ਲੋਕਾਂ ਲਈ ਮੈ ਦੱਸ ਸਾਲ ਪਹਿਲਾਂ ਮਰ ਚੁੱਕਾ ਇਨਸਾਨ ਹਾਂ। ਇਸ ਲਈ ਕਈ ਲੋਕ ਮੈਨੂੰ ਸ਼ਹੀਦ ਸਮਝ ਕੇ ਸਿਰ ਝੁਕਾਂਉਦੇ ਹਨ ਅਤੇ ਕੁੱਝ ਮੈਨੂੰ ਬੇਸਮਝ ਵੀ ਆਖਦੇ ਹਨ। ਅਸਲੀਅਤ ਕੀ ਹੈ? ਕੋਈ ਵੀ ਜਾਣੂ ਨਹੀ।ਮੇਰੇ ਮਰਨ ਦੀ ਖ਼ਬਰ ਸੁਣ ਕੇ ਮੇਰੀ ਮਾਂ ਪੰਦਰਾਂ ਦਿਨ ਬਾਅਦ ਹੀ ਪੂਰੀ ਹੋ ਗਈ।ਮੈ ਆਪਣੀ ਵਿਧਵਾ ਮਾਂ ਦਾ ਇਕੋ ਇਕ ਸਹਾਰਾ ਸੀ।ਉਸ ਤੋਂ ਬਾਅਦ ਮੈ ਵੀ ਕੋਈ ਜਤਨ ਨਹੀ ਕੀਤਾ ਲੋਕਾਂ ਨੂੰ ਸੱਚ ਦੱਸਣ ਦਾ। ਕਿਉਕਿ ਮੈਨੂੰ ਪਤਾ ਸੀ ਕਿ ਜਿਸ ਦਿਨ ਵੀ ਸੱਚਾਈ ਬਾਹਰ ਕੱਢੀ। ਫਿਰ ਮੈਨੂੰ ਸੱਚ ਮੁੱਚ ਹੀ ਮਾਰ ਦਿੱਤਾ ਜਾਣਾ ਹੈ।ਬੇਸ਼ਕ ਜਿਸ ਤਰਾਂ ਵੀ ਮੈ ਲੁੱਕ ਛਿਪ ਕੇ ਜ਼ਿੰਦਗੀ ਜੀਅ ਰਿਹਾ ਹਾਂ, ਉਹ ਮਰਨ ਤੋਂ ਵੀ ਭੈੜੀ ਹੈ।ਪਰ ਜਦੋਂ ਇਸ ਜ਼ਿੰਦਗੀ ਦੇ ਕਰਤੇ ਦਾ ਚੇਤਾ ਆਉਂਦਾ ਤਾਂ ਉਸ ਦੇ ਭਾਣੇ ਦੇ ਅੰਦਰ ਰਹਿ ਕੇ ਖੁਸ਼ੀ ਨਾਲ ਜਿਊਣ ਨੂੰ ਵੀ ਦਿਲ ਕਰਦਾ। ਕਿਉਂਕਿ ਜਿਸ ਥਾਂ ਮੈ ਰਹਿ ਰਿਹਾ ਹਾਂ ਭਾਂਵੇ ਉਹ ਮੇਰਾ ਆਪਣਾ ਇਲਾਕਾ ਨਹੀ ਹੈ। ਫਿਰ ਵੀ ਇਥੋਂ ਦੇ ਲੋਕ ਮੇਰੇ ਝੂੱਠੇ ਨਾਮ ਨੂੰ ਸਵੀਕਾਰਦੇ ਹਨ ਅਤੇ ਮੇਰੇ ਬਦਲੇ ਹੋਏ ਭੇਸ ਉੱਪਰ ਵੀ ਯਕੀਨ ਕਰਦੇ ਹੋਏ, ਮੈਨੂੰ ਇੱਜ਼ਤ ਦੀ ਜ਼ਿੰਦਗੀ ਦੇ ਰਿਹੇ ਹਨ।ਮੇਰਾ ਗੁਆਂਡੀ ਨੀਰ ਬਖਸ਼ ਤਾਂ ਮੇਰਾ ਗੂੜਾ ਦੋਸਤ ਬਣ ਚੁੱਕਾ ਹੈ। ਕੱਲ ਅਸੀ ਇਕੱਠੇ ਬੈਠੇ ਰਾਤ ਦੇਰ ਤੱਕ ਦੁੱਖ-ਸੁੱਖ ਕਰਦੇ ਰਿਹੇ। ਮੇਰਾ ਮਨ ਇੰਨਾ ਭਾਵਕ ਹੋ ਗਿਆ ਅਤੇ ਇਹ ਸੋਚੇ ਬਿਨਾ ਹੀ ਇਸ ਦਾ ਅੰਤ ਕੀ ਹੋਵੇਗਾ, ਆਪਣਾ ਅਸਲੀ ਭੇਦ ਨੀਰ ਬਖਸ਼ ਦੇ ਅੱਗੇ ਖੋਲ੍ਹਣ ਲੱਗ ਪਿਆ,
“ਉਦੋਂ ਮੈ ਬਹੁਤ ਛੋਟਾ ਸੀ ਜਦੋਂ ਮੇਰਾ ਬਾਪ ਪੂਰਾ ਹੋ ਗਿਆ।”
“ ਤੈਨੂੰ ਆਪਣੇ ਬਾਪ ਦੀ ਸ਼ਕਲ ਤਾਂ ਯਾਦ ਹੋਵਗੀ।”
“ ਉਸ ਦੀ ਸ਼ਕਲ ਤਾਂ ਪਰਛਾਈ ਵਾਂਗ ਹੀ ਯਾਦ ਹੈ, ਪਰ ਮੇਰੀ ਮਾਂ ਨੇ ਔਖੀ ਹੋ ਕੇ ਵੀ ਪਿਉ ਵਾਲੇ ਸਾਰੇ ਚਾਅ-ਲਾਡ ਪੂਰੇ ਕੀਤੇ। ਗਿਆਂਰਵੀ ਕਲਾਸ ਤੋਂ ਬਾਅਦ ਕਿਸੇ ਦੀ ਸਿਫਾਰਸ਼ ਨਾਲ ਮੈਨੂੰ ਪੁਲੀਸ ਵਿਚ ਭਰਤੀ ਕਰ ਲਿਆ ਗਿਆ।”
ਨੀਰ ਬਖਸ਼ ਨੇ ਮੱਥੇ ਨੂੰ ਤਿਊੜੀਆਂ ਨਾਲ ਭਰ ਲਿਆ ਅਤੇ ਇਕ ਅੱਖ ਨੂੰ ਬੰਦ ਕਰਕੇ ਪੁੱਛਣ ਲੱਗਾ, “ ਤੂੰ ਪੁਲੀਸ ਦਾ ਬੰਦਾ ਹੈ?” ਉਸ ਦੇ ਪੁੱਛਣ ਦੇ ਤਰੀਕੇ ਤੋਂ ਲੱਗਦਾ ਸੀ ਜਿਵੇ ਮੈ ਕਿਸੇ ਲੁਟੇਰਿਆਂ ਦੇ ਟੋਲੇ ਦਾ ਮੈਂਬਰ ਹੋਵਾਂ।
“ ਯਾਰ, ਤੂੰ ਮੈਨੂੰ ਪੂਰੀ ਗੱਲ ਕਰਨ ਦੇਵੇਗਾਂ ਜਾਂ ਨਹੀ?”
