ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆ ਵਿਚ ਰਿਸ਼ਤੇ ਵੀ ਤੇਜ਼ੀ ਨਾਲ ਬਦਲ ਰਹੇ ਹਨ, ਪੁਰਾਨੇ ਰਿਸ਼ਤੇ ਤਿੜਕ ਰਹੇ ਹਨ, ਨਵੇਂ ਰਿਸ਼ਤੇ ਬਣ ਰਹੇ ਹਨ। ਰਿਸ਼ਤੇ ਜੋ ਖੁਨ ਦੇ ਹਨ, ਜੋ ਰਿਸ਼ਤੇਦਾਰੀਆਂ ਨਾਲ ਸਬੰਧ ਰਖਦੇ ਹਨ, ਰਿਸ਼ਤੇ ਜੋ ਮੋਹ ਦੇ ਹਨ, ਪਿਆਰ ਦੇ ਹਨ, ਸਤਿਕਾਰ ਦੇ ਹਨ, ਭਾਈਚਾਰਕ ਜਾਂ ਆਪਸੀ ਸਾਂਝ, ਸੂਝ ਬੂਝ ਤੇ ਵਿਸ਼ਵਾਸ਼ ਦੇ ਹਨ। ਕੁਝ ਰਿਸ਼ਤੇ ਕੁਦਰਤ ਵਲੋਂ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਕਿ ਮਾਤਾ ਪਿਤਾ, ਭੈਣ ਭਰਾ, ਤਾਇਆ ਚਾਚਾ, ਭੂਆ, ਮਾਮਾ ਮਾਸੀ ਆਦਿ । ਕੁਝ ਰਿਸ਼ਤੇ ਹਰ ਵਿਅਕਤੀ ਆਪ ਬਣਾਉਂਦਾ ਹੈ ਜਿਵੇਂ ਪਤੀ ਜਾਂ ਪਤਨੀ, ਦੋਸਤ ਦੁਸ਼ਮਣ ਆਦਿ।
ਰਿਸ਼ਤਿਆਂ ਦੀ ਬੜੀ ਅਹਿਮੀਅਤ ਹੁੰਦੀ ਹੈ। ਸਾਰੇ ਰਿਸਤੇ ਅਪਣਾ ਅਪਣਾ ਵਿਸ਼ੇਸ ਮਹੱਤਵ ਰਖਦੇ ਹਨ।
ਰਿਸ਼ਤੇ ਬਣਾਉਣੇ ਸੌਖੇ ਹਨ ਪਰ ਨਿਭਾਉਣੇ ਬੜੇ ਔਖੇ ਹਨ। ਹਰ ਰਿਸ਼ਤੇ ਦੀ ਕਿਸੇ ਨਾ ਕਿਸੇ ਰੂਪ ਵਿਚ ਕੀਮਤ ਦੇਣੀ ਪੈਂਦੀ ਹੈ, ਇਥੋਂ ਤਕ ਕਿ ਦੁਸ਼ਮਣੀ ਦੇ ਰਿਸ਼ਤੇ ਦੀ ਵੀ।
ਮਾਮਾ,ਮਾਮੀ, ਮਾਸੀ, ਭੂਆ ਆਦਿ ਪਾਸ ਬੱਚਿਆਂ ਨੂੰ ਲਿਜਾਣਾ ਚਾਹੀਦਾ, ਤਾਂ ਜੋ ਉਨ੍ਹਾਂ ਨੂੰ ਪਤਾ ਲਗੇ ਕਿ ਇਹ ਅਪਣੱਤ ਭਰੇ ਰਿਸ਼ਤੇ ਹਨ। ਅਜਕਲ ਦੇ ਬੱਚੇ ਨਾਨਕੇ ਆਦਿ ਜਾਣ ਦੀ ਥਾ ਸੈਰ ਸਪਾਟਾ ਨੂੰ ਜਾਣਾ ਵਧੇਰੇ ਪਸਦ ਕਰਦੇ ਹਨ।
ਅਜਕਲ ਸਾਡੇ ਬੱਚੇ ਪੱਛਮੀ ਸਭਿਅਚਾਰ ਦੇ ਪ੍ਰਭਾਵ ਹੇਠ ਅਪਣੇ ਮਾਤਾ ਪਿਤਾ ਨੂੰ “ਮੌਮ ਡੈਡ” ਕਹਿਣ ਲਗੇ ਹਨ ਤੇ ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਅੰਕਲ ਤੇ ਆਟੀ, ਪਤਾ ਹੀ ਨਹੀਂ ਲਗਦਾ ਕਿ ਇਹ ਅੰਕਲ ਚਾਚਾ ਤਾਇਆ, ਮਾਮਾ ਜਾਂ ਫੁਫੜ ਹੈ ਅਤੇ ਆਂਟੀ ਚਾਚੀ,ਤਾਈ, ਮਾਸੀ ਜਾਂ ਭੂਆ ਹੈ। ਚਾਚਾ ਚਾਚੀ, ਤਾਇਆ ਤਾਈ, ਮਾਮਾ ਮਾਮੀ, ਮਾਸੀ ਮਾਸੜ, ਭੂਆ ਫੁਫੜ ਆਦਿ ਬਹੁਤ ਨਜ਼ਦੀਕੀ ਤੇ “ਅਪਣੱਤ” ਭਰੇ ਰਿਸ਼ਤੇ ਹਨ, ਇਹਨਾਂ ਨੂੰ ਅੰਕਲ ਆਂਟੀ ਕਹਿਣਾ ਜੱਚਦਾ ਨਹੀਂ। ਅੰਕਲ ਆਂਟੀ ਤਾਂ ਇਨ੍ਹਾਂ ਤੋਂ ਬਿਨਾ ਹੋਰਨਾ ਨੂੰ ਕਹਿਣਾ ਠੀਕ ਲਗਦਾ ਹੈ। ਮੈਨੂੰ ਗੁਰਧਾਮਾਂ ਦੀ ਯਾਤਰਾ ਲਈ ਕਈ ਵਾਰੀ ਪਾਕਿਸਤਾਨ ਜਾਣ ਦਾ ਮੌਕਾ ਲਗਾ ਹੈ। ਉਥੇ ਹਾਲੇ ਵੀ ਆਮ ਬੱਚੇ ਮਾਤਾ ਪਿਤਾ ਨੰ ਅੱਬਾ ਅੰਮੀ ਤੇ ਨਣਦੀਕੀ ਰਿਸ਼ਤਟਦਾਰਾਂ ਨੂੰ ਚਾਚਾ ਚਾਚੀ ਆਦਿ ਕਹਿ ਕੇ ਸੰਬੋਧਨ ਕਰਦੇ ਹਨ, ਜਿਸ ਵਿਚ ਪਿਆਰ, ਸਤਿਕਾਰ ਤੇ ਅਪਣਤ ਭਰੀ ਹੁਮਦਿ ਹੈ। ਵਕਫ ਬੋਰਡ ਦੇ ਇਕ ਅਧਿਕਾਰੀ ਨੇ ਮੈਨੂੰ ਦਸਿਆ, “ਅਸੀਂ ਅੰਕਲ ਤੇ ਆਟੀ ਸਿਰਫ਼ ਗੈਰਾਂ ਵਾਸਤੇ ਵਰਤਦੇ ਹਾਂ, ਆਪਣੇ ਮਾਂ ਪਿਓ ਤੋਂ ਬਿਨਾ ਸਾਰੇ ਰਿਸ਼ਤੇਦਾਰਾਂ ਨੂੰ ਚਾਚਾ, ਚਾਚੀ,ਤਾਇਆ ਤਾਈ, ਬੂਆ ਫੂਫਾ, ਮਾਮੂੰ ਮਾਮੀ ਵਗੈਰਾ ਆਖ ਕੇ ਹੀ ਬੁਲਾਂਦੇ ਹਾਂ।”
ਪੜ੍ਹੇ ਲਿਖੇ ਅਕਸਰ ਕਿਸੇ ਦਫਤਰ ਵਿਚ ਕੰਮ ਕਰਦੀ ਔਰਤ ਨੂੰ ਜਾਂ ਹੋਰ ਪੜ੍ਹੀਆਂ ਲਿਖੀਆਂ ਔਰਤਾਂ ਨੂੰ “ਮੈਡਮ” ਆਖ ਕੇ ਸੰਬੋਧਨ ਕਰਦੇ ਹਨ। ਮੈਡਮ ਦੀ ਥਾਂ ਪੰਜਾਬੀ ਵਿ”ਬੀਬੀ” ਆਖਿਆ ਜਾ ਸਕਦਾ ਹੈ। ਮੇਰੇ ਵਿਚਾਰ ਅਨੁਸਾਰ ਪੰਜਾਬੀ ਜਨ ਜੀਵਨ ਤੇ ਸਭਿਆਚਾਰ ਵਿਚ “ਬੀਬੀ”ਬੜਾ ਅਮੀਰ ਸ਼ਬਦ ਹੈ, ਜੋ ਬੜੇ ਹੀ ਸਤਿਕਾਰ, ਪਿਆਰ ਤੇ ਅਪਣੱਤ ਨਾਲ ਭਰਿਆ ਹੈ ਅਤੇ ਜੋ ਆਪਣੀ ਮਾਂ, ਭੈਣ ਤੋਂ ਬਿਨਾ ਹਰ ਔਰਤ ਨੂੰ ਸੰਬੋਧਨ ਕਰਨ ਲਈ ਵਰਤਿਆ ਜਾ ਸਕਦਾ ਹ, ਇਥੋਂ ਤਕ ਕਿ ਜਿਸ ਔਰਤ ਨੂੰ ਜਾਣਦੇ ਵੀ ਨਹੀਂ, ਉਸ ਲਈ ਵੀ । ਅਕਸਰ ਹਰ ਬੱਚੀ ਤੇ ਆਪਣੇ ਤੋਂ ਛੋਟੀ ਉਮਰ ਦੀ ਕੁੜੀ ਨੂੰ “ਬੀਬਾ” ਕਿਹਾ ਜਾਦਾ ਹੈ। ਇਹ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਅਮੀਰੀ ਹੈ।
ਅਪਣੇ ਅਪਣੱਤ ਭਰੇ ਰਿਸ਼ਤਿਆਂ ਨਾਲ ਨਿੱਘੇ ਸਬੰਧ ਬਣਾ ਕੇ ਰਖਣੇ ਚਾਹੀਦੇ ਹਨ, ਇਹੋ ਸਾਡੇ ਦੁੱਖ ਸੁੱਖ ਦੇ ਭਾਈਵਾਲ ਬਣਦੇ ਹਨ।