ਇਸਲਾਮਾਬਾਦ- ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦਿਨ ਜਿਸ ਘਰ ਵਿੱਚ ਰਿਹਾ ਸੀ, ਉਸ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਗਿਆ ਹੈ। ਐਬਟਾਬਾਦ ਦੀ ਜਿਸ ਹਵੇਲੀ ਵਿੱਚ ਅਮਰੀਕੀ ਸੈਨਿਕਾਂ ਨੇ ਲਾਦਿਨ ਨੂੰ ਪਿੱਛਲੇ ਸਾਲ ਮਾਰਿਆ ਸੀ, ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਸਖਤ ਸੁਰੱਖਿਆ ਪਹਿਰੇ ਹੇਠਾਂ ਢਹਿਢੇਰੀ ਕਰ ਦਿੱਤਾ ਹੈ।
ਪਾਕਿਸਤਾਨੀ ਸੈਨਾ ਅਕੈਡਮੀ ਤੋਂ ਸਿਰਫ਼ 800 ਗਜ਼ ਦੀ ਦੂਰੀ ਤੇ ਸਥਿਤ ਇਸ ਹਵੇਲੀ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਭਾਰੀ ਮਸ਼ੀਨਾਂ ਅਤੇ ਕਰੇਨਾਂ ਭੇਜੀਆਂ ਗਈਆਂ। ਸੁਰੱਖਿਆ ਅਧਿਕਾਰੀਆਂ ਨੇ ਇਸ ਹਵੇਲੀ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਸੀ। ਹਵੇਲੀ ਨੂੰ ਢਾਹੁਣ ਤੋਂ ਪਹਿਲਾਂ ਇਸ ਇਲਾਕੇ ਵਿੱਚ ਪਾਵਰਫੁਲ ਸਪਾਟ ਲਾਈਟ ਲਗਾਈ ਗਈ ਅਤੇ ਸੈਨਿਕਾਂ ਸਮੇਤ ਭਾਰੀ ਸੰਖਿਆ ਵਿੱਚ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਹਵੇਲੀ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਛੱਤ ਤੇ ਨਾਂ ਜਾਣ ਦੇ ਨਿਰਦੇਸ਼ ਦਿੱਤੇ ਸਨ। ਸਥਾਨਕ ਚੈਨਲਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੱਭ ਤੋਂ ਪਹਿਲਾਂ ਤੀਸਰੀ ਮੰਜਿਲ ਨੂੰ ਢਾਹਿਆ ਗਿਆ। ਇੱਥੇ ਹੀ ਅਮਰੀਕਾ ਦੀ ਨੇਵੀ ਸੀਲ ਨੇ ਲਾਦਿਨ ਨੂੰ ਮਾਰਨ ਦਾ ਦਾਅਵਾ ਕੀਤਾ ਸੀ।