ਅੰਮ੍ਰਿਤਸਰ:- ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਤਕਰੀਬਨ 44 ਬੱਚਿਆਂ ਨੇ ਅੱਜ ਆਪਣੇ ਸਕੂਲ ਦੀ ਮੈਡਮ ਅੰਮ੍ਰਿਤ ਕੌਰ ਤੇ ਮੈਡਮ ਹਰਵਿੰਦਰ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
ਮੈਡਮ ਅੰਮ੍ਰਿਤ ਕੌਰ, ਹਰਵਿੰਦਰ ਕੌਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਾਲਾਨਾ ਇਮਤਿਹਾਨ ਤੋਂ ਫਰੀ ਹੋਏ ਛੋਟੇ ਬੱਚਿਆਂ ਨੂੰ ਅੱਜ ਅਸੀਂ ਸਕੂਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਦੇ ਦਰਸ਼ਨਾਂ ਦੇ ਨਾਲ-ਨਾਲ ਪ੍ਰਕਰਮਾਂ ’ਚ ਸਥਿਤ ਗੁਰਦੁਆਰਾ ਦੁੱਖ ਭੰਜਨੀ ਸਾਹਿਬ, ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਦੁਆਰਾ ਲਾਚੀ ਬੇਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਝੰਡੇ-ਬੁੰਗੇ ਅਤੇ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਦੀ ਜਾਣਕਾਰੀ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ।
ਉਨ੍ਹਾਂ ਹੋਰ ਜਾਣਕਾਰੀ ਦੇਂਦਿਆਂ ਦੱਸਿਆ ਕਿ ਬੱਚਿਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਉਤਸਾਹ ਸੀ ਤੇ ਉਨ੍ਹਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਲੰਗਰ ਦੀ ਪ੍ਰੰਪਰਾ ਸਬੰਧੀ ਦਸਾਂ ਨੌਹਾਂ ਦੀ ਕਿਰਤ ਦੇ ਨਾਲ-ਨਾਲ ਪੰਗਤ ਤੇ ਸੰਗਤ, ਊਚ ਤੇ ਨੀਚ ਦੀ ਭਾਵਨਾ ਤੋਂ ਉਪਰ ਉਠ ਕੇ ਇਕਸਾਰਤਾ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਣ ਬਾਰੇ ਵੀ ਦੱਸਿਆ ਅਤੇ ਗੁਰੂ ਰਾਮਦਾਸ ਲੰਗਰ ਵਿਚ ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਤੇ ਹੱਥੀ ਸੇਵਾ ਕਰਨ ਵਾਲੇ ਸਿੱਖ ਸੰਗਤਾਂ ਦੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਮੈਡਮ ਅੰਮ੍ਰਿਤ ਕੌਰ, ਹਰਵਿੰਦਰ ਕੌਰ ਅਤੇ ਕਾਕਾ ਅਭੀਜੀਤ ਸਿੰਘ ਨੂੰ ਸੂਚਨਾਂ ਅਧਿਕਾਰੀ ਸ. ਹਰਪ੍ਰੀਤ ਸਿੰਘ ਤੇ ਪਬਲੀਸਿਟੀ ਵਿਭਾਗ ਦੇ ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ ਨੇ ਸਿਰੋਪਾਓ ਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨਤ ਕੀਤਾ। ਉਨ੍ਹਾਂ ਨਾਲ ਫੋਟੋਗ੍ਰਾਫਰ ਸ. ਜਤਿੰਦਰ ਸਿੰਘ ਵੀ ਮੌਜੂਦ ਸਨ।