ਅੰਮ੍ਰਿਤਸਰ:- ਰਾਜਸਥਾਨ ਦੇ ਗੰਗਾਨਗਰ ਜਿਲੇ ‘ਚ ਪੈਂਦੇ ਕਸਬਾ ਪੀਲੀ ਬੰਗਾ ਦੇ ਡੇਰੇ ਵਿੱਚੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਲੈ ਜਾ ਕੇ ਤੇਜਾ ਖੇੜਾ ਮਾਈਨਰ (ਪਾਣੀ ਵਾਲੇ ਸੂਏ) ‘ਚ ਸੁੱਟੇ ਜਾਣ ਦੀ ਹਿਰਦੇ-ਵੇਦਕ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੰਭੀਰ ਨੋਟਿਸ ਲੈਦਿਆਂ ਰਾਜਸਥਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਰਲੀਜ ‘ਚ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਰਾਜਸਥਾਨ ਦੇ ਗੰਗਾਨਗਰ ਜਿਲੇ ‘ਚ ਕਸਬਾ ਪੀਲੀ ਬੰਗਾ ‘ਚ ਇਕ ਅਖੌਤੀ ਸਾਧ ਸੂਰਜਮੁਨੀ ਦਾ ਡੇਰੇ ਪ੍ਰਤੀ ਕਿਸੇ ਨਾਲ ਝਗੜਾ ਚਲਦਾ ਸੀ, ਜਿਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡੇਰੇ ‘ਚੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਜਾ ਕੇ ਤੇਜਾਖੇੜਾ ਮਾਈਨਰ (ਪਾਣੀ ਵਾਲੇ ਸੂਏ) ਵਿੱਚ ਸੁੱਟ ਦਿੱਤੇ ਗਏ ਜੋ ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ਤੇ ਚੌਟਾਲੇ ਪਿੰਡ ਦੇ ਨਜਦੀਕ ਪਿੰਡ ਸਿੱਖਾਂ ਵਾਲੀ ਢਾਣੀ ਕੋਲ ਬੇਲਦਾਰ ਪ੍ਰਵੀਨ ਕੁਮਾਰ ਨੇ ਦੇਖੇ ਗਏ ਤੇ ਉਸ ਵੱਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਇਸ ਹਿਰਦੇ-ਵੇਦਕ ਘਟਨਾ ਦੀ ਜਾਣਕਾਰੀ ਦਿਤੀ ਗਈ।
ਸਿੱਖ ਸੰਗਤਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਤੇਜਾਖੇੜਾ ਮਾਈਨਰ ਚੋਂ ਬਾਹਰ ਕੱਢ ਕਿ ਪਿੰਡ ਢਾਣੀ ਦੇ ਗੁਰਦੁਆਰਾ ਸਾਹਿਬ ‘ਚ ਅਦਬ ਸਤਿਕਾਰ ਨਾਲ ਲਿਆਦਾ ਗਿਆ ਹੈ। ਇਸ ਨਾ ਸਹਾਰਨਯੋਗ ਘਟਨਾ ਦਾ ਪਤਾ ਲਗਦਿਆਂ ਸਾਰ ਹੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜ ਪਿਆਰੇ ਸਾਹਿਬਾਨ ਵੀ ਘਟਨਾ ਸਥਾਨ ਤੇ ਪਹੁੰਚ ਗਏ ਹਨ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਘਟਨਾ ਦਾ ਪਤਾ ਚੱਲਦਿਆਂ ਸਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਐਡੀ:ਸਕੱਤਰ ਸ.ਸਤਬੀਰ ਸਿੰਘ ਦੀ ਅਗਵਾਈ ‘ਚ ਟੀਮ ਘਟਨਾ ਦੀ ਮੁਕੰਮਲ ਜਾਣਕਾਰੀ ਲੈਣ ਲਈ ਰਾਜਸਥਾਨ ਪਹੁੰਚ ਗਈ ਹੈ ਤੇ ਉਥੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਸਬਾ ਪੀਲੀ ਬੰਗਾ ਦੇ ਥਾਣੇ ਵਿਚ ਅਖੌਤੀ ਡੇਰੇ ਦੇ ਮੁੱਖੀ ਸੁਰਜਮੁਨੀ ਖਿਲਾਫ ਧਾਰਾ 153, 295, 295 ਏ ਤਹਿਤ ਐਫ.ਆਈ.ਆਰ ਨੰ: 79 ਮਿਤੀ 15-02-2012 ਦਰਜ ਕਰਵਾ ਦਿਤੀ ਗਈ ਹੈ ਤੇ ਅਖੌਤੀ ਸੁਰਜਮੁਨੀ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਉਨ੍ਹਾਂ ਰਾਜਸਥਾਨ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹੇ ਮੁਜਰਮਾਨਾਂ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਆਪਣੇ ਨਿੱਜੀ ਮੁਫਾਦਾਂ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਤਾਂ ਲੈਂਦੇ ਹਨ ਪ੍ਰੰਤੂ ਮਰਯਾਦਾ ਦਾ ਰਤੀ ਭਰ ਵੀ ਖਿਆਲ ਨਹੀਂ ਰੱਖਦੇ ਰਾਜਸਥਾਨ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰਜਮੁਨੀ ਦੇ ਡੇਰੇ ਵਿਚੋਂ ਚੁੱਕ ਕੇ ਲੈ ਗਏ ਸਨ ਉਨ੍ਹਾਂ ਦੀ ਭਾਲ ਕਰਕੇ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ ਤੇ ਜਿਹੜੇ-ਜਿਹੜੇ ਵਿਅਕਤੀ ਇਸ ਹਿਰਦੇ ਵੇਦਕ ਘਟਨਾ ਲਈ ਜਿੰਮੇਵਾਰ ਹਨ ਉਨ੍ਹਾਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕਲੇ ਸਿੱਖਾਂ ਦੇ ਹੀ ਗੁਰੂ ਨਹੀਂ ਹਨ ਬਲਕਿ ਸਮੁੱਚੀ ਲੋਕਾਈ ਦੇ ਮਾਲਕ ਹਨ ਕੁਝ ਫਿਰਕਾ ਪ੍ਰਸਤ ਲੋਕ ਜਿਨਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਉਹੀ ਸ਼ਰਾਰਤੀ ਅਨਸਰ ਅਜਿਹੀਆਂ ਹਿਰਦੇ-ਵੇਦਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਕਿ ਸਤਿਗੁਰੂ ਅਗੇ ਅਰਦਾਸ ਕਰਨ ਕਿ ਸਤਿਗੁਰੂ ਅਜਿਹੇ ਵਿਅਕਤੀਆਂ ਨੂੰ ਸੁਮੱਤ ਬਖਸ਼ੇ।