ਫਤਿਹਗੜ੍ਹ ਸਾਹਿਬ :- “ਅੱਜ ਦੀਆਂ ਕਈ ਅਖਬਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਬੰਧੀ ਕੀਤੀ ਗਈ ਇਹ ਟਿੱਪਣੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ 65ਵੇਂ ਜਨਮ ਦਿਹਾੜੇ ਉਤੇ ਜਰੂਰ ਆਏ, ਪਰ ਜਦੋ ਕਵੀਸ਼ਰੀ ਜਥੇ ਨੇ ਸ: ਬਾਦਲ ਨੂੰ ਗੱਦਾਰ ਐਲਾਨ ਕੇ ਵਾਰ ਗਾਈ ਤਾਂ ਜਥੇਦਾਰ ਸਾਹਿਬ ਉੱਠ ਕੇ ਨਰਾਜ਼ ਹੋ ਕੇ ਚਲੇ ਗਏ, ਦੀ ਗੱਲ ਵਿੱਚ ਕੋਈ ਰਤੀ ਭਰ ਵੀ ਸੱਚਾਈ ਨਹੀਂ। ਜਦੋ ਕਿ ਜਥੇਦਾਰ ਸਾਹਿਬ ਅੱਧਾ ਘੰਟਾ ਮੇਰੇ ਨਾਲ ਬੈਠੇ ਰਹੇ, ਉਨ੍ਹਾ ਵੱਲੋ ਇਸ ਮਹਾਨ ਸਮਾਗਮ ਉੱਤੇ ਹਾਜ਼ਰੀ ਲਗਾਉਣਾ ਇੱਕ ਵੱਡਾ ਯੋਗਦਾਨ ਸੀ। ਉਨ੍ਹਾ ਦੇ ਚਲੇ ਜਾਣ ਦਾ ਕਾਰਨ ਉਨ੍ਹਾ ਦੇ ਕੰਨ ਵਿੱਚ ਡੂੰਘੀ ਦਰਦ ਹੋਣਾ ਸੀ ਕਿਉਂਕਿ ਜਦੋ ਮੈ 11 ਫਰਵਰੀ ਨੂੰ ਉਨ੍ਹਾ ਨੂੰ ਟੈਲੀਫੋਨ ਉੱਤੇ ਸੱਦਾ ਦਿੱਤਾ ਸੀ ਤਾਂ ਜਥੇਦਾਰ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਮੈ ਇਸ ਮਹਾਨ ਮੌਕੇ ‘ਤੇ ਜ਼ਰੂਰ ਪਹੁੰਚਾਂਗਾ ਪਰ ਮੇਰੇ ਕੰਨ ਵਿੱਚ ਪੀੜ੍ਹ ਹੋਣ ਕਾਰਨ ਮੈ ਜਿਆਦਾ ਸਮਾ ਬੈਠ ਨਹੀਂ ਸਕਾਂਗਾ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਟਿੱਪਣੀਆਂ ਨੂੰ ਮੁੱਢੋ ਹੀ ਰੱਦ ਕਰਦੇ ਹੋਏ ਸੰਗਤਾਂ ਨੂੰ ਸੱਚਾਈ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਮੁੱਚੀ ਸਿੱਖ ਕੌਮ ਅਤੇ ਜਥੇਦਾਰ ਸਾਹਿਬ ਇਹ ਡੂੰਘੀ ਜਾਣਕਾਰੀ ਰੱਖਦੇ ਹਨ ਕਿ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਵੱਲੋ ਸਾਨੂੰ ਢਾਡੀ ਵਾਰਾ ਦੀ ਬਖਸ਼ਿਸ ਕੀਤੀ ਗਈ ਰਵਾਇਤ ਰਾਹੀਂ ਸਿੱਖ ਕੌਮ ਦੇ ਢਾਡੀ ਜਥੇ ਕਦੀ ਵੀ ਸੱਚ ਕਹਿਣ ਤੋ ਨਹੀਂ ਝਿਜਕਦੇ। ਇਸ ਲਈ ਜਥੇਦਾਰ ਸਾਹਿਬ ਨੂੰ ਢਾਡੀਆਂ ਦੀ ਉਸ ਵਾਰ ਤੋ ਗਿਲਾ ਸ਼ਿਕਵਾ ਕਿਵੇ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਮੈਂ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਵੀ ਇਸ ਮਹਾਨ ਮੌਕੇ ‘ਤੇ ਪਹੁੰਚਣ ਦੀ ਬੇਨਤੀ ਕੀਤੀ ਸੀ। ਪਰ ਅਸੀਂ ਧੰਨਵਾਦੀ ਹਾਂ ਗਿਆਨੀ ਗੁਰਬਚਨ ਸਿੰਘ ਜੀ ਦੇ ਜਿਨ੍ਹਾ ਨੇ ਇਸ ਮਹਾਨ ਦਿਨ ‘ਤੇ ਸਮੂਲੀਅਤ ਕਰਕੇ ਆਪਣੀ ਕੌਮੀ ਜ਼ਿੰਮੇਵਾਰੀ ਨੂੰ ਨਿਭਾਉਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਮਿਸ਼ਨ ਨੂੰ ਬਲ ਬਖਸਿਆ।