ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਐਨਆਰਓ ਮਸਲੇ ਨੂੰ ਲੈ ਕੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਖਿਲਾਫ਼ ਸਖ਼ਤ ਰਵਈਆ ਅਪਨਾਇਆ ਹੈ। ਗਿਲਾਨੀ ਦੇ ਵਿਰੁੱਧ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਚਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਜੇ ਪ੍ਰਧਾਨਮੰਤਰੀ ਗਿਲਾਨੀ ਸਵਿਸ ਅਥਾਰਟੀ ਨੂੰ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਦੁਬਾਰਾ ਖੋਲ੍ਹਣ ਲਈ ਪੱਤਰ ਲਿਖਦੇ ਹਨ ਤਾਂ ਹੀ ਉਨ੍ਹਾਂ ਦੇ ਵਿਰੁੱਧ ਉਲੰਘਣਾ ਦੀ ਕਾਰਵਾਈ ਰੁਕ ਸਕਦੀ ਹੈ।
ਸੁਪਰੀਮ ਕੋਰਟ ਦੇ ਮੁੱਖ ਜੱਜ ਇਫ਼ਤਕਾਰ ਅਲੀ ਨੇ ਕਿਹਾ ਹੈ ਕਿ ਗਿਲਾਨੀ ਦੀ ਪਾਰਟੀ ਦਾ ਮੁੱਖੀਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਿਲ ਹੈ, ਪਰ ਕੋਈ ਵੀ ਵਿਅਕਤੀ ਕਾਨੂੰਨ ਤੋਂ ਉਪਰ ਨਹੀਂ ਹੈ। ਸਵਿਸ ਅਥਾਰਟੀ ਨੂੰ ਪੱਤਰ ਲਿਖਣ ਨਾਲ ਹੀ ਦੇਸ਼ ਦੇ 60 ਮਿਲੀਅਨ ਡਾਲਰ ਵਾਪਿਸ ਆ ਸਕਦੇ ਹਨ। ਅੱਠ ਮੈਂਬਰਾਂ ਦੇ ਬੈਂਚ ਨੇ ਅਪੀਲ ਵਿੱਚੋਂ ਇਤਰਾਜ਼ਯੋਗ ਪਹਿਰਾ ਹਟਾਉਣ ਦਾ ਵੀ ਆਦੇਸ਼ ਦਿੱਤਾ। ਗਿਲਾਨੀ ਨੇ ਅਪੀਲ ਕੀਤੀ ਸੀ ਕਿ ਉਸ ਦੇ ਖਿਲਾਫ਼ ਜਾਰੀ ਨੋਟਿਸ ਨੂੰ ਵਾਪਿਸ ਲਿਆ ਜਾਵੇ।