ਨਵੀਂ ਦਿੱਲੀ -: ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 11 ਮਾਰਚ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪੁਰ ਅਦਾਲਤ ਵਲੋਂ ਰੋਕ ਲਾਏ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਗੁਰਦੁਆਰਾ ਚੋਣਾਂ ਵਿੱਚ ਆਪਣੇ ਲੋਕਤਾਂਤ੍ਰਿਕ ਅਧਿਕਾਰ ਦੀ ਵਰਤੋਂ ਕਰਨ ਵਾਲਿਆਂ ਦੇ ਅਧਿਕਾਰ ਤੇ ਰੋਕ ਲਗ ਗਈ ਹੈ, ਜੋ ਕਿ ਕਿਸੇ ਵੀ ਤਰ੍ਹਾਂ ਲੋਕਤਾਂਤ੍ਰਿਕ ਮਾਨਤਾਵਾਂ ਲਈ ਸ਼ੁਭ ਨਹੀਂ।
ਸ. ਪਰਮਜੀਤ ਸਿੰਘ ਸਰਨਾ, ਜੋ ਇਥੇ ਪਤ੍ਰਕਾਰਾਂ ਨਾਲ ਗਲ ਕਰ ਰਹੇ ਸਨ, ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਹੋਰ ਵਿਰੋਧੀਆਂ ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਪੁਰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਟਕਾਏ ਜਾਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰਦਿਆਂ, ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਅਦਾਲਤ ਵਿੱਚ ਪਟੀਸ਼ਨਾਂ ਕਰਨ ਵਾਲੇ ਉਹੀ ਲੋਕੀ ਹਨ, ਜੋ ਵਿਰੋਧੀਆਂ ਦੀ ਸਰਪ੍ਰਸਤੀ ਹੇਠ ਲਗਾਤਾਰ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਿਰੁਧ ਬਿਆਨਬਾਜ਼ੀ ਕਰਦੇ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਸਥਿਤੀ ਉਨ੍ਹਾਂ ਚੋਰਾਂ ਵਰਗੀ ਹੈ, ਜੋ ਚੋਰੀ ਕਰਦਿਆਂ ਪਕੜੇ ਜਾਣ ਤੇ ਦੂਜਿਆਂ ਵਲ ਉਂਗਲ ਕਰ ਚੋਰ-ਚੋਰ ਦਾ ਸ਼ੋਰ ਮਚਾਣਾ ਸ਼ੁਰੂ ਕਰ ਦਿੱੰਦੇ ਹਨ। ਸ. ਸਰਨਾ ਨੇ ਕਿਹਾ ਕਿ ਮੀਡੀਆ ਇਸ ਗਲ ਦਾ ਗੁਆਹ ਹੈ ਕਿ ਗੁਰਦੁਆਰਾ ਪ੍ਰਬੰਧਕਾਂ ਦੇ ਵਿਰੋਧੀ ਹੀ ਬਾਰ-ਬਾਰ ਵੋਟਾਂ ਘਟ ਬਣਨ ਦਾ ਬਹਾਨਾ ਬਣਾ ਚੋਣਾਂ ਟਾਲਣ ਲਈ ਸ਼ੋਰ ਮਚਾਂਦੇ ਤੇ ਉਪਰਾਜਪਾਲ ਅਤੇ ਮੁੱਖ ਮੰਤਰੀ ਤਕ ਪਹੁੰਚ ਕਰਦੇ ਚਲੇ ਆ ਰਹੇ ਸਨ।
ਸ. ਸਰਨਾ ਨੇ ਦਸਿਆ ਕਿ ਗੁਰਦੁਆਰਾ ਮਾਮਲਿਆਂ ਦੇ ਇੱੰਨਚਾਰਜ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਅਤੇ ਡਾਇਰੈਕਟੋਰੇਟ ਦੇ ਅਧਿਕਾਰੀਆਂ ਨਾਲ ਹੋਈਆਂ ਸਰਬ-ਪਾਰਟੀ ਬੈਠਕਾਂ ਵਿੱਚ ਵੋਟਾਂ ਘਟ ਬਣਨ ਦਾ ਮੁੱਦਾ ਉਠਦਾ ਰਿਹਾ ਅਤੇ ਤਿੰਨ ਮਹੀਨੇ ਪਹਿਲਾਂ ਹੀ ਹੋਈ ਬੈਠਕ ਵਿੱਚ ਸਾਰੀਆਂ ਧਿਰਾਂ, ਜਿਨ੍ਹਾਂ ਵਿੱਚ ਅਦਾਲਤ ਵਿੱਚ ਜਾਣ ਵਾਲੇ ਵਿਰੋਧੀ ਵੀ ਸ਼ਾਮਲ ਸਨ, ਦੀ ਸਹਿਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਦਿੱਲੀ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲਈ ਬਣੀਆਂ ਹੋਈਆਂ ਵੋਟਰ ਲਿਸਟਾਂ ਵਿਚੋ ਸਿੱਖ ਵੋਟਰਾਂ ਦੀ ਪਛਾਣ ਕਰ, ਉਨ੍ਹਾਂ ਨੂੰ ਗੁਰਦੁਆਰਾ ਚੋਣ ਲਈ ਬਣੀਆਂ ਨਵੀਆਂ ਵੋਟਾਂ ਨਾਲ ਸ਼ਾਮਲ ਕਰ ਘਟ ਬਣੀਆਂ ਵੋਟਾਂ ਦੀ ਸ਼ਿਕਾਇਤ ਨੂੰ ਦੂਰ ਕਰ ਲਿਆ ਜਾਏ। ਸ. ਸਰਨਾ ਨੇ ਕਿਹਾ ਕਿ ਹੁਣ ਜਦਕਿ ਉਸੇ ਸਰਬ-ਸਮਤੀ ਨਾਲ ਹੋਏ ਫੈਸਲੇ ਅਨੁਸਾਰ 4.5 ਲਖ ਦੇ ਕਰੀਬ ਵੋਟਰਾਂ ਦੀਆਂ ਲਿਸਟਾਂ ਤਿਆਰ ਕਰਵਾ, ਚੋਣ ਪ੍ਰਕ੍ਰਿਆ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਤਾਂ ਇਸ ਫੈਸਲੇ ਤੇ ਸਹਿਮਤੀ ਦੇਣ ਵਾਲਿਆਂ ਨੇ ਹੀ ਅਦਾਲਤ ਵਿੱਚ ਚੂਨੌਤੀ ਦੇ ਅਤੇ ਦੁਆ ਚੋਣ ਪ੍ਰੋਗਰਾਮ ਦੇ ਅਮਲ ਤੇ ਰੋਕ ਲਗਵਾ ਦਿੱਤੀ।
ਸ. ਸਰਨਾ ਨੇ ਦਸਿਆ ਕਿ ਬੀਤੇ ਐਤਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਦੀ ਹੋਈ ਬੈਠਕ ਵਿੱਚ ਦਿੱਲੀ ਬਾਰੇ ਦੋ ਫੈਸਲੇ ਕੀਤੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ। ਉਨ੍ਹਾਂ ਫੈਸਲਿਆਂ ਵਿਚੋਂ ਇੱਕ ਤਾਂ ਇਹ ਸੀ ਕਿ ਚੋਟੀ ਦੇ ਵਕੀਲਾਂ ਦੀਆਂ ਸੇਵਾਵਾਂ ਹਾਸਲ ਕਰ ਦਿੱਲੀ ਗੁਰਦੁਆਰਾ ਚੋਣਾਂ ਨੂੰ ਜਿਤਨਾ ਹੋ ਸਕੇ ਲਟਕਵਾਇਆ ਜਾਏ ਅਤੇ ਇਸਦਾ ਦੋਸ਼ ਗੁਰਦੁਆਰਾ ਪ੍ਰਬੰਧਕਾਂ ਪੁਰ ਮੜ੍ਹਨ ਲਈ ਸ਼ੋਰ ਮਚਾਣਾ ਸ਼ੁਰੂ ਕਰ ਦਿਤਾ ਜਾਏ ਅਤੇ ਦੂਜੇ ਫੈਸਲੇ ਅਨੁਸਾਰ ਸ. ਸੁਖਬੀਰ ਸਿੰਘ ਵਲੋਂ ਦਿੱਲੀ ਦੇ ਬਾਦਲਕਿਆਂ ਨੂੰ ਹਿਦਾਇਤ ਕੀਤੀ ਗਈ ਕਿ ਜੇ ਗੁਰਦੁਆਰਾ ਚੋਣਾਂ ਲਟਕਾਣ ਦੇ ਮਾਮਲੇ ਵਿੱਚ ਸਫਲਤਾ ਨਹੀਂ ਮਿਲਦੀ ਤਾਂ ਦਲ ਵਲੋਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਸਾਰੇ ਚਾਹਵਾਨ ਗੁਰਦੁਆਰਾ ਚੋਣ ਲੜਨ ਦੀ ਤਿਆਰੀ ਕਰ ਲੈਣ। ਇਸ ਚੋਣ ਨੂੰ ਜਿਤਣ ਵਾਲਿਆਂ ਵਿਚੋਂ ਹੀ ਨਗਰ ਨਿਗਮ ਲਈ ਦਲ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਇਗੀ। ਸ. ਸੁਖਬੀਰ ਸਿੰਘ ਦੀ ਇਸ ਹਿਦਾਇਤ ਨੇ ਦਿੱਲੀ ਦੇ ਬਾਦਲਕਿਆਂ ਦੀ ਪ੍ਰੇਸ਼ਾਨੀ ਵੱਧਾ ਦਿੱਤੀ ਤੇ ਉਨ੍ਹਾਂ ਆਪਣਾ ਸਾਰਾ ਜ਼ੋਰ ਗੁਰਦੁਆਰਾ ਚੋਣਾਂ ਟਲਵਾਉਣ ਤੇ ਲਾ ਦਿੱਤਾ।
ਸ. ਸਰਨਾ ਨੇ ਇਹ ਵੀ ਦਸਿਆ ਕਿ ਗੁਰਦੁਆਰਾ ਚੋਣਾਂ ਪੁਰ ਰੋਕ ਲਾਏ ਜਾਣ ਕਾਰਣ ਲੋਕਤਾਂਤ੍ਰਿਕ ਮਾਨਤਾਵਾਂ ਦੇ ਜੋ ਹਨ ਹੋਣ ਦੀ ਸੰਭਾਵਨਾ ਬਣ ਗਈ ਹੈ, ਉਸਨੂੰ ਹਾਈਕੋਰਟ ਦੇ ਡਬਲ ਬੈਂਚ ਸਾਹਮਣੇ ਚੁਨੌਤੀ ਦੇਣ ਲਈ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।