ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ ਐਂਡ ਰਿਸਰਚ (ਵੱਲਾ) ਵਿਖੇ 21 ਫਰਵਰੀ ਨੂੰ ਰਾਜ ਪੱਧਰੀ ਸਿਹਤ ਮੇਲਾ ਅਤੇ ਜਾਗਰੁਕਤਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਇੰਸਟੀਚਿਊਟ ਵਿਖੇ ਹੋਈ ਜਿਸ ਵਿਚ ਇਸ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਮਾਗਮ ਵਿਚ ਰਾਜ ਦੇ ਗਵਰਨਰ ਐਸ.ਐਫ ਰੋਡਰਿਗਜ਼, ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ, ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਸਮੇਤ ਹੋਰ ਸਖਸ਼ੀਅਤਾਂ ਪੁੱਜ ਰਹੀਆਂ ਹਨ ਜੋ ਉਪਰੋਕਤ ਵਿਸ਼ੇ ਉਪਰ ਸੰਬੋਧਨ ਕਰਨਗੀਆਂ।
ਇਸ ਸਮਾਗਮ ਦੌਰਾਨ ਭਰੁਣ ਹੱਤਿਆ, ਨਸ਼ਾ ਮੁਕਤ ਸਮਾਜ ਅਤੇ ਏਡਜ ਵਰਗੀ ਨਾਮੁਰਾਦ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ। ਮੀਟਿੰਗ ਦੌਰਾਨ ਡਾ. ਏ.ਪੀ. ਸਿੰਘ, ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਜੋਗਿੰਦਰ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਕਰਮਜੀਤ ਸਿੰਘ ਮੀਡੀਆ ਸਲਾਹਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਜਿੰਨ੍ਹਾ ਜਾਣਕਾਰੀ ਦਿੱਤੀ ਕਿ ਇਸ ਰਾਜ ਪੱਧਰੀ ਸਮਾਗਮ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਅਤੇ ਦਿੱਲੀ ਤੋਂ ਸੀਨੀਅਰ ਡਾਕਟਰ ਪਹੁੰਚ ਰਹੇ ਹਨ ਜੋ ਉਪਰੋਕਤ ਵਿਸ਼ਿਆ ਬਾਰੇ ਮਰੀਜ਼ਾਂ ਨਾਲ ਖੁਲ ਕੇ ਵਿਚਾਰ ਵਟਾਂਦਰਾ ਕਰਨਗੇ। ਸਮਾਗਮ ਦੌਰਾਨ ਭਰੁਣ ਹੱਤਿਆ ਉਪਰ ਅਧਾਰਿਤ ਵਿਸ਼ੇਸ਼ ਸਲਾਈਡ ਸ਼ੋਅ ਵੀ ਦਿਖਾਇਆ ਜਾਵੇਗਾ।