ਬਾਲੀਵੁੱਡ ਦੇ ਅਦਾਕਾਰ ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਇਹ ਵਿਚਾਰ ਗੋਵਿੰਦਾ ਨੇ ਬਾਲੀਵੁੱਡ ਵਿੱਚ ਆਪਣੇ ਫਿਲਮੀ ਕੈਰੀਅਰ ਦੇ 25 ਸਾਲ ਪੂਰੇ ਹੋਣ ਮੌਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਹੇ।
ਗੋਵਿੰਦਾ ਨੇ ਆਪਣਾ ਫਿਲਮੀ ਕੈਰੀਅਰ 1986 ਵਿਚ ‘ਝੂਠਾ ਇਲਜ਼ਾਮ’ ਨਾਮ ਦੀ ਫਿਲਮ ਨਾਲ ਸ਼ੁਰੂ ਕੀਤਾ। ਗੋਵਿੰਦਾ ਨੇ ਆਪਣੀ ਕਾਮਯਾਬੀ ਸਬੰਧੀ ਕਿਹਾ ਕਿ ਜਨਤਾ ਹੀ ਹੈ ਜਿਹੜੀ ਨਿਰਧਾਰਿਤ ਕਰਦੀ ਹੈ ਕਿ ਤੁਹਾਨੂੰ ਅੱਗੇ ਕੰਮ ਮਿਲੇਗਾ, ਪੈਸਾ ਮਿਲੇਗਾ ਅਤੇ ਕੀ ਤੁਹਾਨੂੰ ਲੋਕਾਂ ਦਾ ਪਿਆਰ ਮਿਲੇਗਾ। ਉਨ੍ਹਾਂ ਨੇ ਕਿਹਾ 25 ਸਾਲਾਂ ਦੇ ਇਸ ਸਫ਼ਰ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਅਥਾਹ ਪਿਆਰ ਮਿਲਿਆ ਅਤੇ ਭਾਰਤ ਦੀਆਂ ਲੱਖਾਂ ਮਾਵਾਂ ਦੀਆਂ ਦੁਆਵਾਂ ਮਿਲੀਆਂ। ਗੋਵਿੰਦਾ ਨੇ ਆਪਣੇ ਫਿਲਮੀ ਕੈਰੀਅਰ ਵਿਚ ਅਨੇਕਾਂ ਸ਼ਾਨਦਾਰ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਅਤੇ ਹੁਣ ਜਲਦੀ ਹੀ ਉਸਦੀ ਫਿਲਮ ‘ਅਵਤਾਰ’ ਆ ਰਹੀ ਹੈ।
ਵਰਣਨਯੋਗ ਹੈ ਕਿ ਫਿਲਮਾਂ ਤੋਂ ਇਲਾਵਾ ਗੋਵਿੰਦਾ ਦੇ ਸਿਆਸਤ ਵਿਚ ਹੱਥ ਅਜ਼ਮਾਏ ਅਤੇ 2004 ਵਿਚ ਲੋਕਸਭਾ ਦੀ ਚੋਣ ਜਿੱਤੀ, ਪਰੰਤੂ ਗੋਵਿੰਦਾ ਨੂੰ ਸਿਆਸਤ ਰਾਸ ਨਹੀਂ ਆਈ ਅਤੇ ਉਹ ਸਿਆਸਤ ਤੋਂ ਤੌਬਾ ਕਰਕੇ ਦੁਬਾਰਾ ਬਾਲੀਵੁੱਡ ਪਰਤ ਆਏ। ਇਸਤੋਂ ਬਾਅਦ ਗੋਵਿੰਦਾ ਨੇ ਸਲਮਾਨ ਖਾਨ ਦੇ ਨਾਲ ‘ਪਾਰਟਨਰ’ ਫਿਲਮ ਰਾਹੀਂ ਫਿਲਮਾਂ ਵਿਚ ਵਾਪਸੀ ਕੀਤੀ। ਇਸਲਈ ਉਹ ਸਲਮਾਨ ਖਾਨ ਦਾ ਧੰਨਵਾਦ ਕਰਦੇ ਹਨ ਕਿ ਉਸਨੇ ਉਸ ਵੇਲੇ ਗੋਵਿੰਦਾ ਦਾ ਸਾਥ ਦਿੱਤਾ।