“ ਅੱਛਾ, ਚੱਲ ਗੱਲ ਪੂਰੀ ਕਰ।” ਇਹ ਕਹਿ ਕੇ ਨੀਰ ਬਖਸ਼ ਕੰਧ ਨੂੰ ਢੋਅ ਲਾ ਕੇ ਲੱਤਾਂ ਸਿੱਧੀਆਂ ਪਸਾਰ ਕੇ ਬੈਠ ਗਿਆ।
“ ਸੁੱਖਵੀਰ ਵੀ ਨਾਲ ਹੀ ਪੁਲੀਸ ਵਿਚ ਆਇਆ ਸੀ ਅਤੇ ਅਸਾਂ ਦੋਹਾਂ ਇਕੱਠਿਆਂ ਹੀ ਟਰੇਨਇੰਗ ਕੀਤੀ। ਅਸੀ ਦੋਹਾਂ ਨੇ ਕਈ ਚੋਰ, ਠੱਗ ਅਤੇ ਕਾਤਲ ਫੜ੍ਹੇ।ਫਿਰ ਸਾਡਾ ਦਿਲ ਵੀ ਪੁਲੀਸ ਵਾਲਿਆਂ ਵਾਂਗੂ ਸੱਖਤ ਹੋ ਗਿਆ ਸੀ। ਕਿਸੇ ਮੁਜ਼ਰਮ ਨੂੰ ਕੁੱਟਾਪਾ ਚਾੜਨ ਲੱਗੇ ਕਦੀ ਝਿਜਕਦੇ ਨਾ। ਪਰ ਕਿਸੇ ਨਿਰਦੋਸ਼ ਨੂੰ ਸਜ਼ਾ ਦੇਣੀ ਮੇਰੇ ਵਸ ਦਾ ਰੋਗ ਨਹੀ ਸੀ। ਉਸ ਰਾਤ ਵੀ ਅਜਿਹਾ ਹੀ ਕੁੱਝ ਹੋਇਆ ਜਿਸ ਦੇ ਬਾਰੇ ਹੁਣ ਵੀ ਸੋਚਦਾਂ ਹਾਂ ਅਤੇ ਮੇਰੀ ਰੂਹ ਕੰਬਣ ਲੱਗਦੀ ਹੈ।” ਇਹ ਸੁਣਦੇ ਸਾਰ ਹੀ ਨੀਰ ਬਖਸ਼ ਮੇਰੇ ਮੂੰਹ ਵੱਲ ਤੱਕਣ ਲੱਗਾਂ। ਜਿਵੇ ਉਸ ਨੂੰ ਹੁਣੇ ਹੀ ਮੇਰੀ ਆਤਮਕਥਾ ਵਿਚ ਦਿਲਚਸਪੀ ਹੋਈ ਹੋਵੇ।
ਉਹਨੀ ਦਿਨੀ ਪੰਜਾਬ ਦੀਆਂ ਜ੍ਹੇਲਾਂ ਪੰਜਾਬੀ ਗਭਰੂਆਂ ਨਾਲ ਭਰੀਆਂ ਪਈਆਂ ਸਨ। ਪਰ ਜਿਹੜੇ ਮੁੰਡਿਆਂ ਦੀ ਪੁਲੀਸ ਨੂੰ ਭਾਲ ਸੀ। ਉਹ ਘੱਟ ਵੱਧ ਹੀ ਹੱਥ ਲੱਗਦੇ। ਕਿਉਂਕਿ ਉਦੋਂ ਜ਼ਿਆਦਾ ਲੋਕਾਂ ਦੀ ਹਮਦਰਦੀ ਖਾੜਕੂਆਂ ਨਾਲ ਸੀ। ਪੁਲੀਸ ਦੀ ਕੋਈ ਵਾਹ ਪੇਸ਼ ਨਾ ਜਾਂਦੀ ਦੇਖ ਕੇ ਸਰਕਾਰ ਅਤੇ ਪੁਲੀਸ ਮੁਖੀ ਨੇ ਅੰਦਰੋਂਖਤੀ ਇਕ ਨਵਾ ਫੈਂਸਲਾ ਕਰ ਲਿਆ। ਉਸ ਦਿਨ ਮੈ ਅਤੇ ਸੁਖਵੀਰ ਇਕ ਲੁਟੇਰਿਆਂ ਦੀ ਟੋਲੀ ਨੂੰ ਕਾਬੂ ਕਰਦੇ ਥੱਕੇ ਪਏ ਸਾਂ। ਕਾਫ਼ੀ ਘਾਲਣਾ ਬਾਅਦ ਸਫਲਤਾ ਹੱਥ ਲੱਗੀ ਸੀ। ਘੰਟਾਂ ਕੁ ਪਹਿਲਾਂ ਹੀ ਬਦਮਾਸ਼ ਲੋਕਾਂ ਨੂੰ ਜ੍ਹੇਲ ਵਿਚ ਡੱਕਿਆ ਸੀ। ੳਦੋਂ ਹੀ ਇੰਨਸਪੈਕਟਰ ਤਾਰਾ ਚੰਦ ਆ ਗਿਆ ਅਤੇ ਆਉਂਦਾ ਹੀ ਬੋਲਿਆ, “ ਜਿਹੜੇ ਲੁਟੇਰੇ ਤੁਸੀ ਫੜੇ ਹਨ, ਉਹਨਾਂ ਦੀ ਕੋਈ ਕਾਗਜ਼ੀ ਕਾਰਵਾਈ ਨਾ ਕਰਨੀ।” ਮੈ ਹੈਰਾਨੀ ਨਾਲ ਸੁਖਵੀਰ ਦੇ ਮੂੰਹ ਵੱਲ ਦੇਖਿਆ।
“ ਉਹਨਾਂ ਨੂੰ ਦੋ ਘੰਟੇ ਬਾਅਦ ਛੱਡ ਦਿਉ” ਤਾਰਾ ਚੰਦ ਆਪਣੀ ਗੱਲ ਜਾਰੀ ਰੱਖਦਾ ਹੋਇਆ ਬੋਲਿਆ, “ਹਾਂ, ਛੱਡਣ ਤੋਂ ਪਹਿਲਾਂ ਇਕ ਸ਼ਰਤ ਉਹਨਾਂ ਤੋਂ ਪੂਰੀ ਕਰਵਾਉਣ ਦਾ ਵਾਅਦਾ ਲੈਣਾ ਹੈ ਅਤੇ ਉਸ ਸ਼ਰਤ ਦਾ ਤੀਜੇ ਬੰਦੇ ਨੂੰ ਪਤਾ ਨਹੀ ਲਗਣਾ ਚਾਹੀਦਾ।”
“ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਇੰਨਸੈਪਕਟਰ ਸਾਹਿਬ।” ਮੈ ਪੁਛਿੱਆ।
“ ਜਿਹੋ ਜਿਹੀਆਂ ਗੱਲਾਂ ਕਰਨ ਦਾ ਹੁਕਮ ਪੁਲੀਸ ਦੇ ਮੁਖੀ ਵਲੋਂ ਹੁੰਦਾ ਹੈ, ਹਾਂ ਸ਼ਰਤ ਇਹ ਲਾਉਣੀ ਕਿ ਲੁਟੇਰੇ ਬਾਹਰ ਜਾ ਕੇ ਘਿਨਾਉਣੇ ਕੰਮ ਜਿੰਨੇ ਵੀ ਕਰ ਸਕਦੇ ਹੋਣ ਉਹ ਖਾੜਕੂਆਂ ਦੇ ਨਾਮ ਉੱਪਰ ਕਰਨ। ਜੇ ਉਹ ਅਜਿਹੇ ਉਪਰਾਲੇ ਵਿਚ ਕਾਮਯਾਬ ਰਿਹੇ ਤਾਂ ਉਹਨਾਂ ਨੂੰ ਪੁਲੀਸ ਮੁਖੀ ਵਲੋਂ ਇਨਾਮ ਵੀ ਦਿੱਤਾ ਜਾਵੇਗਾ।” ਇੰਨਸਪੈਕਟਰ ਨੇ ਘੜੀ ਹੋਈ ਸਕੀਮ ਦਾ ਭੇਦ ਖੋਲ੍ਹਿਆ।
