ਅੰਮ੍ਰਿਤਸਰ-ਅੱਜ ਪੂਰੇ ਢਾਈ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਨੂੰ ਜ਼ਮਾਨਤ ਉਤੇ ਰਿਹਾ ਕਰ ਦਿਤਾ ਗਿਆ, ਅਦਾਲਤੀ ਅਮਲ ਨੇ ਭਾਵੇਂ ਪਛੜਕੇ ਹੀ ਸਹੀ ਪਰ ਇਹ ਗੱਲ ਸਪਸ਼ਟ ਕਰ ਦਿਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਕਰਨ ਦਾ ਕੋਈ ਕਾਨੂੰਨੀ ਅਧਾਰ ਮੌਜੂਦ ਨਹੀਂ ਸੀ।੨੭ ਅਗਸਤ ੨੦੦੯ ਨੂੰ ਉਹਨਾਂ ਦੀ ਲੁਧਿਆਣਾ ਤੋਂ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ, ਮਾਨਸਾ, ਰੋਪੜ ਤੇ ਸਰਦੂਲਗੜ ਵਿਚ ੪ ਕੇਸ ਪਾਏ ਗਏ ਜਿਹਨਾਂ ਵਿਚੋਂ ਰੋਪੜ ਵਾਲਾ ਕੇਸ ਬਰੀ ਹੋ ਚੁੱਕਾ ਹੈ ਅਤੇ ਬਾਕੀ ਵੀ ਬਰੀ ਹੋਣ ਦੀ ਕਗਾਰ ਉੱਤੇ ਹਨ। ਇਸ ਢਾਈ ਸਾਲ ਦੀ ਨਜ਼ਰਬੰਦੀ ਦੌਰਾਨ ਉਹਨਾਂ ਉੱਤੇ ਸਰਕਾਰ ਵਲੋਂ ਬਰਨਾਲਾ, ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਪਹਿਲਾਂ ਤੋਂ ਚੱਲ ਰਹੇ ਦੇਸ਼-ਧ੍ਰੋਹ ਦੇ ੩ ਕੇਸ ਵੀ ਬਰੀ ਹੋ ਗਏ ਹਨ। ਇਸ ਤਰ੍ਹਾਂ ਭਾਈ ਦਲਜੀਤ ਸਿੰਘ ਉੱਤੇ ਹੁਣ ਤੱਕ ਪਾਏ ਕੁੱਲ ੨੯ ਕੇਸਾਂ ਵਿਚੋਂ ੨੫ ਬਰੀ ਹੋ ਚੁੱਕੇ ਹਨ ਅਤੇ ਬਾਕੀ ੪ ਕੇਸ ਵੀ ਆਪਣਾ ਦਮ ਤੋੜਨ ਲਈ ਸਹਿਕ ਰਹੇ ਹਨ ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਭਾਈ ਦਲਜੀਤ ਸਿੰਘ ਦੀ ਗ੍ਰਿਫਤਾਰੀ, ਉਹਨਾਂ ਨੂੰ ਹਰ ਹੀਲੇ ਜੇਲ੍ਹ ਵਿਚ ਡੱਕਣ ਦੇ ਕਪਟੀ ਮਨੋਰਥ ਤੇ ਮੰਦਭਾਵਨਾ ਨਾਲ ਕੀਤੀ ਗਈ ਸੀ। ਸਵਾਲ ਖੜ੍ਹਾ ਹੁੰਦਾ ਹੈ ਕਿ ਭਾਈ ਦਲਜੀਤ ਸਿੰਘ ਨੂੰ ਇਸ ਅਦਾਲਤੀ ਹਨੇਰਗਰਦੀ ਦਾ ਸ਼ਿਕਾਰ ਕਿਉਂ ਹੋਣਾ ਪਿਆ ਹੈ? ਇਹ ਸਿਰਫ ਇਕ ਸਖਸ਼ੀਅਤ ਦਾ ਸਵਾਲ ਨਹੀਂ ਹੈ ਸਗੋਂ ਗੁਰੂ ਸਾਹਿਬਾਨ ਵਲੋਂ ਪਾਏ ਗਏ ਪੂਰਨਿਆਂ ਉਪਰ ਚੱਲਣ ਵਾਲਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਜ਼ਾਲਮ ਹਕੂਮਤਾ ਦਾ ਟਾਕਰਾ ਕਰਦਿਆਂ ਆਪਣੇ ਗੁਰੂ ਪ੍ਰਤੀ ਫਰਜ਼ਾਂ ਨੂੰ ਅਦਾ ਕੀਤਾ ਹੈ।
ਅੱਜ ਕਰੀਬ ਸ਼ਾਮੀ ੪ ਵਜੇ ਭਾਈ ਦਲਜੀਤ ਸਿੰਘ ਬਿੱਟੂ ਕੇਂਦਰੀ ਜੇਲ਼੍ਹ ਚੋ ਬਾਹਰ ਆਏ ਜਿੱਥੇ ਹਜਾਰਾਂ ਸੰਗਤਾਂ ਨੇ ਜੈਕਾਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹ ਉੱਥੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ ਅਤੇ ਉਸ ਤੋਂ ਬਾਅਦ ਦੇਰ ਸ਼ਾਮ ਲੁਧਿਆਣਾ ਵੱਲ ਚਾਲੇ ਪਾਏ।