ਇਸਲਾਮਾਬਾਦ- ਪਾਕਿਸਤਾਨ ਦੀ ਸਰਕਾਰ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਵਿੱਚ ਭਗੌੜਾ ਐਲਾਨ ਕੀਤੇ ਜਾ ਚੁੱਕੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਵਾਪਿਸ ਦੇਸ਼ ਲਿਆਉਣ ਲਈ ਇੰਟਰਪੋਲ ਦੀ ਮੱਦਦ ਲਵੇਗੀ। 2007 ਵਿੱਚ ਮੌਜੂਦਾ ਰਾਸ਼ਟਰਪਤੀ ਜਰਦਾਰੀ ਦੀ ਪਤਨੀ ਬੇਨਜ਼ੀਰ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ ਸੀ। ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਤੇ ਇਹ ਇਲਜਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਬੇਨਜ਼ੀਰ ਦੀ ਸੁਰੱਖਿਆ ਦੇ ਪੁੱਖਤਾ ਇੰਤਜਾਮ ਨਹੀਂ ਸਨ ਕੀਤੇ।
ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਸਿੰਧ ਦੀ ਅਸੈਂਬਲੀ ਵਿੱਚ ਕਿਹਾ, ‘ਅਦਾਲਤ ਮੁਸ਼ਰੱਫ਼ ਨੂੰ ਪਹਿਲਾਂ ਹੀ ਭਗੌੜਾ ਘੋਸ਼ਿਤ ਕਰ ਚੁੱਕੀ ਹੈ ਅਤੇ ਸਰਕਾਰ ਹੁਣ ਰੈਡ ਕਾਰਨਰ ਨੋਟਿਸ ਦੇ ਲਈ ਕਦਮ ਉਠਾ ਰਹੀ ਹੈ। ਅਸੀਂ ਉਸ ਨੂੰ ਇੰਟਰਪੋਲ ਦੀ ਮੱਦਦ ਨਾਲ ਦੇਸ਼ ਵਾਪਿਸ ਲਿਆਂਵਾਂਗੇ ਤਾਂ ਜੋ ਉਹ ਮੁਕੱਦਮੇ ਦਾ ਸਾਹਮਣਾ ਕਰ ਸਕੇ।’ ਉਨ੍ਹਾਂ ਨੇ ਕਿਹਾ ਕਿ ਮੁਸ਼ਰੱਫ਼ ਨੂੰ ਵਾਪਿਸ ਲਿਆਉਣ ਲਈ ਕਈ ਵਾਰ ਨੋਟਿਸ ਭੇਜੇ ਗਏ ਹਨ, ਪਰ ਸਾਰੇ ਯਤਨ ਨਾਕਾਮ ਰਹੇ ਹਨ। ਇਸ ਲਈ ਅਜਿਹੀ ਸਥਿਤੀ ਵਿੱਚ ਇੰਟਰਪੋਲ ਦੀ ਮੱਦਦ ਲਈ ਜਾਵੇਗੀ।