ਨੀਰ ਬਖਸ਼ ਦੇ ਹੁੰਗਾਰੇ ਦੀ ਉਡੀਕ ਕੀਤੇ ਬਿਨਾ ਹੀ ਮੈ ਕਹਾਣੀ ਸਣਾਉਣ ਵਿਚ ਗੁਆਚ ਗਿਆ।
ਇੰਨਸਪੈਕਟਰ ਦੇ ਜਾਣ ਤੋਂ ਬਾਅਦ ਮੈਨੂੰ ਹੈਰਾਨੀ ਅਤੇ ਦੁੱਖ ਭਰੀਆਂ ਸੋਚਾਂ ਵਿਚ ਡੁੱਬੇ ਨੂੰ ਦੇਖ ਕੇ ਸੁਖਵੀਰ ਨੇ ਸਮਝਾਇਆ, “ ਪੁਲੀਸ ਦੀ ਨਵੀ ਸਕੀਮ ਬਾਰੇ ਪਰੇਸ਼ਾਨ ਨਾ ਹੋ, ਖਾੜਕੂਆਂ ਵਲੋਂ ਲੋਕਾਂ ਦੀਆਂ ਛੱਡੀਆਂ ਧੀਆਂ ਭੈਣਾਂ ਮੁੜ ਘਰੀ ਵਸਾਉਣ ਅਤੇ ਦਾਜ ਵਰਗੀਆਂ ਲਾਹਣਤਾ ਬੰਦ ਕਰਵਾਉਣ ਕਰਕੇ, ਲੋਕੀ ਅੱਗੋਂ ਤੋਂ ਵੀ ਜ਼ਿਆਦਾ ਉਹਨਾਂ ਦਾ ਸਾਥ ਦੇ ਰਿਹੇ ਹਨ ਅਤੇ ਪੁਲੀਸ ਦੇ ਹੱਥ ਅਸਫਲਤਾ ਹੀ ਆ ਰਹੀ ਹੈ।”
“ ਸਫਲਤਾਂ ਪ੍ਰਾਪਤ ਕਰਨ ਦਾ, ਤਾਂ ਇਹ ਨਵਾ ਤਰੀਕਾ ਕੱਢਿਆ” ਮੈ ਵਿਚੋਂ ਹੀ ਬੋਲ ਪਿਆ।
“ ਸਿਰਫ਼ ਆਪਣੀ ਜੇਲ੍ਹ ਦੇ ਲੁਟੇਰਿਆਂ ਨੂੰ ਹੀ ਇਹ ਆਦੇਸ਼ ਨਹੀ, ਸਗੋਂ ਬਾਕੀ ਉਚਕੋਟੀ ਦੇ ਬਦਮਾਸ਼ਾ ਨੂੰ ਵੀ ਇਸੇ ਸ਼ਰਤ ਉੱਪਰ ਰਹਾ ਕੀਤਾ ਜਾਵੇਗਾ।”
ਇਸ ਨਵੀ ਯੋਜਣਾ ਨੇ ਭਾਂਵੇ ਮੇਰੇ ਦਿਲ ਅਤੇ ਸਰੀਰ ਵਿਚ ਹੱਲ- ਚੱਲ ਮਚਾ ਦਿੱਤੀ ਸੀ, ਪਰ ਮੈ ਪੁਲੀਸ ਅਤੇ ਸਰਕਾਰ ਦਾ ਗੁਲਾਮ ਹੁੰਦਾਂ ਹੋਇਆ ਕੁੱਝ ਵੀ ਨਾ ਬੋਲ ਸਕਿਆ।
ਉਹਨਾਂ ਲੁਟੇਰਿਆਂ ਨੇ ਬਾਹਰ ਜਾਦਿਆਂ ਹੀ ਇਕ ਵੱਡੀ ਬੈਂਕ ਵਿਚ ਡਾਕਾ ਮਾਰਿਆ ਅਤੇ ਨਾਲ ਹੀ ਇਕ ਔਰਤ ਕਰਮਚਾਰੀ ਨਾਲ ਬਲਾਤਕਾਰ ਕੀਤਾ। ਇਕ ਪ੍ਰਸਿੱਧ ਖਾੜਕੂ ਜੱਥੇਬੰਦੀ ਦੇ ‘ਲੈਟਰ ਪੈਡ’
ਉੱਪਰ ਵੀ ਇਹ ਲਿਖਿਆ ਪਾਇਆ ਗਿਆ ਕਿ ਜੇ ਸਾਡੀਆਂ ਮੰਗਾਂ ਸਰਕਾਰ ਨੇ ਨਾਂ ਮੰਨੀਆਂ ਤਾਂ ਇਹੋ ਜਿਹੀਆਂ ਵਾਰਦਾਤਾਂ ਹੋਰ ਵਧਨਗੀਆਂ।
ਇਸ ਵਾਰਦਾਤ ਤੋ ਤਸੀਰੇ ਦਿਨ ਬਾਅਦ ਹੁਸ਼ਿਆਰ ਪੁਰ ਜ਼ਿਲੇ ਦੇ ਇਕ ਪਿੰਡ ਲਾਗੇ ਬੱਸ ਵਿਚੋਂ ਸਹਿਜਧਾਰੀ ਵੀਰਾਂ ਨੂੰ ਕੱਢ ਕੇ ਗੋਲੀ ਨਾਲ ਭੁੰਨਿਆ ਗਿਆ। ਸਵਾਰੀਆਂ ਨੇ ਬਿਆਨ ਦਿੱਤੇ, “ ਉਹ ਕਹਿ ਰਿਹੇ ਸਨ ਕਿ ਪੰਜਾਬ ਵਿਚ ਕੇਸਾਂ ਦਾਹੜੀਆਂ ਵਾਲੇ ਬੰਦਿਆਂ ਤੋ ਬਗ਼ੈਰ ਸਭ ਨੂੰ ਹੌਲੀ ਹੌਲੀ ਸੋਧਾ ਲਾ ਦਿੱਤਾ ਜਾਵੇਗਾ। ਮਾਰੀਆਂ ਗਈਆਂ ਸਵਾਰੀਆਂ ਵਿਚ ਸਾਡੇ ਪਿੰਡ ਦਾ ਵੀ ਇਕ ਹੋਣਹਾਰ ਬੰਦਾ ਸੀ। ਮੇਰੀ ਮਾਂ ਦਾ ਉਹਨਾਂ ਦੇ ਪਰਿਵਾਰ ਨਾਲ ਬਹੁਤ ਪਿਆਰ ਹੋਣ ਕਾਰਨ, ਦੁੱਖੀ ਹੁੰਦੀ ਹੋਈ ਕਾਤਲਾਂ ਨੂੰ ਦਿਨ ਰਾਤ ਗਾਹਲਾਂ ਕੱਢਦੀ।
“ ਮਾਂ, ਤੂੰ ਤਾਂ ਖਾੜਕੂਆਂ ਦੇ ਬੜੇ ਗੁਣ ਗਾਉਂਦੀ ਹੁੰਦੀ ਸੀ, ਗੁਰੂ ਦੇ ਸਿੰਘ ਕਹਿ ਕਹਿ ਕੇ ਉਹਨਾਂ ਦੀਆਂ ਸਿਫਤਾਂ ਦੇ ਪੁਲ ਬੰਨਦੀ ਸੀ, ਹੁਣ ਕਿਉਂ ਬਦਲ ਗਈ।” ਮੈ ਸਹਿਜ ਸੁਭਾਅ ਹੀ ਮਾਂ ਤੋਂ ਪੁੱਛਿਆ।
“ ਕਾਕਾ, ਇਹੋ ਜਿਹੀਆਂ ਭੈੜੀਆਂ ਕਰਤੂਤਾਂ ਦੇ ਮਾਲਕ ਗੁਰੂ ਦੇ ਸਿੰਘ ਨਹੀ ਹੋ ਸਕਦੇ, ਗੁਰੂ ਦੇ ਸਿੰਘ ਤਾਂ ਜ਼ਾਲਮ ਨੂੰ ਸੋਧਾ ਲਾਉਣ, ਆਪਣੇ ਹੱਕ ਲੈਣ ਅਤੇ ਦੁੱਖੀਆਂ ਦੇ ਦਰਦ ਵੰਡਾਂਉਣ ਨੂੰ ਹੁੰਦੇ ਨੇ। ਬੇਦੋਸ਼ਿਆਂ ਨੂੰ ਲੁੱਟਣ ਮਾਰਣ ਵਾਲੇ ਡਾਕੂ ਹੀ ਹੋ ਸਕਦੇ ਹਨ।”
ਪਤਾ ਤਾਂ ਮੈਨੂੰ ਸੀ ਪਈ ਇਹ ਕੌਣ ਹਨ। ਜੋ ਸਮਾਜ ਵਿਚ ਗੰਦਗੀ ਫੈਲਾ ਰਿਹੇ ਹਨ ਪਰ ਮੈ ਸਰਕਾਰ ਦਾ ਭੇਦ ਲੁਕਾ ਰੱਖਣ ਵਿਚ ਹੀ ਸਮਝ ਸਮਝੀ।
ਹੁਣ ਨੀਰ ਬਖਸ਼ ਨੇ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਮੈ ਉਸ ਨੂੰ ਅਣਗੌਲਦਿਆ ਹੋਇਆ ਆਪਣੇ ਭਾਵਕ ਮਨ ਦੀਆਂ ਲਹਿਰਾਂ ਵਿਚ ਲਗਾਤਾਰ ਵਹਿ ਤੁਰਿਆਂ।
ਥੋੜ੍ਹੇ ਦਿਨਾਂ ਬਾਅਦ ਪੁਲੀਸ ਨੂੰ ਸੂਹ ਮਿਲੀ ਕੇ ਪਿੰਡ ਦਾਰਾ ਪੁਰ ਦੇ ਕਮਾਦ ਵਿਚ ਅਸਲੀ ਖਾੜਕੂ ਲੁਕ ਕੇ ਰਹਿੰਦੇ ਹਨ। ਜੇ ਉਹ ਫੜ੍ਹੇ ਜਾਣ ਤਾਂ ਉਹਨਾਂ ਉੱਪਰ ਬੈਂਕ ਵਾਲਾ ਕੇਸ ਅਸਾਨੀ ਨਾਲ ਪਾਇਆ ਜਾ ਸਕਦਾ ਹੈ। ਅਸੀ ਪੱਚੀ ਤੀਹ ਪੁਲੀਸ ਦੇ ਬੰਦਿਆਂ ਨੇ ਤੜਕੇ ਹੀ ਕਮਾਦ ਨੂੰ ਜਾ ਘੇਰਾ ਪਾਇਆ। ਸਪੀਕਰ ਉੱਪਰ ਬਥੇਰੀਆਂ ਚਿਤਾਵਨੀਆਂ ਦਿੱਤੀਆ ਕਿ ਹੱਥ ਖੜੇ ਕਰਕੇ ਬਾਹਰ ਆ ਜਾਉ। ਪਰ ਕੋਈ ਹਿੱਲ ਜੁੱਲ ਨਾ ਹੋਈ। ਹਾਰ ਕੇ ਅਸੀ ਦੱਸ ਕੁ ਬੰਦੇ ਹਥਿਆਰਾਂ ਨਾਲ ਲੈਸ ਹੋ ਕੇ ਕਮਾਦ ਵਿਚ ਜਾ ਵੜੇ। ਛੇਤੀ ਹੀ ਸਾਨੂੰ ਉਹ ਬਰੀਕ ਜਿਹੀ ਪਗਡੰਡੀ ਮਿਲ ਗਈ ਜੋ ਕਮਾਦ ਦੇ ਦਰਮਿਆਨ ਵੱਲ ਨੂੰ ਜਾਂਦੀ ਸੀ।ਬਿਨਾਂ ਖੜਾਕ ਦੇ ਅਸੀ ਹੌਲੀ ਹੌਲੀ ਅਗਾਂਹ ਵੱਧਦੇ ਗਏ। ਦੂਰੋਂ ਲੁਕ ਕੇ ਦੇਖਿਆ ਕਮਾਦ ਵਿਚੋਂ ਵੱਢਿਆ ਪਿਆ ਸੀ, ਪੰਜ ਬੰਦਿਆਂ ਦਾ ਟੋਲਾ ਪਸਤੌਲ ਲਈ ਹੱਥ ਜੋੜੀ ਖਲੋਤੇ ਸਨ।ਅਸੀ ਥੌੜ੍ਹੀ ਤੇਜ਼ੀ ਨਾਲ ਇਕ ਦੋ ਕਦਮ ਅੱਗੇ ਵਧੇ। ਸੁਖਵੀਰ ਨੂੰ ਕਮਾਦ ਦੀ ਧੂੜ ਜਿਹੀ ਚੜ੍ਹੀ ਅਤੇ ਉਸ ਨੂੰ ਇਕਦਮ ਛਿੱਕ ਆ ਗਈ। ਜਦ ਨੂੰ ਉਹਨਾਂ ਦੀ ਅਰਦਾਸ ਵੀ ਪੂਰੀ ਹੋ ਚੁੱਕੀ ਸੀ। ਉਹ ਗੋਲੀਆਂ ਦਾਗਦੇ ਹੋਏ ਇੱਧਰ ਉਧੱਰ ਨੂੰ ਭਜਣ ਲੱਗੇ। ਪੁਲੀਸ ਦਾ ਇਕ ਬੰਦਾ ਉਹਨਾਂ ਦੀ ਗੋਲੀ ਲਗਣ ਕਾਰਨ ਜ਼ਖਮੀ ਹੋ ਗਿਆ।ਸਾਡਾ ਘੇਰਾ ਤਕੜਾ ਹੋਣ ਕਾਰਨ ਉਹ ਦੌੜ ਸਕਦੇ ਨਹੀ ਸਨ। ਦੋ ਤਾਂ ਪੁਲੀਸ ਦੀ ਗੋਲੀ ਨਾਲ ਮਾਰੇ ਗਏ, ਦੋ ਨੇ ਸਾਈਨੈਡ ਖਾ ਲਿਆ ਅਤੇ ਇਕ ਖਾੜਕੂ ਜਿਊਂਦਾ ਜਾਗਦਾ ਫੜਿਆ ਗਿਆ।
ਉਸ ਨੂੰ ਹੱਥ ਕੜੀਆਂ ਲਾਈ ਖੁਸ਼ੀ ਨਾਲ ਅਸੀ ਉਸ ਨੂੰ ਥਾਣੇ ਲੈ ਆਏ।ਉਸ ਰਾਤ ਥਾਣੇ ਵਿਚ ਮੀਟ ਅਤੇ ਸ਼ਰਾਬ ਦਾ ਦੌਰ ਚੱਲਿਆ। ਮੈ ਤਾਂ ਇਕ ਅੱਧਾ ਪੈਗ ਲਾ ਹੀ ਲਿਆ ਪਰ ਸੁਖਵੀਰ ਨੇ ਬਿਲਕੁਲ ਨਹੀ ਸੀ ਪੀਤੀ। ਮੈ ਸੁਖਵੀਰ ਨੂੰ ਛੇੜਦੇ ਕਿਹਾ, “ ਜਿਹੜੇ ਅਫ਼ੀਸਰਾਂ ਤੋਂ ਤੂੰ ਮੂੰਹ ਸਲੂਣਾ ਕਰਨ ਤੋਂ ਡਰਦਾ ਹੈ, ਉਹ ਆਪ ਤਾਂ ਅੱਜ ਸ਼ਹਿਰ ਦੀਆ ਸੁੰਦਰੀਆਂ ਨਾਲ ਐਸ਼ ਕਰਨ ਵਿਚ ਰੁੱਝੇ ਹੋਏ ਹਨ।”
