ਦੀਪ ਜਗਦੀਪ ਸਿੰਘ, ਨਵੀਂ ਦਿੱਲੀ
“ਸਾਰੇ ਪੁਆੜੇ ਦੀ ਜੜ੍ਹ ਪੰਜਾਬੀ ਨੇ, ਜੇ ਇਨ੍ਹਾਂ ਨੂੰ ਖਿੱਤੇ ’ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹਿੰਂਦ-ਪਾਕ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਤਾਂ ਆਲੂਆਂ ਪਿਆਜਾਂ ਦੇ ਭਾਅ ਵਿਚ ਵੀ ਫਸੇ ਰਹਿੰਦੇ ਨੇ ਇਨ੍ਹਾਂ ਨੇ ਦੇਸ਼-ਦੁਨੀਆਂ ਦਾ ਕੀ ਸੁਆਰਨਾ ਏ”
ਇਹ ਗੱਲ੍ਹ ਖੁਦ ਨੂੰ ਅੰਗਰੇਜ਼ੀ ਦਾ ਮਸ਼ਹੂਰ ਲੇਖਕ ਅਖਵਾਉਣ ਵਾਲਾ ਓਕਾੜਾ (ਪਾਕਿਸਤਾਨ) ਦਾ ਰਹਿਣ ਵਾਲਾ ’ਇਲੀਟ’ ਅੰਗਰੇਜ਼ੀ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਹਿ ਕੇ ਕਰ ਰਿਹਾ ਸੀ ਅਤੇ ਪੂਰੇ ਭਾਰਤੀ ਉਪ-ਮਹਾਂਦੀਪ ਦੀਆਂ ਸਮਸਿਆਵਾਂ ਦਾ ਸਾਰਾ ਦੋਸ਼ ਪੰਜਾਬੀਆਂ ਦੇ ਮੱਥੇ ਮੜ੍ਹ ਰਿਹਾ ਸੀ। ਸਿਤਮ ਤਾਂ ਇਹ ਸੀ ਕਿ ਇਹ ਸਭ ਕੁਝ ਉਹ ਆਪਣੀ ਨਵੀਂ ਕਿਤਾਬ ਦੇ ਪ੍ਰਚਾਰ ਲਈ ਰੱਖੀ ਹੋਈ ਜਨਤਕ ਸਭਾ ਵਿਚ ਬੋਲ ਰਿਹਾ ਸੀ, ਜਿਸ ਵਿਚ ਮਸ਼ਹੂਰ ਪੱਤਰਕਾਰ ਬਰਖਾ ਦੱਤ ਉਸ ਤੋਂ ਸਵਾਲ ਪੁੱਛ ਰਹੀ ਸੀ ਅਤੇ ਦਿੱਲੀ ਦੇ ਕਈ ਪਤਵੰਤੇ ਦਰਸ਼ਕਾਂ ਵਿਚ ਸ਼ਾਮਿਲ ਸਨ। ਅਫ਼ਸੋਸ ਦੀ ਗੱਲ ਇਹ ਵੀ ਸੀ ਕਿ ਇਨ੍ਹਾਂ ਦਰਸ਼ਕਾਂ ਵਿਚ ਕਈ ਪੰਜਾਬੀ ਚਿਹਰੇ ਵੀ ਸਨ, ਜੋ ਉਸ ਦੀਆਂ ਇਨ੍ਹਾਂ ਗੱਲਾਂ ਤੇ ’ਹਿੜ-ਹਿੜ’ ਕਰ ਰਹੇ ਸਨ। ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਹੰਮਦ ਹਨੀਫ਼ ਆਪ ਪੰਜਾਬੀ ਹੈ। ਉਂਝ ਦਿਖਾਉਣ ਲਈ ਹਨੀਫ਼ ਨੇ ਇਹ ਗੱਲ ਹਾਸੇ ਵਿਚ ਪਾ ਦਿੱਤੀ ਸੀ, ਪਰ ਉਹ ਇਸ ਗੱਲ ਲਈ ਪੂਰੀ ਤਰ੍ਹਾਂ ਬਜਿਦ ਸੀ ਕਿ ’ਅਸਲੀ’ ਪੁਆੜੇ ਦੀ ਜੜ੍ਹ ਪੰਜਾਬੀ ਹੀ ਹਨ। ਅਸਲ ਵਿਚ ਇਹ ਉਹੀ ਮਾਨਸਿਕਤਾ ਹੈ ਜਿਸ ਵਿਚ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਪੜ੍ਹਨ ਗਿਆ ਕੋਈ ਵੀ ਪੰਜਾਬੀ ਨੌਜਵਾਨ ਜਦੋਂ ਬਾਹਰ ਰਹਿ ਕੇ ਲੱਖਾਂ ’ਡਾਲੇ’ ਕਮਾਂ ਲੈਂਦਾ ਹੈ ਤਾਂ ਉਸ ਨੂੰ ਦੇਸ਼ ਵਿਚ ਆਪਣਾ ਪਿੰਡ, ਸ਼ਹਿਰ ਅਤੇ ਦੇਸ਼ ’ਗੰਦ’ ਹੀ ਲੱਗਣ ਲੱਗ ਜਾਂਦੇ ਹਨ। ਜਦੋਂ ਉਹ ਵੱਡੇ-ਵੱਡੇ ਆਲੀਸ਼ਾਨ ਦਫ਼ਤਰਾਂ ਵਿਚ ਬਹਿ ਕੇ ਦੇਸ਼-ਦੁਨੀਆਂ ਦੇ ਕਾਰੋਬਾਰ ਦੀਆਂ ਗੱਲਾਂ ਕਰਨ-ਸੁਣਨ ਲੱਗ ਜਾਂਦਾ ਹੈ ਤਾਂ ਉਸ ਨੂੰ ਆਪਣੇ ਪਿੰਡ ਦੀ ਸੱਥ ਵਿਚ ਆਲੂ-ਪਿਆਜਾਂ ਦੀ ਵੱਧਦੀ ਕੀਮਤ ਬਾਰੇ ਗੱਲਾਂ ਕਰਦੇ ਲੋਕ ’ਮੂਰਖ’ ਜਾਪਣ ਲੱਗਦੇ ਹਨ। ਹੋਰ ਤਾਂ ਹੋਰ ਦੁਨੀਆਂ ਦੀ ਚਕਾਚੌਂਧ ਵਿਚ ਗੁਆਚ ਕੇ ਬਣੇ ’ਗਲੋਬਲ ਬਾਸ਼ਿੰਦੇ’ ਨੂੰ ਆਪਣੀ ਕੌਮ ਅਤੇ ਉਸ ਦੇ ਲੋਕ ਵੀ ਮਾੜੇ ਲੱਗਣ ਲੱਗ ਜਾਂਦੇ ਨੇ।
