ਦਮਿਸ਼ਕ- ਸੀਰੀਆ ਵਿੱਚ ਸੁਰੱਖਿਆ ਬਲਾਂ ਅਤੇ ਵਿਦਰੋਹੀਆਂ ਵਿੱਚ ਹੋਈਆਂ ਝੜਪਾਂ ਦੌਰਾਨ ਘੱਟ ਤੋਂ ਘੱਟ 80 ਲੋਕ ਮਾਰੇ ਗਏ ਹਨ। ਵਿਦਰੋਹੀਆਂ ਦਾ ਕਹਿਣਾ ਹੈ ਕਿ ਇਸ ਲਈ ਸੁਰੱਖਿਆ ਬਲ ਹੀ ਜਿੰਮੇਵਾਰ ਹਨ। ਉਤਰੀ ਸੀਰੀਆ ਵਿੱਚ ਵੱਧ ਲੋਕ ਮਾਰੇ ਗਏ ਹਨ।
ਰਾਸ਼ਟਰਪਤੀ ਅਸਦ ਦੇ ਸੈਨਿਕਾਂ ਨੇ ਹੋਮਸ ਸ਼ਹਿਰ ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਨਾਲ 45 ਲੋਕਾਂ ਦੀ ਮੌਤ ਹੋ ਗਈ। ਰਾਜਧਾਨੀ ਤੋਂ ਬਾਹਰੀ ਇਲਾਕਿਆਂ ਵਿੱਚ ਵੀ ਹਮਲੇ ਜਾਰੀ ਹਨ। ਵਿਦਰੋਹੀਆਂ ਦਾ ਕਹਿਣਾ ਹੈ ਕਿ ਸੀਰੀਆ ਦੇ ਸੁਰੱਖਿਆ ਬਲਾਂ ਨੇ ਹੋਮਸ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਦੋ ਘੰਟੇ ਵਿੱਚ ਸੈਂਕੜੇ ਬੰਬ ਸੁੱਟੇ ਗਏ, ਜਿਸ ਨਾਲ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਵੀ ਮਾਰੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਵਿਦਰੋਹੀਆਂ ਨੇ ਹੋਮਸ ਦੇ ਬਾਬਾ ਅਮਰ ਇਲਾਕੇ ਵਿੱਚ ਸ਼ਰਣ ਲਈ ਹੋਈ ਹੈ। ਇਸ ਕਰਕੇ ਇਸ ਖੇਤਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ਹਿਰ ਦੇ ਕਈ ਹਿਸਿਆਂ ਵਿੱਚ ਪਾਣੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਵੀ ਘਾਟ ਹੈ।
ਰੈਡਕਰਾਸ ਨੇ ਸੁਰੱਖਿਆ ਬਲਾਂ ਅਤੇ ਵਿਦਰੋਹੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਰੋਜ਼ ਕੁਝ ਸਮੇਂ ਲਈ ਸੰਘਰਸ਼ ਰੋਕ ਦਿਆ ਕਰਨ ਤਾਂ ਜੋ ਜਖਮੀਆਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਆਮ ਨਾਗਰਿਕਾਂ ਨੂੰ ਹਿੰਸਾ ਵਾਲੇ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਸਕੇ। ਇਸ ਅਪੀਲ ਦਾ ਦੋਵਾਂ ਧਿਰਾਂ ਵੱਲੋਂ ਅਜੇ ਕੋਈ ਜਵਾਬ ਨਹੀਂ ਮਿਲਿਆ।