“ ਮੈ ਡਰਦਾ ਕਿਸੇ ਤੋਂ ਨਹੀ, ਪਰ ਮੇਰੇ ਆਪਣੇ ਅਸੂਲ ਹਨ ਕੇ ‘ਡਿਊਟੀ’ ਕਰਦੇ ਸਮੇਂ ਪੀਣ ਪਿਲਾਉਣ ਦਾ ਕੋਈ ਕੰਮ ਨਹੀ।”
ਸੁਖਵੀਰ ਦੇ ਇਸ ਜ਼ਵਾਬ ਨਾਲ ਮੈਨੂੰ ਹਾਸਾ ਤਾਂ ਬਹੁਤ ਆਇਆ ਕਿ ਕਿਹੜੀ ਦੁਨੀਆਂ ਵਿਚ ਤੁਰਿਆ ਫਿਰਦਾ ਅਤੇ ਨਾਲ ਲੱਗਦਾ ਕਹਿ ਵੀ ਦਿੱਤਾ, “ ਤੇਰੇ ਇਕੱਲੇ ਦੇ ਅਸੂਲਾਂ ਨਾਲ ਮਹਾਨ ਭਾਰਤ ਵਿਚ ਤਬਦੀਲੀ ਕੋਈ ਨਹੀ ਜੇ ਆਉਣ ਲੱਗੀ।”
ਅਸੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਹੀ ਰਿਹੇ ਸੀ ਕਿ ਦੀਵਾਰ ਉੱਪਰ ਲੱਗੀ ਘੜੀ ਨੇ ਬਾਰਾਂ ਵਜਾਏ। ਉਦੋਂ ਹੀ ਸ਼ਰਾਬ ਵਿਚ ਧੁੱਤ ਹੋਇਆ ਇਨਸਪੈਕਟਰ ਤਾਰਾ ਚੰਦ ਪਹੁੰਚ ਗਿਆ ਅਤੇ ਆਉਂਦਾ ਹੀ ਗੱਜਿਆ, “ ਉਸ ਹਰਾਮਜਾਦੇ ਦੇ ਮੈਨੂੰ ਵੀ ਦਰਸ਼ਨ ਕਰਵਾਉ ਜਿਹੜਾ ਮੁਕਾਬਲੇ ਵਿਚ ਫੜਿਆ।”
“ ਸਾਬ੍ਹ, ਉਹ ਤਾਂ ਕੁੱਝ ਬੋਲਦਾ ਹੀ ਨਹੀ, ਬਸ ਪਾਠ ਹੀ ਕਰੀ ਜਾਂਦਾ ਹੈ।” ਸੁਖਵੀਰ ਨੇ ਤਰੁੰਤ ਜ਼ਵਾਬ ਦਿੱਤਾ।
“ਤੁਸੀ ਉਸ ਨੂੰ ਜੇਹਲ ਦੀ ਪਿਛਲੀ ਕੋਠੜੀ ਵਿਚ ਲੈ ਕੇ ਆਉ, ਬੋਲੇਗਾ ਤਾਂ ਉਹਦਾ ਪਿਉ ਵੀ।” ਹੁਕਮ ਝਾੜਦਾ ਹੋਇਆ ਇੰਨਸਪੈਕਟਰ ਗੁਸਲਖਾਨੇ ਵਿਚ ਜਾ ਵੜਿਆ।
ਮੈ ਅਤੇ ਸੁਖਵੀਰ ਨੇ ਪੁੱਠੇ ਸਿੱਧੇ ਸਾਰੇ ਦਾਅ ਪੇਚ ਵਰਤੇ ਸਨ, ਉਸ ਤੋਂ ਖਾੜਕੂਆਂ ਦੇ ਲੁਕੇ ਭੇਦ ਪੁੱਛਣ ਲਈ। ਪਰ ਉਹ ਮਾਂ ਦਾ ਲਾਲ ਕੋਈ ਵੀ ਹੱਥ ਪੱਲਾ ਨਹੀ ਸੀ ਫੜਾ ਰਿਹਾ। ਪਰ ਸਾਨੂੰ ਆਸ ਸੀ ਕਿ ਇਂੰਨਸਪੈਕਟਰ ਦੇ ਤਸੀਹੇ ਉਸ ਨੂੰ ਬੋਲਣ ਲਈ ਜ਼ਰੂਰ ਮਜ਼ਬੂਰ ਕਰਨਗੇ।
ਮੈ ਤਾਂ ਸੋਚਦਾ ਸੀ ਕਿ ਉਹ ਇੰਨਸਪੈਕਟਰ ਦਾ ਨਾਮ ਸੁਣ ਕੇ ਘਬਰਾਏਗਾ, ਪਰ ਇਸ ਦੇ ਉਲਟ ਉਸ ਨੇ ਮੁਸਕ੍ਰਾ ਕੇ ਸਾਡੇ ਵੱਲ ਤੱਕਿਆ ਅਤੇ ਜੀ ਆਇਆ ਨੂੰ ਕਹਿ ਕੇ ਸਾਡੇ ਨਾਲ ਤੁਰ ਪਿਆ। ਅਸੀ ਵੀ ਹੱਥਕੜੀਆਂ ਅਤੇ ਬੇੜੀਆਂ ਦੇ ਸਮੇਤ ਉਸ ਨੂੰ ਇੰਨਸਪੈਕਟਰ ਅੱਗੇ ਜਾ ਪੇਸ਼ ਕੀਤਾ।
“ ਉਹੇ ਤੇਰੀ ਜੱਥੇਬੰਦੀ ਕਿਹੜੀ ਆ” ਇੰਨਸਪੈਕਟਰ ਗੜਕਿਆ।
“ ਸਿੱਖਾਂ ਦੀ”
“ ਸਿੱਧੀ ਤਰਾਂ ਮੇਰੇ ਸਵਾਲਾਂ ਦੇ ਜਵਾਬ ਦੇਹ, ਪਿਉ ਆਪਣੇ ਦਾ ਨਾਮ ਦੱਸ” ਨਾਲ ਹੀ ਇੰਨਸਪੈਕਟਰ ਨੇ ਇਕ ਡੰਡਾਂ ਠਾਹ ਕਰਦਾ ਉਸ ਦੇ ਮੌਰਾਂ ‘ਤੇ ਸੁੱਟਿਆ।
“ ਗੁਰੂ ਗੋਬਿੰਦ ਸਿੰਘ ਜੀ” ਉਸ ਨੇ ਨਿਧੜਕ ਹੋ ਕੇ ਕਿਹਾ। ਬਸ ਫਿਰ ਕਿ ਸੀ ਅਸੀ ਤਿੰਨੇ ਉਸ ਉੱਪਰ ਬਾਜ਼ਾਂ ਵਾਗ ਝਪਟ ਪਏ। ਦੇਹ ਤੇਰੇ ਦੀ ਉਸ ਦੀ ਗਾਲਾਂ ਅਤੇ ਡੰਡਿਆਂ ਨਾਲ ਇਕ ਕੀਤੀ। ਇੰਨਸਪੈਕਟਰ ਦਾ ਤਾਂ ਪਸੀਨਾ ਚੋਣ ਲੱਗ ਪਿਆ। ਉਸ ਨੇ ਪਾਣੀ ਦਾ ਵੱਡਾ ਗਿਲਾਸ ਇਕ ਸਾਹ ਵਿਚ ਨਿਗਲਿਆ ਅਤੇ ਦੁਬਾਰਾ ਆਪਣਾ ਜ਼ੋਰ ਅਜ਼ਮਾਈ ਕਰਨ ਲੱਗ ਪਿਆ। ਸਾਡੇ ਤਾਂ ਹੱਥ ਪਹਿਲਾਂ ਹੀ ਖੜੇ ਹੋ ਚੁੱਕੇ ਸਨ। ਪਰ ਉਸ ਬੰਦੇ ਨੇ ਆਪਣਾ ਮੂੰਹ ਨਾ ਖੋਲ੍ਹਿਆ। ਮੈ ਤਾਂ ਉਸ ਦਾ ਸਿਦਕ ਦੇਖ ਕੇ ਡਰਨ ਜਿਹਾ ਲੱਗ ਪਿਆ। ਕਿਉਂਕਿ ਮੈ ਆਪਣੀ ਜ਼ਿੰਦਗੀ ਵਿਚ ਕਦੀ ਵੀ ਇਸ ਤਰਾਂ ਦਾ ਕੈਦੀ ਨਹੀ ਸੀ ਦੇਖਿਆ। ਸੁਖਵੀਰ ਵੀ ਨਿਢਾਲ ਹੋ ਗਿਆ।