ਮੁਹੰਮਦ ਹਨੀਫ਼ ਕਦੇ ਭਰਵੀਂ ਪੰਜਾਬੀ ਵੱਸੋਂ ਵਾਲੇ ਇਲਾਕੇ ਮਿੰਟਗੁੰਮਰੀ ਦਾ ਹਿੱਸਾ ਰਹੇ ਓਕਾੜਾ ਸ਼ਹਿਰ ਦਾ ਰਹਿਣ ਵਾਲਾ ਹੈ। ਇਥੇ ਦੀ ਜਿਆਦਾ ਵੱਸੋਂ ਅੱਜ ਵੀ ਖੇਤੀ-ਬਾੜੀ ਅਤੇ ਡੇਅਰੀ ਧੰਧੇ ਨਾਲ ਜੁੜੀ ਹੋਈ ਹੈ। ਹਨੀਫ਼ ਇਸੇ ਇਲਾਕੇ ਦੇ ਇਕ ਪਿੰਡ ਵਿੱਚ ਪੰਜਾਬੀ ਪਰਿਵਾਰ ਵਿਚ ਜੰਮਿਆਂ ਅਤੇ ਪਾਕਿਸਤਾਨ ਦੀ ਏਅਰ ਫੋਰਸ ਅਕਾਦਮੀ ਤੋਂ ਪੜ੍ਹਾਈ ਕਰ ਕੇ ਹਵਾਈ ਫੌਜ ਦਾ ਅਫ਼ਸਰ ਬਣਿਆ। ਫ਼ਿਰ ਇਹ ਨੌਕਰੀ ਛੱਡ ਕੇ ਉਹ ਪੱਤਰਕਾਰੀ ਕਰਨ ਲੱਗ ਪਿਆ। ਸਨ 1996 ਵਿਚ ਉਹ ਬੀਬੀਸੀ ਦੀ ਨੌਕਰੀ ਕਰਨ ਲਈ ਲੰਡਨ ਚਲਾ ਗਿਆ ਅਤੇ ਇਸ ਦੀ ਉਰਦੂ ਸ਼ਾਖਾ ਦਾ ਮੁਖੀ ਬਣਿਆ।ਵਿਲਾਇਤ ਦੀ ਇਕ ਯੂਨਵਰਸਿਟੀ ਤੋਂ ਸੰਨ 2005 ਵਿਚ ਉਸ ਨੇ ਡਿਗਰੀ ਕੀਤੀ ਅਤੇ 2008 ਵਿਚ ਪਾਕਿਸਤਾਨ ਵਾਪਿਸ ਆ ਗਿਆ। ਸੰਨ 2008 ਵਿਚ ਉਸ ਨੇ ਜਨਰਲ ਜਿਆ ਉਲ ਹੱਕ ਦੀ ਹਵਾਈ ਹਾਦਸੇ ਵਿਚ ਮੌਤ ਦੀ ਘਟਨਾ ਤੇ ਆਧਾਰਿਤ ਇਕ ਵਿਅੰਗਮਈ ਨਾਵਲ ’ਅ ਕੇਸ ਆਫ਼ ਐਕਸਪਲੋਡਿੰਗ ਮੈਂਗੋਸ’ ਲਿਖਿਆ। ਇਸ ਨਾਵਲ ਵਿਚ ਕੀਤੀਆਂ ਕਈ ਵਿਵਾਦਮਈ ਟਿੱਪਣੀਆਂ ਕਰ ਕੇ ਉਹ ਰਾਤੋ ਰਾਤ ਚਰਚਾ ਵਿਚ ਆ ਗਿਆ।
ਹਨੀਫ਼ ਬਾਰੇ ਮੈਂ ਇਹ ਸਾਰੀ ਜਾਣਕਾਰੀ ਉਸ ਦੀ ਪ੍ਰਸੰਸਾ ਕਰਨ ਲਈ ਨਹੀਂ ਦਿੱਤੀ, ਬਲਕਿ ਉਸ ਦੇ ਇਤਿਹਾਸ ਤੇ ਇਕ ਪੰਛੀ ਝਾਤ ਮਾਰਨ ਦੀ ਕੌਸ਼ਿਸ਼ ਕੀਤੀ ਹੈ। ਭਰੀ ਮਹਿਫ਼ਿਲ ਵਿਚ ਪੰਜਾਬੀਆਂ ਨੂੰ ਖਿੱਤੇ ਵਿਚੋਂ ਬਾਹਰ ਕੱਢ ਦੇਣ ਦਾ ਹਾਸੋਹੀਣਾ ’ਫ਼ਤਵਾ’ ਦੇਣ ਵਾਲੀ ਉਸ ਦੀ ਗੱਲ ਸੁਣ ਕੇ ਮੈਂ ਸੋਚਿਆ ਕਿਉਂ ਨਾ ਉਸ ਨਾਲ ਇਸ ਮਸਲੇ ਬਾਰੇ ਗੰਭੀਰ ਚਰਚਾ ਕੀਤੀ ਜਾਵੇ, ਸੋ ਮਹਿਫ਼ਿਲ ਤੋਂ ਬਾਅਦ ਮੈਂ ਉਸ ਨਾਲ ਗੱਲਬਾਤ ਕੀਤੀ। ਜਦ ਮੈਂ ਉਸ ਤੋਂ ਪੰਜਾਬੀਆਂ ਬਾਰੇ ਇਹ ਟਿੱਪਣੀ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਸਨੂੰ ਪੂਰੇ ਖਿੱਤੇ ਬਾਰੇ ਨਹੀਂ ਪਤਾ। ਉਹ ਤਾਂ ਪਾਕਿਸਤਾਨ ਵਾਲੇ ਹਿੱਸੇ ਦੀ ਹੀ ਗੱਲ ਕਰ ਸਕਦਾ ਹੈ। ਉਸ ਦਾ ਮੰਨਣਾ ਹੈ ਕਿ ਪਾਕਿਸਤਾਨੀ ਫੌਜ ਅਤੇ ਸਿਆਸਤਦਾਨਾਂ ਦਾ ਵੱਡਾ ਹਿੱਸਾ ਪੰਜਾਬੀਆਂ ਦਾ ਹੈ ਅਤੇ ਇਹੀ ਸਾਰੇ ’ਪੁਆੜੇ’ ਦੀ ਜੜ੍ਹ ਹਨ। ਇਹ ਦੋਹਾਂ ਦੇਸ਼ਾਂ ਅਤੇ ਖਿੱਤੇ ਵਿਚ ਅਮਨ ਨਹੀਂ ਹੋਣ ਦੇ ਰਹੇ। ਜਦ ਇਹ ਗੱਲ ਤੁਰੀ ਕਿ ਦੋਹਾਂ ਪਾਸਿਆਂ ਦੇ ਆਮ ਪੰਜਾਬੀ ਤਾਂ ਖਿੱਤੇ ਵਿਚ ਅਮਨ ਲਈ ਸਾਂਝੀਆਂ ਕੌਸ਼ਿਸ਼ਾਂ ਕਰ ਰਹੇ ਹਨ ਅਤੇ ਸਰਹੱਦ ਦੇ ਆਰ-ਪਾਰ ਦੋਸਤਾਂ ਵਾਂਗ ਰਹਿਣਾ ਚਾਹੁੰਦੇ ਹਨ। ਆਪਸ ਵਿਚ ਵਪਾਰ ਕਰਨਾ ਚਾਹੁੰਦੇ ਹਨ। ਪੁਰਾਣੀਆਂ ਸਾਂਝਾਂ ਨੂੰ ਮੁੜ ਜੋੜਨਾ ਚਾਹੁੰਦੇ ਹਨ ਤਾਂ ਉਸ ਦਾ ਜਵਾਬ ਸੀ, ਫਿਰ ਉਹ ਆਪਣਾ ਵੱਖਰਾ ’ਇਲਾਕਾ’ ਬਣਾ ਲੈਣ। ਉਸਦਾ ਕਹਿਣਾ ਸੀ ਕਿ ਜਦ ਪੰਜਾਬੀ (ਫੌਜੀ ਅਤੇ ਸਿਆਸਤਦਾਨ) ਆਪਣੇ ਦੇਸ਼ ਅੰਦਰ ਹੀ ਪੰਜਾਬੀਆਂ (ਆਮ ਲੋਕਾਂ) ਨੂੰ ਜੀਣ ਨਹੀਂ ਦਿੰਦੇ। ਆਪੋ ਵਿਚ ਹੀ ਲੜੀ ਜਾ ਰਹੇ ਨੇ ਤਾਂ ਸਰਹੱਦੋਂ ਆਰ-ਪਾਰ ਦੀ ਦੋਸਤੀ ਦਾ ਕੀ ਫਾਇਦਾ।
