ਨਵੀਂ ਦਿੱਲੀ-ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਕਬਜਾ ਜਮਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਦਿੱਲੀ ਦੇ ਜਾਗਰੂਕ ਸਿੱਖ ਸ੍ਰ: ਬਾਦਲ ਦੀ ਪੰਜਾਬ ਹੇਠਲੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਵਿੱਚ ਮਚਾਈ ਧਾਂਦਲੀ ਅਤੇ ਪੰਜਾਬ ਵਿੱਚ ਫੈਲਾਏ ਪਤਿੱਤਪੁਣੇ ਤੋਂ ਪੂਰੀ ਤਰ੍ਹਾਂ ਜਾਣੂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਵਿਦੇਸ਼ ਫੇਰੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦਿੱਲੀ ਦੇ ਗੁਰਧਾਮਾਂ ਉਪਰ ਕਾਂਗਰਸ ਦਾ ਕਬਜਾ ਹੋਣ ਦੀ ਗੁਹਾਰ ਤਾਂ ਲਗਾਉਂਦੇ ਹਨ, ਲੇਕਿਨ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਭਾਜਪਾ ਆਗੂਆਂ ਦੀ ਮੌਜੂਦਗੀ ਵਿੱਚ ਉਹ ਦਾਅਵੇ ਕਰ ਰਹੇ ਹਨ ਉਹ ਭਾਜਪਾ ਨਾ ਤਾਂ ਸਿੱਖ ਧਰਮ ਦੀ ਅੱਡਰੀ ਹੋਂਦ ਨੂੰ ਸਵੀਕਾਰ ਕਰਦੀ ਹੈ ਅਤੇ ਨਾ ਹੀ ਸਿੱਖ ਗੁਰੂ ਸਾਹਿਬਾਨ ਦੇ ਪੈਗੰਬਰੀ ਰੁਤਬੇ ਨੂੰ ਪ੍ਰਵਾਨ ਕਰਦੀ ਹੈ। ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸੱਤਾ ਤੇ ਕਾਬਜ ਰਹਿੰਦਿਆਂ ਜਿਸ ਤਰ੍ਹਾਂ 2011 ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਈਆਂ, ਉਸ ਤੋਂ ਦਿੱਲੀ ਦੇ ਸਿੱਖ ਤਾਂ ਇੱਕ ਪਾਸੇ ਸਮੁੱਚੇ ਸੰਸਾਰ ਦੇ ਲੋਕ ਜਾਣ ਗਏ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਿਸ ਤਰ੍ਹਾਂ ਪਤਿੱਤਾਂ, ਇਸਾਈਆਂ, ਮੁਸਲਮਾਨਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਭੁਗਤਾਈਆਂ ਗਈਆਂ ਅਤੇ ਪੰਜਾਬ ਦੀ ਅਕਾਲੀ ਕਹਾਉਣ ਵਾਲੀ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋˆ ਕੀਤੀ ਗਈ। ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਬੰਧ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਵਿੱਚ ਪਤਿੱਤਪੁਣਾ ਅਤੇ ਨਸ਼ਿਆਂ ਦਾ ਰੁਝਾਨ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਇਸ ਵਕਤ ਪੰਜਾਬ ਵਿੱਚ 90 ਫੀਸਦੀ ਨੌਜੁਆਨ ਪਤਿੱਤ ਹਨ, ਜਦਕਿ ਨਸ਼ਿਆਂ ਦਾ ਵਪਾਰ ਕਰਨ ਵਾਲੇ ਜਿਆਦਾਤਰ ਅਕਾਲੀ ਦਲ ਨਾਲ ਹੀ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਚੋਣ ਸਮੇਂ ਹੀ ਉਮੀਦਵਾਰਾਂ ਦੀ ਲਿਸਟ ਵਿੱਚ ਬਾਦਲ ਦਲ ਦੇ 14 ਉਮੀਦਵਾਰ ਐਸੇ ਸਨ ਜੋ ਪਤਿੱਤ ਸਨ। ਉਨ੍ਹਾਂ ਦੱਸਿਆ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋˆ ਕੀਤੇ ਗਏ ਹਰ ਵਿਕਾਸ ਕਾਰਜ ਅਤੇ ਵਿਕਾਸ ਪ੍ਰੋਜੈਕਟ ਦਾ ਵਿਰੋਧ ਕਰਦੀ ਰਹੀ ਹੈ ਅਤੇ ਇੱਕ ਸਾਜਿਸ਼ ਤਹਿਤ ਕਮੇਟੀ ਵੱਲੋˆ ਸ਼ੁਰੂ ਕੀਤੇ ਜਾ ਰਹੇ ਹਸਪਤਾਲ ਖਿਲਾਫ ਪ੍ਰਚਾਰ ਕਰ ਰਹੀ ਹੈ, ਜਦਕਿ ਅਸਲੀਅਤ ਵਿੱਚ ਸ੍ਰ: ਬਾਦਲ ਅਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਅਤੇ ਮੀਰੀ ਪੀਰੀ ਮੈਡੀਕਲ ਕਾਲਜ ਨੂੰ ਚਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰ: ਬਾਦਲ ਇੰਨ੍ਹਾਂ ਦੋਨਾਂ ਕਾਲਜਾਂ ਵਿੱਚ ਟਰੱਸਟੀ ਹਨ ਅਤੇ ਇਸਦੇ ਬਾਵਜੂਦ ਗੁਰੂ ਰਾਮ ਦਾਸ ਮੈਡੀਕਲ ਕਾਲਜ ਨੂੰ ਬੈਂਕ ਪਾਸੋਂ ਕਰਜਾ ਲੈਣਾ ਪਿਆ ਅਤੇ ਮੀਰੀ ਪੀਰੀ ਮੈਡੀਕਲ ਕਾਲਜ ਅਜੇ ਤੱਕ ਨੇਪਰੇ ਨਹੀਂ ਚੜ ਸਕਿਆ। ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਬਾਦਲ ਤਾਂ ਪਾਰਟੀ ਦੇ ਚਹੇਤਿਆਂ ਪਾਸੋਂ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀਆਂ ਬਕਾਇਆ ਫੀਸਾਂ ਵੀ ਨਹੀਂ ਵਸੂਲ ਸਕੇ, ਜਦਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋˆ ਚਲਾਏ ਜਾਣ ਵਾਲੇ ਹਸਪਤਾਲ ਵਾਸਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਾਹਿਰ ਲੋਕਾਂ ਦੀ ਮਦਦ ਲਈ ਜਾ ਰਹੀ ਹੈ, ਗਰੀਬ ਲੋਕਾਂ ਲਈ ਮੁਫਤ ਇਲਾਜ਼ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਹਸਪਤਾਲ ਚਲਾਉਣ ਵਾਲਿਆਂ ਪਾਸੋਂ ਵਿਦਿਅਕ ਸੰਸਥਾਨਾਂ ਦੀ ਬਿਹਤਰੀ ਲਈ ਫੰਡ ਵੀ ਵਸੂਲੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰ: ਬਾਦਲ ਦੇ ਚਹੇਤੇ ਤਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਵਿਕਾਸ ਅਤੇ ਵਿਸਥਾਰ ਦੇ ਰਾਹ ਵਿੱਚ ਰੌੜਾ ਬਣ ਰਹੇ ਸਨ, ਲੇਕਿਨ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੀ ਖੂਬਸੂਰਤ ਅਤੇ ਦਿੱਲ ਖਿੱਚਵੀਂ ਦਿੱਖ, ਪਾਰਕਿੰਗ ਸਹੂਲਤਾਂ ਵਿਰੋਧੀਆਂ ਦੇ ਮੂੰਹ ਤੇ ਕਰਾਰੀ ਚਪੇੜ ਹਨ। ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਬਾਦਲ ਨੇ ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਸ਼੍ਰੋਮਣੀ ਕਮੇਟੀ ਤੇ ਕਬਜਾ ਕਰਕੇ ਸ਼ਾਇਦ ਇਹ ਸਮਝਿਆ ਹੋਵੇ ਕਿ ਇਹ ਬਾਦਲ ਦਲ ਦੀ ਅਹਿਮ ਪ੍ਰਾਪਤੀ ਹੈ, ਲੇਕਿਨ ਇਹ ਬੇਹਯਾਈ ਅਤੇ ਬੇਸ਼ਰਮੀ ਦਾ ਪ੍ਰਗਟਾਵਾ ਹੈ, ਲੇਕਿਨ ਸੱਚ ਛੇਤੀ ਹੀ ਸਾਹਮਣੇ ਆ ਜਾਵੇਗਾ ਜਦੋਂ 2011 ਵਾਲੀ ਕਮੇਟੀ ਚੋਣ ਨੇੜਲੇ ਭਵਿੱਖ ਵਿੱਚ ਦੁਬਾਰਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰ: ਬਾਦਲ ਦਿੱਲੀ ਵਿੱਚ ਗੁਰਧਾਮਾਂ ਦੇ ਭ੍ਰਿਸ਼ਟਾਚਾਰ ਦੀ ਗੱਲ ਤਾਂ ਕਰਦੇ ਹਨ, ਲੇਕਿਨ ਉਨ੍ਹਾਂ ਵੱਲੋਂ ਥਾਪੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਇੱਕ ਕਰੋੜ ਚੌਂਹਠ ਲੱਖ ਰੁਪਏ ਦਾ ਪੀਤਾ ਗਿਆ ਪੈਟਰੋਲ ਉਨ੍ਹਾਂ ਨੂੰ ਕਦੇ ਯਾਦ ਨਹੀਂ ਆਇਆ, ਜਦਕਿ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰ ਆਪਣੀਆਂ ਨਿੱਜੀ ਗੱਡੀਆਂ ਦੀ ਵਰਤੋਂ ਕਰਦੇ ਹਨ ਅਤੇ ਸਾਲ ਬਾਅਦ ਜਾਣੇ-ਅਣਜਾਣੇ ਵਿੱਚ ਪੀਤੀ ਗਈ ਚਾਹ ਲਈ ਵੀ ਗੁਰੂ ਦੀ ਗੋਲਕ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਹਨ।
ਬਾਦਲ ਨੂੰ ਡੀਐਸਜੀਪੀਸੀ ਦਿੱਲੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਕਬਜਾ ਜਮਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ-ਕਲਕੱਤਾ
This entry was posted in ਭਾਰਤ.