ਜਦੋਂ ਇੰਨਸਪੈਕਟਰ ਦੀ ਵੀ ਕੋਈ ਵਾਹ ਪੇਸ਼ ਨਾ ਗਈ। ਉਸ ਨੇ ਵੱਡਾ ਸ਼ਰਾਬ ਦਾ ਪੈਗ ਅੰਦਰ ਫਿਰ ਸੁੱਟਿਆ ਅਤੇ ਸਾਨੂੰ ਹੁਕਮ ਦਿੱਤਾ, “ਬਿਜ਼ਲੀ ਦਾ ਚੁੱਲਾ ਗਰਮ ਕਰੋ ਅਤੇ ਇਸ ਨੂੰ ਲਾਲ ਹੋਏ ਚੁੱਲੇ ਉੱਪਰ ਖੜਾ ਕਰੋ, ਫਿਰ ਦੇਖੋ ਕਿਦਾਂ ਬਕਦਾ।”
ਨੀਰ ਬਖਸ਼ ਹੁਣ ਬਿਲਕੁਲ ਚੁੱਪ ਸੀ। ਜਾਂ ਤਾਂ ਉਸ ਦਾ ਧਿਆਨ ਕਿਤੇ ਹੋਰ ਸੀ ਜਾਂ ਫਿਰ ਮੇਰੇ ਨਾਲ ਹੀ ਕਹਾਣੀ ਵਿਚ ਗੁਆਚ ਗਿਆ।ਪਰ ਮੈ ਇਹਨਾਂ ਗੱਲਾਂ ਦੀ ਪ੍ਰਵਾਹ ਕੀਤੇ ਬਗ਼ੈਰ ਹੀ ਆਪਣੇ ਸ਼ਬਦਾਂ ਦੀਆਂ ਲੜੀਆਂ ਲੰਬੀਆਂ ਕਰੀ ਗਿਆ।
ਮੈ ਤਾਂ ਸੁਖਵੀਰ ਨੇ ਪਹਿਲਾਂ ਇਕ ਦੂਜੇ ਵੱਲ ਦੇਖਿਆ, ਫਿਰ ਖਾੜਕੂ ਵੱਲ ਝਾਤੀ ਮਾਰੀ। ਉਸ ਦੇ ਸ਼ਰੀਫ, ਅਡੋਲ ਅਤੇ ਨੂਰਾਨੀ ਚਿਹਰੇ ਨੇ ਮੇਰੀ ਆਤਮਾ ਨੂੰ ਝੰਜੌੜ ਕੇ ਰੱਖ ਦਿੱਤਾ। ਸੁਖਵੀਰ ਦਾ ਵੀ ਮੈਨੂੰ ਇਹ ਹੀ ਹਾਲ ਲੱਗਿਆ। ਅਸੀ ਇੰਨਸਪੈਕਟਰ ਨੂੰ ਕੋਰਾ ਜ਼ਵਾਬ ਸੁਣਾ ਦਿੱਤਾ, “ਸਾਬ੍ਹ ਅਸੀ ਇਹ ਨਹੀ ਕਰ ਸਕਦੇ।”
ਇੰਨਸਪੈਟਰ ਸਾਨੂੰ ਅੱਡੀਆਂ ਅੱਖਾ ਨਾਲ ਘੂਰਿਆ ਅਤੇ ਗਾਲ੍ਹਾਂ ਦਾ ਮੀਂਹ ਵਰਾਉਂਦੇ ਨੇ ਚੁੱਲ੍ਹੇ ਦਾ ਬਟਨ ਦੱਬ ਦਿੱਤਾ।
ਚੁੱਲ੍ਹਾ ਛੇਤੀ ਮੱਘ ਕੇ ਲਾਲ ਹੋ ਗਿਆ। ਸ਼ਰਾਬੀ ਇੰਨਸਪੈਕਟਰ ਫਿਰ ਸਾਡੇ ਵੱਲ ਗੜਕਿਆ, “ ਭੈਣ ਦੇ ਜਾਰੋ, ਦੇਖਦੇ ਕੀ ਹੋ?”
ਪਰ ਅਸੀ ਤਾਂ ਸੁੰਨ ਹੋ ਗਏ ਸਾਂ। ਸਾਡੀਆਂ ਆਤਮਾਵਾ ਜ਼ਵਾਬ ਦੇ ਚੁੱਕੀਆਂ ਸਨ ਅਤੇ ਧੁਰ ਅੰਦਰੋਂ ਕੰਬਣ ਲੱਗ ਪਏ। ਪਰ ਇੰਨਸਪੈਕਟਰ ਨੇ ਬੈਂਕ ਦੇ ਡਾਕੇ ਅਤੇ ਬਲਾਤਕਾਰ ਦਾ ਕੇਸ ਵੀ ਉਸ ਉੱਪਰ ਹੀ ਠੋਕਿਆ ਸੀ। ਸਾਡੇ ਵਲੋਂ ਕੋਈ ਹਿਲ-ਜੁਲ ਨਾ ਹੁੰਦੀ ਵੇਖ ਕੇ ਇੰਨਸਪੈਕਟਰ ਫਿਰ ਦਬਕਾ ਲੈ ਕੇ ਪਿਆ, “ ਆਖਰੀ ਵਾਰੀ ‘ਵਾਰਨਿੰਗ’ ਦੇਂਦਾ ਹਾਂ, ਜੇ ਤੁਸੀ ਇਸ ਮਾਂ ਦੇ … ਨੂੰ ਚੁੱਲੇ ਉੱਪਰ ਨਾ ਚਾੜਿਆ ਤਾਂ ਪਹਿਲਾਂ ਤਹਾਨੂੰ ਨਿਜੀਠੂੰ, ਬਾਅਦ ਵਿਚ ਇਹਨੂੰ ਦੇਖੂ।”
“ ਜੋ ਇਹ ਤੁਹਾਡਾ ਵਿਚਾਰਾ ਸਾਬ੍ਹ ਕਹਿੰਦਾ ਹੈ, ਉਹ ਹੀ ਕਰ ਦਿਉ। ਮੇਰੀ ਖ਼ਾਤਰ ਆਪਣੀਆਂ ਨੌਕਰੀਆਂ ਕਾਹਨੂੰ ਖ਼ਤਰੇ ਵਿਚ ਪਾਉਂਦੇ ਹੋ, ਹੈ ਤੁਹਾਡਾ ਇੰਨਸਪੈਕਟਰ ਵੀ ਭੁਲੱਕੜ, ਜੋ ਸਿੰਘਾ ਦੇ ਸਿਦਕ ਅਤੇ ਕੁਰਬਾਨੀਆਂ ਨੂੰ ਨਹੀ ਜਾਣਦਾ।” ਇਹ ਕਹਿੰਦਾ ਹੋਇਆ ਉਹ ਖਾੜਕੂ ਬੰਦਾ ਆਪ ਹੀ ਹੌਲੀ ਹੌਲੀ ਚਲ ਕੇ ਚੁੱਲੇ ਉੱਪਰ ਅਡੋਲ ਖੜਾ ਹੋ ਗਿਆ।
ਉਸ ਨੂੰ ਸ਼ਾਤ ਚਿੱਤ ਅਤੇ ਛਾਲਿਆਂ ਭਰੇ ਪੈਰਾਂ ਨਾਲ ਤੱਪਦੇ ਚੁੱਲ੍ਹੇ ਉੱਪਰ ਖਲੋਤੇ ਦੇਖਿਆ ਤਾਂ ਸਾਰਾ ਚਉਗਿਰਦਾ ਹੀ ਘੁੰਮਦਾ ਨਜ਼ਰ ਆਇਆ। ਮੇਰਾ ਮਨ ਹੀ ਇੰਨਾ ਤੜਪ ਉੱਠਿਆ ਸੀ ਜਾਂ ਸੱਚ-ਮੁੱਚ ਹੀ ਕੋਈ ਪਿਛਲੇ ਸ਼ਹੀਦਾ ਦੀ ਰੂਹ ਸਾਹਮਣੇ ਆ ਗਈ। ਮੈਨੂੰ ਚੱਕਰ ਜਿਹਾ ਆਇਆ ਅਤੇ ਅੱਖਾਂ ਅੱਗੇ ਹਨੇਰਾ ਛਾ ਗਿਆ। ਡਿੱਗਣ ਤੋਂ ਬਚਨ ਲਈ ਮੈ ਕੰਧ ਦਾ ਸਹਾਰਾ ਲਿਆ। ਸੁਖਵੀਰ ਵੀ ਹਝੂੰਆਂ ਭਰੀਆਂ ਅੱਖਾਂ ਉੱਪਰ ਹੱਥ ਰੱਖੀ ਖਾੜਕੂ ਸਿੰਘ ਵੱਲ ਪਿੱਠ ਕਰੀ ਖੜਾ ਸੀ। ਸਾਡੀ ਇਹ ਹਾਲਤ ਦੇਖ ਕੇ ਉਹ ਮਿੰਨਾ ਜਿਹਾ ਹਾਸਾ ਹੱਸਿਆ ਅਤੇ ਇੰਨਸਪੈਕਟਰ ਵੱਲ ਅੱਖਾਂ ਕਰਕੇ ਬੋਲਿਆ,
“ ਕੀ ਅਜ਼ਮਾਉਂਗੇ ਮੇਰੇ ਸਬਰ ਅਤੇ ਸਿਦਕ ਨੂੰ,
ਜੋ ਪਹਿਲਾਂ ਵੀ ਕਈ ਵਾਰ ਹੈ ਗਿਆ ਅਜ਼ਮਾਇਆ।
ਜ਼ਾਲਮ, ਪਹਿਚਾਨ ਸਾਡੇ ਗੁਜਰੇ ਇਤਹਾਸ ਨੂੰ,
ਸਿੰਘਾਂ ਅੱਜ ਵੀ ਸਿਦਕ ਨੂੰ ਹੈ, ਦੇਖ ਨਿਭਾਇਆ।
ਉਸ ਦੇ ਇਹਨਾਂ ਜੋਸ਼ ਭਰੇ ਬੋਲਾਂ ਨੇ ਜਿਵੇਂ ਮੇਰੀ ਸੁੱਤੀ ਹੋਈ ਜ਼ਮੀਰ ਨੂੰ ਜਗਾ ਦਿੱਤਾ ਹੋਵੇ ਅਤੇ ਸੱਚ-ਮੁੱਚ ਹੀ ਪੁਰਾਣੇ ਇਤਹਾਸ ਦੀ ਰੀਲ, ਨਵੇ ਸਿਰਜੇ ਜਾ ਰਿਹੇ ਇਤਹਾਸ ਨਾਲ ਰਲ ਕੇ ਮੱਥੇ ਵਿਚ ਘੁੰਮਣ ਲੱਗੀ।
ਇਸ ਵਾਕਿਆ ਦਾ ਸਾਡੇ ਉੱਪਰ ਜੋ ਅਸਰ ਪਿਆ ਸੋ ਪਿਆ, ਇੰਨਸਪੈਕਟਰ ਦੀ ਵੀ ਸ਼ਰਾਬ ਉਤਰ ਗਈ ਲੱਗਦੀ ਸੀ। ਕਿਉਂਕਿ ਉਹ ਵੀ ਅੱਖਾਂ ਫੈਲਾਈ ਪਰੇਸ਼ਾਨੀ ਅਤੇ ਸ਼ਰਮਿੰਦਗੀ ਦੇ ਰਲੇ ਮਿਲੇ ਭਾਵ ਨਾਲ ਕੋਠੜੀ ਵਿਚੋਂ ਬਾਰ ਨਿਕਲ ਗਿਆ।
ਇੰਨਸਪੈਕਟਰ ਦੇ ਨਿਕਲਣ ਦੀ ਦੇਰ ਹੀ ਸੀ ਕਿ ਸਾਡੀ ਅਕਲ ਦੇ ਘੋੜੇ ਵੀ ਤੇਜ਼ੀ ਨਾਲ ਉਸ ਰੱਬ ਦੇ ਬੰਦੇ ਨੂੰ ਸੰਭਾਲਣ ਵੱਲ ਦੋੜੇ। ਨਿਰਦੋਸ਼ ਤਾਂ ਉਹ ਸਾਨੂੰ ਪਹਿਲਾਂ ਹੀ ਲੱਗਦਾ ਸੀ, ਪਰ ਹੁਣ ਅਸੀ ਉਸਦੇ ਹੋਰ ਵੀ ਨੇੜੇ ਹੋ ਗਏ। ਉਸ ਦੇ ਕੁੱਟ ਨਾਲ ਭੱਜੇ ਸਰੀਰ ਅਤੇ ਸੜੇ ਹੋਏ ਪੈਰਾਂ ਉੱਪਰ ਮੱਲਮ ਪੱਟੀ ਕਰਦੇ ਹੋਏ, ਉਸ ਨੂੰ ਅਰਾਮ ਦੇਣ ਦੇ ਜਤਨ ਵਿਚ ਰੁੱਝ ਗਏ।
ਉਸ ਖਾੜਕੂ ਸਿੰਘ ਨਾਲ ਸਾਥ ਕਰਨ ਦਾ ਸਾਡੇ ਉੱਪਰ ਏਨਾ ਅਸਰ ਹੋਇਆ ਕਿ ਵਿਚਾਰਾਂ ਵਿਚ ਵੱਡਾ ਬਦਲਾਉ ਆ ਗਿਆ। ਸਰਕਾਰ ਸਾਡੇ ਨਾਲ ਵਿਕਤਰਾ ਕਿਉ ਕਰਦੀ ਹੈ, ਕਿ ਸੱਚਮੁੱਚ ਹੀ ਸਾਡੀ ਕੌਮ ਨੂੰ ਨਸ਼ਟ ਕਰਨ ਦੀਆਂ ਸਕੀਮਾਂ ਜਾਰੀ ਹਨ। ਅਜਿਹੀਆਂ ਗੱਲਾਂ ਨੇ ਸਾਡੇ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਬੁੱਧ ਅਤੇ ਜੈਨ ਧਰਮ ਦੇ ਲੋਕਾਂ ਵਾਂਗ ਸਾਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਇਸ ਤਰਾਂ ਦੇ ਫ਼ਿਕਰਾਂ ਅਤੇ ਸਿੰਘ ਦੇ ਸਿਦਕ ਨੇ ਸਾਨੂੰ ਵੀ ਸਰਕਾਰ ਦੀ ਨੀਤੀ ਦੇ ਖਿਲਾਫ਼ ਲੜਾਈ ਕਰਨ ਲਈ ਤਿਆਰ ਕਰ ਦਿੱਤਾ। ਅਗਲੀ ਰਾਤ ਨੂੰ ਜਿਨਾ ਵੀ ਅਸਲਾ ਸਾਡੇ ਹੱਥ ਲੱਗਿਆ, ਚੁੱਕ ਲਿਆ। ਉਸ ਸ਼ੂਕਦੀ ਕਾਲੀ ਬੋਲੀ ਤੁਫਾਨੀ ਰਾਤ ਦੇ ਹਨੇਰੇ ਵਿਚ ਇੰਨਸਪੈਕਟਰ ਤਾਰਾ ਚੰਦ ਨੂੰ ਸਦਾ ਦੀ ਨੀਂਦ ਸੁਲਾ ਪੁਲੀਸ ਦੀ ਨੌਕਰੀ ਨੂੰ ਅਲਵਿਦਾ ਕਹਿ ਕੇ ਦੌੜ ਪਏ। ਦਿਲ ਤਾਂ ਕਰਦਾ ਸੀ ਉਸ ਜਖ਼ਮੀ ਸਿੰਘ ਨੂੰ ਵੀ ਨਾਲ ਲੈ ਚੱਲੀਏ। ਪਰ ਉਸ ਦੇ ਪੈਰ ਚੱਲਣ ਤੋਂ ਜਵਾਬ ਦੇ ਗਏ ਸਨ।
ਅਗਲੇ ਦਿਨ ਅਖ਼ਬਾਰਾਂ ਵਿਚ ਸਾਡੇ ਭਗੌੜੇ ਹੋਣ ਦਾ ਕਾਫੀ ਪ੍ਰਚਾਰ ਹੋਇਆ। ਇਕ ਜੱਥੇਬੰਦੀ ਨਾਲ ਰੱਲ ਕੇ ਚਲ ਰਿਹੇ ਸੰਘਰਸ਼ ਵਿਚ ਆਪਣਾ ਹਿੱਸਾ ਵੀ ਪਾਇਆ। ਇਕ ਦਿਨ ਸੁਖਵੀਰ ਸਿੰਘ ਆਪਣੀ ਜਿੰਦ ਜਾਨ ਕੌਮ ਦੇ ਲੇਖੇ ਲਾ ਕੇ ਇਸ ਰੰਗੀਲੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਅਤੇ ਮੈਨੂੰ ਜਿਊਂਦੇ ਨੂੰ ਹੀ ਮੇਰੇ ਨਾਮ ਉੱਪਰ ਕਿਸੇ ਹੋਰ ਨੂੰ ਮਾਰ ਦਿੱਤਾ। ਮੇਰੀ ਜਵਾਨੀ ਨੇ ਵੀ ਝੂਠਾ ਮਰਨਾ ਕਬੂਲ ਕਰ ਲਿਆ।
ਇਹ ਸਭ ਕੁੱਝ ਕਹਿਣ ਨਾਲ ਹੀ ਮੈ ਇਕ ਡੂੰਘਾ ਜਿਹਾ ਹਉਕਾ ਲਿਆ ਅਤੇ ਦੇਖਿਆ ਕਿ ਨੀਰ ਬਖਸ਼ ਉੱਠ ਕੇ ਖਲੋ ਚੁੱਕਾ ਹੈ ਅਤੇ ਉਸ ਦੀਆਂ ਅੱਖਾਂ ਵਿਚ ਹਮਦਰਦੀ ਦੇ ਹੰਝੂ ਸਨ।ਪਤਾ ਨਹੀ ਇਹ ਹਮਦਰਦੀ ਮੇਰੇ ਲਈ ਸੀ ਜ਼ਾਂ ਉਸ ਸਿਦਕ ਵਾਲੇ ਖਾੜਕੂ ਲਈ। ਥੌੜ੍ਹੀ ਦੇਰ ਸਾਡੇ ਦੋਹਾਂ ਵਿਚਕਾਰ ਚੁੱਪ ਵਰਤ ਗਈ। ਉਸ ਦਾ ਫੈਂਸਲਾ ਸੁਨਣ ਦੀ ਆਸ ਨਾਲ ਮੈ ਉਸ ਦੇ ਮੂੰਹ ਵੱਲ ਝਾਕਿਆ। ਉਸ ਨੇ ਲੰਮਾ ਸਾਹ ਖਿੱਚਿਆ ਅਤੇ ਬੋਲਿਆ, “ਤੇਰੇ ਅਤੀਤ ਵਿਚ ਜੋ ਕੁੱਝ ਵੀ ਵਾਪਰਿਆ, ਉਹ ਸੱਭ ਅਲਾ ਪਾਕ ਦੀ ਰਜ਼ਾ ਵਿਚ ਹੀ ਹੋਇਆ। ਹਾਂ ਤੂੰ ਇਹ ਡਰ ਮਨ ਵਿਚੋਂ ਕੱਢਦੇ ਕਿ ਤੇਰਾ ਭੇਦ ਕਿਤੇ ਖੋਲ੍ਹਾਂਗਾ।” ਉਸ ਨੇ ਅਕੜੇਵੇ ਨਾਲ ਆਪਣੇ ਸਰੀਰ ਨੂੰ ਸਿੱਧਾ ਕੀਤਾ ਅਤੇ ਬੋਲਿਆ, “ ਸ਼ਾਇਦ ਤੈਨੂੰ ਇਸ ਭੇਦ ਭਰੀ ਹਿਆਤੀ ਤੋਂ ਕਦੇ ਥਕਾਵਟ ਹੁੰਦੀ ਹੋਵੇਗੀ।”
“ ਹਾਂ, ਕਦੀ ਥਕੇਵਾ ਜ਼ਰੂਰ ਹੁੰਦਾ ਹੈ, ਪਰ ਉਸ ਖਾੜਕੂ ਸਿੰਘ ਦਾ ਸਿਦਕ ਨਵਾ ਉਤਸ਼ਾਹ ਭਰ ਦਿੰਦਾ ਹੈ ਅਤੇ ਮਹਿਸੂਸ ਕਰਦਾ ਹਾਂ ਜਿਵੇਂ ਉਹ ਸਿਦਕ ਕਹਿ ਰਿਹਾ ਹੋਵੇ, “ ਸਿੰਘਾ, ਚੜ੍ਹਦੀ ਕਲਾ ਵਿਚ ਰਹਿ, ਸਮਾਂ ਜ਼ਰੂਰ ਕਰਵਟ ਬਦਲੇਗਾ। ਇਹ ਸੋਚ ਆਤਮਾ ਵਿਚ ਨਵੀ ਰੂਹ ਫੂਕ ਦਿੰਦੀ ਹੈ ਅਤੇ ਮੈ ਉਸ ਦਿਨ ਦਾ ਇੰਤਜ਼ਾਰ ਕਰਨ ਲੱਗਦਾ ਹਾਂ, ਜਦੋਂ ਕੁਰਬਾਨੀਆਂ ਦਾ ਮੁੱਲ ਪਵੇਗਾ ਅਤੇ ਬੇਦੋਸ਼ਾਂ ਦਾ ਡੁਲ੍ਹਾ ਖ਼ੂਨ ਰੰਗ ਲਿਆਵੇਗਾ।
Kiya batt a ANMOL ji ! SADA sikhi sidak ta jag jahar a (ser jave ta jave ,sada sikhi sidak na jave) .
Tuhada likhya sidak man nu su giya…….