫੈਸਲਾ ਕੀਤਾ ਗਿਆ ਕਿ ਸੰਤ ਜੀ ਦੇ ਜੀਵਨ ਤੇ ਸਖਸ਼ੀਅਤ ਬਾਰੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਅਟੱਲ ਬਿਹਾਰੀ ਵਾਜਪਾਈ, ਕੇਂਦਰੀ ਮੰਤਰੀ ਅੰਬਿਕਾ ਸੋਨੀ ਤੇ ਡਾ. ਫਾਰੂਕ ਅਬਦੁਲ੍ਹਾ, ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਕੈਪਟਨ ਅਮਰਿੰਦਰ ਸਿੰਘ, ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾ ਬਲਰਾਮਜੀ ਦਾਸ ਟੰਡਨ (ਭਾਜਪਾ), ਕਾਮਰੇਡ ਜੋਗਿੰਦਰ ਦਿਆਲ (ਸੀ.ਪੀ.ਆਈ),ਬਲਵੰਤ ਸਿੰਘ ਰਾਮੂਵਾਲੀਆ, ਨਾਮਵਰ ਪੱਤਰਕਾਰ ਕੁਲਦੀਪ ਨਈਅਰ, ਡਾ. ਬਰਜਿੰਦਰ ਸਿੰਘ ਹਮਦਰਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਬਕਾ ਪ੍ਰੋ. ਵਾਈਸ-ਚਾਂਸਲਰ ਪ੍ਰੋ. ਪ੍ਰਿਥੀਪਾਲ ਸਿੰਘ ਕਪਰ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਕਲਕਤਾ,ਹਰਵਿੰਦਰ ਸਿੰਘ ਖਾਲਸਾ, ਧਾਰਮਿਕ ਪਿੜ ਵਿਚ ਸੰਤ ਜੀ ਦੇ ਉਤਰਾਧਿਕਾਰੀ ਗੋਬਿੰਦ ਸਿੰਘ ਲੌਂਗੋਵਾਲ ਤੇ ਸੰਤ ਜੀ ਦੇ ਭਰਾ ਭਤੀਜੇ ਤੇ ਹੋਰ ਨੇੜਲੇ ਵਿਅਕਤੀਆਂ ਨਾਲ ਇੰਟਰਵਿਊ ਕੀਤੀ ਜਾਏਗੀ।ਇਕੱਤ੍ਰਤਾ ਵਿਚ ਗੋਬਿੰਦ ਸਿੰਘ ਲੌਂਗੋਵਾਲ ਤੋਂ ਬਿਨਾ ਫਾਊਂਡੇਸ਼ਨ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ, ਮੀਤਾ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਤੇ ਪੱਤਰਕਾਰ ਹਰਬੀਰ ਸਿੰਘ ਭੰਵਰ ਸ਼ਾਮਿਲ ਹੋਏ।