ਫਤਿਹਗੜ੍ਹ ਸਾਹਿਬ :- “ਫਤਿਹਗੜ੍ਹ ਸਾਹਿਬ ਵਿਧਾਨ ਸਭਾ ਚੋਣ ਹਲਕੇ ਤੋ ਕਾਂਗਰਸ ਦੀ ਚੋਣ ਲੜਣ ਵਾਲੇ ਉਮੀਦਵਾਰ ਸ: ਕੁਲਜੀਤ ਸਿੰਘ ਨਾਗਰਾ ਦੇ ਵੱਡੇ ਭਰਾ ਸ਼੍ਰੀ ਨਾਗਰਾ ਨੇ ਅੱਜ ਪਿੰਡ ਤਲਾਣੀਆਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਬਲਕਾਰ ਸਿੰਘ ਜੀ ਦੀ ਭੋਗ ਰਸਮ ਉੱਤੇ ਬੋਲਦੇ ਹੋਏ ਕਿਹਾ ਕਿ ਅਸੀਂ ਵੋਟਰਾਂ ਵਿੱਚ ਬਿਲਕੁੱਲ ਵੀ ਸ਼ਰਾਬ ਨਹੀਂ ਸੀ ਵੰਡਣਾ ਚਾਹੁੰਦੇ ਲੇਕਿਨ ਲੋਕਾਂ ਨੇ ਸਾਡੇ ਕੱਪੜੇ ਪਾੜਣੇ ਸ਼ੁਰੂ ਕਰ ਦਿੱਤੇ ਕਿ ਸਾਨੂੰ ਸ਼ਰਾਬ ਦਿੱਤੀ ਜਾਵੇ, ਇਸ ਲਈ ਅਸੀਂ ਚੋਣਾਂ ਵਿੱਚ ਸ਼ਰਾਬ ਵੰਡੀ ਹੈ। ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਜੋ ਪਾਰਟੀਆਂ ਅਤੇ ਉਮੀਦਵਾਰ ਗਲਤ ਢੰਗਾਂ ਦੀ ਵਰਤੋ ਕਰਕੇ ਅਤੇ ਸਮਾਜ ਵਿੱਚ ਵਿਚਰਣ ਵਾਲੇ ਵੋਟਰਾਂ ਨੂੰ ਸ਼ਰਾਬੀ ਬਣਾ ਕੇ ਵੋਟਾਂ ਲੈਦੇ ਹੋਣ ਅਜਿਹੇ ਆਗੂ ਸਮਾਜ ਨੂੰ ਕੀ ਸੇਧ ਦੇਣਗੇ?”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਦੇ ਭਰਾ ਵੱਲੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹਾਜ਼ਰੀਨ ਸੰਗਤ ਦੇ ਸਾਹਮਣੇ ਪ੍ਰਵਾਨ ਕਰਨ ਦੀ ਗੱਲ ਨੂੰ ਚੋਣ ਕਮਿਸ਼ਨ ਪੰਜਾਬ ਨੂੰ ਲਿਖਦੇ ਹੋਏ ਅਗਲੇਰੀ ਕਾਰਵਾਈ ਕਰਨ ਵਾਲੇ ਪੱਤਰ ਵਿੱਚ ਪ੍ਰਗਟਾਏ। ਉਨ੍ਹਾ ਚੋਣ ਕਮਿਸ਼ਨ ਪੰਜਾਬ ਦੇ ਮੁੱਖ ਚੋਣ ਅਫਸਰ ਬੀਬੀ ਕੁਸਮਜੀਤ ਕੌਰ ਸਿੱਧੂ ਦੇ ਧਿਆਨ ਵਿੱਚ ਇਹ ਹੋਏ ਦੁਖਦਾਇਕ ਵਰਤਾਰੇ ਨੂੰ ਲਿਆਉਦੇ ਹੋਏ ਚੋਣ ਨਿਯਮਾਂ ਦੀ ਹੋਈ ਉਲੰਘਣਾ ਦੀ ਬਦੌਲਤ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਨਾਗਰਾ ਅਤੇ ਉਨ੍ਹਾ ਦੇ ਦਫ਼ਤਰ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਸ: ਮਾਨ ਨੇ ਇਹ ਪੱਤਰ ਚੋਣ ਕਮਿਸ਼ਨ ਨੂੰ ਲਿਖਦੇ ਹੋਏ ਸਮਾਜ ਪ੍ਰਤੀ ਜਿਮੇਵਾਰੀ ਨਿਭਾਉਣ ਵਾਲੀ ਪ੍ਰੈਸ ਅਤੇ ਸਤਿਕਾਰਯੋਗ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਜੋ ਉਮੀਦਵਾਰ ਦਾ ਭਰਾ ਪਬਲਿਕ ਵਿੱਚ ਇਹ ਪ੍ਰਵਾਨ ਕਰ ਰਿਹਾ ਹੋਵੇ ਕਿ ਉਨ੍ਹਾ ਨੇ ਚੋਣਾਂ ਵਿੱਚ ਸ਼ਰਾਬ ਵੰਡੀ ਹੈ, ਅਜਿਹੀ ਹੋਈ ਗੈਰ ਕਾਨੂੰਨੀ ਕਾਰਵਾਈ ਵਿਰੁੱਧ ਪ੍ਰੈਸ ਵਿੱਚ ਵੀ ਇਮਾਨਦਾਰੀ ਨਾਲ ਆਵਾਜ਼ ਉੱਠਣੀ ਚਾਹੀਦੀ ਹੈ ਤਾਂ ਕਿ ਚੋਣ ਹਲਕਾ ਫਤਿਹਗੜ੍ਹ ਸਾਹਿਬ ਦੇ ਵੋਟਰਾਂ ਨੂੰ ਆਪਣੇ ਹਲਕੇ ਦੇ ਉਮੀਦਵਾਰਾਂ ਦੇ ਕਿਰਦਾਰ ਦੀ ਵਾਕਫੀਅਤ ਹੋ ਸਕੇ ਅਤੇ ਇਲਾਕੇ ਦੇ ਨਿਵਾਸੀ ਮਹਿਸੂਸ ਕਰ ਸਕਣ ਕਿ ਇਸ ਚੋਣ ਹਲਕੇ ਤੋ ਲੋਕਾਂ ਦਾ ਨੁਮਾਇੰਦਾ ਬਣਨ ਦਾ ਕਿਹੜਾ ਉਮੀਦਵਾਰ ਹੱਕ ਰੱਖਦਾ ਹੈ।