ਮੈਨੂੰ ਇਹ ਸੋਚ ਕੇ ਹੈਰਾਨੀ ਹੋਈ ਕਿ ਇਕ ਲੇਖਕ ਆਪਣੇ ਲੋਕਾਂ ਪ੍ਰਤਿ ਇਨ੍ਹਾਂ ਗੈਰ-ਜਿੰਮੇਵਰਾਨਾ ਰਵੱਈਆ ਕਿਵੇਂ ਅਖ਼ਤਿਆਰ ਕਰ ਸਕਦਾ ਹੈ। ਕੀ ਉਸ ਨੂੰ ਨਹੀਂ ਪਤਾ ਕਿ ਸਿਆਸਤਦਾਨ ਤਾਂ ਹਮੇਸ਼ਾ ਹੀ ਆਮ ਲੋਕਾਂ ਦੀ ਸਾਂਝ ਅਤੇ ਦੋਸਤੀ ਦੇ ਦੁਸ਼ਮਨ ਰਹੇ ਹਨ ਅਤੇ ਆਪਣੇ ਵੋਟ ਬੈਂਕ ਖਾਤਰ ਉਨ੍ਹਾਂ ਨੂੰ ਪਾੜਦੇ ਰਹੇ ਹਨ। ਕੀ ਸਿਆਸਦਾਨਾਂ ਦੀਆਂ ਮਾੜੀਆਂ ਨੀਤੀਆਂ ਕਰ ਕੇ ਆਮ ਪੰਜਾਬੀ ਆਪੋ ਵਿਚਲੀ ਸਾਂਝ ਹੀ ਖਤਮ ਕਰ ਦੇਣ ਜਾਂ ਫਿਰ ਇਸ ਸਾਂਝ ਖਾਤਰ ਆਪਣੀ ਮਿੱਟੀ, ਆਪਣੇ ਖਿੱਤੇ ਵਿਚੋਂ ਬੇਦਖ਼ਲ ਕਰ ਦਿੱਤੇ ਜਾਣ। ਖਿੱਤੇ ਦੇ ਸਿਆਸੀ ’ਪੁਆੜਿਆਂ’ ਦਾ ਹੱਲ ਕੱਢਣ ਲਈ ਇਕ ਵਾਰ ਫੇਰ ਲਹੂ-ਲੁਹਾਨ ਹੋ ਜਾਣ। ਇਸੇ ਸੋਚ ਨੇ ਤਾਂ ਧਰਤੀ ਦੀ ਹਿੱਕ ਤੇ ਪਾਕਿਸਤਾਨ ਅਤੇ ਬੰਗਲਾ ਦੇਸ਼ ਵਰਗੇ ਫੱਟ ਲਾਏ ਸਨ। ਜਿਸ ਵਿੱਚੋਂ ਲੱਖਾਂ ਮਾਸੂਮ ਲੋਕਾਂ ਦਾ ਲਹੂ ਡੁੱਲਿਆ ਸੀ। ਕੀ ਇਸ ਤਰ੍ਹਾਂ ਸਾਰੇ ਪੁਆੜੇ ਮੁੱਕ ਗਏ? ਮੇਰੀ ਸੋਚ ਮੁਤਾਬਿਕ ਪੁਆੜਿਆਂ ਦੀ ਜੜ੍ਹ ਪੰਜਾਬੀ ਨਹੀਂ, ਪੰਜਾਬੀਆਂ ਨੂੰ ਆਪੋ-ਵਿਚ ਲੜਾਉਣ ਵਾਲੇ ਉਹ ਸਾਰੇ ਲੋਕ ਹਨ ਜੋ ਆਪਣੇ ਨਿਜੀ ਮੁਫ਼ਾਦਾ ਖਾਤਿਰ ਸਾਨੂੰ ਕਦੇ ਇਕੱਠੇ ਬਹਿਣ ਨਹੀਂ ਦੇਣਾ ਚਾਹੁੰਦੇ। ਅਫ਼ਸੋਸ ਹਨੀਫ਼ ਵਰਗੇ ਲੇਖਕ ਆਪਣੀ ਜਿੰਮੇਵਾਰੀ ਸਮਝਣ ਦੀ ਬਜਾਇ ਫੋਕੀ ਸ਼ੋਹਰਤ ਤੇ ਤਾੜੀਆਂ ਬਟੋਰਨ ਖਾਤਰ ਫੂਹੜਤਾ ਭਰੀਆਂ ਹਾਸੋਹੀਣੀਆਂ ਗੱਲਾਂ ਦੇਸ਼ ਦੀ ਰਾਜਧਾਨੀ ਵਿਚ ਭਰੀਆਂ ਮਹਿਫ਼ਲਾਂ ਵਿਚ ਬਹਿ ਕੇ ਕਰਦੇ ਹੋਏ ਇਹ ਵੀ ਨਹੀਂ ਵਿਚਾਰਦੇ ਕਿ ਇਸ ਤਰ੍ਹਾਂ ਕਰ ਕੇ ਉਹ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਹੀ ਕੌਮ ਦਾ ਅਕਸ ਖਰਾਬ ਕਰ ਰਹੇ ਹਨ। ਇਸ ਤਰ੍ਹਾਂ ਕਰ ਕੇ ਉਹ ਲੇਖਕ ਹੋਣ ਦੀ ਮੂਲ ਜਿੰਮੇਵਾਰੀ ਤੋਂ ਹੀ ਪਾਸਾ ਵੱਟ ਰਹੇ ਹਨ। ’ਇਲੀਟ’ ਬਣਨ ਅਤੇ ਦਿੱਖਣ ਲਈ ਆਪਣੀ ਕੌਮ, ਆਪਣੇ ਮੁਲਕ ਅਤੇ ਆਪਣੇ ਸਭਿਆਚਾਰ ਨੂੰ ਭੰਡਣਾ ਬੁਜ਼ਦਿਲੀ ਤੋਂ ਘੱਟ ਨਹੀਂ। ਲੇਖਕ ਵਰਗੀ ਜਿੰਮੇਵਾਰ ਪਛਾਣ ਵਾਲੇ ਵਿਅਕਤੀ ਤੋਂ ਤਾਂ ਇਸਦੀ ਉਕਾ ਹੀ ਆਸ ਨਹੀਂ ਕੀਤੀ ਜਾ ਸਕਦੀ। ਅਜਿਹਾ ਲੇਖਕ, ਲੋਕਾਂ ਦਾ ਲੇਖਕ ਕਦੇ ਵੀ ਨਹੀਂ ਬਣ ਸਕਦਾ। ਪੰਜਾਬੀਆਂ ਨੂੰ ਅਜਿਹੀ ਸੋਚ ਵਾਲਿਆਂ ਤੋਂ ਨਾ ਸਿਰਫ਼ ਬਚ ਕੇ ਰਹਿਣਾ ਪਵੇਗਾ, ਬਲਕਿ ਇਨ੍ਹਾਂ ਬਾਰੇ ਚੇਤੰਨ ਵੀ ਰਹਿਣਾ ਹੋਵੇਗਾ ਅਤੇ ਇਨ੍ਹਾਂ ਦੀਆਂ ਆਪਹੁਦਰੀਆਂ ਖ਼ਿਲਾਫ਼ ਬੋਲਣਾ ਵੀ ਪਵੇਗਾ।
ਜੇ ਮੈਂ ਓਥੇ ਹੋਂਦਾ ਤੇ ਹਨੀਫ਼ ਨੂੰ ਥਾਈਂ ਗੋਲ਼ੀ ਮਾਰੇ ਦੇਂਦਾ! ਕਹਿਰ ਖ਼ੁਦਾ ਦਾ, ਇਹ ਕੰਜਰ ਆਪ ਵੀ ਤੇ ਪੰਜਾਬੀ ਏ!! ਸੱਭ ਤੋਂ ਪਹਿਲੇ ਏਹੰਨ ਈ ਧੱਕੇ ਮਾਰ ਕਿ ਤੇ ਬੇਇੱਜ਼ਤ ਕਏ ਕਿ ਬਾਹਰ ਕੱਢਣਾ ਚਾਹੀਦਾ ਏ!!