ਬ੍ਰਾਜ਼ਾਵਿਲ- ਮੱਧ ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਬ੍ਰਾਜ਼ਾਵਿਲ ਦੇ ਇਕ ਫੌਜੀ ਟਿਕਾਣੇ ‘ਤੇ ਹੋਏ ਭਿਆਨਕ ਧਮਾਕੇ ਦੌਰਾਨ ਘਟੋ ਘੱਟ 150 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ਾਂ ਮੀਲਾਂ ਦੂਰ ਤੱਕ ਸੁਣਾਈ ਦਿੱਤੀ ਗਈ।
ਇਸ ਧਮਾਕੇ ਕਰਕੇ ਨਜ਼ਦੀਕ ਦੇ ਅਨੇਕਾਂ ਘਰ ਢਹਿ ਢੇਰੀ ਹੋ ਗਏ, ਜਿਸ ਕਰਕੇ 1500 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਕ ਸਮਾਚਾਰ ਏਜੰਸੀ ਨੇ ਰਾਸ਼ਟਰਪਤੀ ਭਵਨ ਦੇ ਹਵਾਲੇ ਨਾਲ ਮਰਨ ਵਾਲਿਆਂ ਦੀ ਗਿਣਤੀ 200 ਦੱਸੀ ਹੈ। ਸਰਕਾਰੀ ਰੇਡੀਓ ਨੇ ਰੱਖਿਆ ਮੰਤਰੀ ਚਾਰਲਸ ਬੋਵਾਓ ਦੇ ਹਵਾਲੇ ਨਾਲ ਕਿਹਾ ਕਿ ਇਹ ਧਮਾਕੇ ਇਕ ਗੋਦਾਮ ਵਿਚ ਅੱਗ ਲੱਗਣ ਤੋਂ ਬਾਅਦ ਸ਼ੁਰੂ ਹੋਏ। ਕਾਂਗੋ ਵਿਚ ਤਖਤਾ ਪਲਟ ਦੀਆਂ ਅਫਵਾਹਾਂ ਨੂੰ ਦਰਕਿਨਾਰ ਕਰਦੇ ਹੋਏ ਰੱਖਿਆ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਬਹੁਤ ਸਾਰੇ ਲੋਕ ਇਕ ਚਰਚ ਦੇ ਢਹਿ ਜਾਣ ਤੋਂ ਬਾਅਦ ਉਸਦੇ ਹੇਠਾਂ ਮਲਬੇ ਹੇਠਾਂ ਦੱਬੇ ਹੋਏ ਹਨ।