ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿਧਾਨ ਸੱਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੇ ਆਪਣੇ ਦਮ ਤੇ ਸੰਪੂਰਨ ਬਹੁਮੱਤ ਹਾਸਿਲ ਕਰ ਲਿਆ ਹੈ। ਉਤਰ ਪ੍ਰਦੇਸ਼ ਦੀ ਵਿਧਾਨ ਸੱਭਾ ਦੀਆਂ 403 ਸੀਟਾਂ ਵਿੱਚੋਂ ਸਮਾਜਵਾਦੀ ਪਾਰਟੀ ਨੇ 226 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਮਾਇਆਵਤੀ ਦੇ ਹਾਥੀ ਨੂੰ ਇਸ ਵਾਰ ਸਿਰਫ਼ 80 ਸੀਟਾਂ ਤੇ ਹੀ ਸਬਰ ਕਰਨਾ ਪਿਆ। ਭਾਜਪਾ ਨੇ 47 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ ਅਤੇ ਕਾਂਗਰਸ ਦੇ ਖਾਤੇ ਵਿੱਚ ਕੇਵਲ 28 ਸੀਟਾਂ ਹੀ ਗਈਆਂ ਹਨ। ਲੋਕ ਦਲ ਨੂੰ 9 ਸੀਟਾਂ ਮਿਲੀਆਂ ਹਨ ਅਤੇ ਹੋਰਾਂ ਦੇ ਖਾਤੇ ਵਿੱਚ 11 ਸੀਟਾਂ ਗਈਆਂ ਹਨ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਚੋਣਾਂ ਵਿੱਚ ਮਿਲੀ ਭਾਰੀ ਸਫ਼ਲਤਾ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਾਡੇ ਪੰਜ ਸਾਲ ਦੇ ਸੰਘਰਸ਼ ਦਾ ਹੀ ਸਿੱਟਾ ਹੈ। ਉਨ੍ਹਾਂ ਨੇ ਇਸ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਜਨਤਾ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੁਲਾਇਮ ਸਿੰਘ ਨੇ ਇਸ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਅਤੇ ਆਪਣੇ ਪੁੱਤਰ ਅਖਿਲੇਸ਼ ਨੂੰ ਦਿੱਤਾ। ਮੁਲਾਇਮ ਨੇ ਦੂਸਰੇ ਨੇਤਾਵਾਂ ਤੇ ਟਿਪਣੀ ਕਰਨ ਤੋਂ ਗਰੇਜ਼ ਹੀ ਕੀਤਾ। ਜਦੋਂ ਉਨ੍ਹਾਂ ਤੋਂ ਮਾਇਆਵਤੀ ਦੀ ਹਾਰ ਦਾ ਕਾਰਣ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਰੇ ਹੋਏ ਬਾਰੇ ਕੀ ਬੋਲਣਾ। ਰਾਹੁਲ ਦੇ ਸਬੰਧ ਵਿੱਚ ਵੀ ਉਨ੍ਹਾਂ ਨੇ ਇਹੀ ਕਿਹਾ ਕਿ ਰਾਹੁਲ ਨੇ ਪਾਰਟੀ ਲਈ ਮਿਹਨਤ ਕੀਤੀ ਹੈ, ਮਿਹਨਤ ਸਫ਼ਲ ਨਹੀਂ ਹੋਈ, ਇਹ ਵੱਖਰੀ ਗੱਲ ਹੈ।
ਉਤਰਾਖੰਡ ਵਿੱਚ ਭਾਜਪਾ ਨੇ 31 ਅਤੇ ਕਾਂਗਰਸ ਨੇ 32 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ। 3 ਸੀਟਾਂ ਬਸਪਾ ਦੇ ਖਾਤੇ ਵਿੱਚ ਗਈਆਂ ਹਨ ਅਤੇ 4 ਸੀਟਾਂ ਤੇ ਹੋਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਗੋਆ ਵਿੱਚ ਬੀਜੇਪੀ ਨੇ 26 ਸੀਟਾਂ ਲੈ ਕੇ ਆਪਣੀ ਜਿੱਤ ਦਰਜ਼ ਕਰਵਾਈ ਹੈ। ਮਣੀਪੁਰ ਵਿੱਚ ਕਾਂਗਰਸ ਨੇ 42 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ।