ਚੰਡੀਗੜ੍ਹ – ਪਾਕਿਸਤਾਨ ਵਿੱਚ ਆਈ.ਐਸ.ਆਈ ਅਤੇ ਫੌਜ, ਸਰਕਾਰ ਦੇ ਬਰਾਬਰ ਦੀ ਹੈਸੀਅਤ ਰੱਖਦੀ ਹੈ, ਇਸ ਕਰਕੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ.ਆਈ ਦੇ ਨਵੇਂ ਬਣੇ ਚੀਫ਼ ਜਨਰਲ ਜਹੀਰਉੱਲ ਇਸਲਾਮ ਮਨੁੱਖੀ ਹੱਕਾਂ, ਕਦਰਾਂ-ਕੀਮਤਾਂ ਵੱਲ ਵੱਧ ਤਵੱਜੋਂ ਦੇਣਗੇ ਅਤੇ ਜਿਸਮਾਨੀ ਤਸੀਹੇ ਬੰਦ ਕਰਵਾ ਕੇ ਮਨੁੱਖੀ ਹੱਕਾਂ ਦੀ ਰਖਵਾਲੀ ਬਹਾਲ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਜਰਨਲ ਜਹੀਰਉੱਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੋ ਪਿਛਲੇ ਦਿਨੀਂ ਪਾਕਿਸਤਾਨੀ ਸਰਕਾਰ, ਖੁਫ਼ੀਆ ਏਜੰਸੀਆਂ ਅਤੇ ਫੋਜ ਵਲੋਂ ਮੌਤ ਦੇ ਘਾਟ ਉਤਾਰੇ ਬਲੋਚਿਸਤਾਨੀ ਲੀਡਰ ਜਨਾਬ ਬੁਗਤੀ ਦੀ ਮੌਤ ਦੀ ਸਹੀ ਜਾਣਕਾਰੀ ਸਾਹਮਣੇ ਲਿਆਉਣਗੇ ਅਤੇ ਪਾਕਿਸਤਾਨੀ ਫੋਜ ਦੇ ਦੋਸ਼ੀ ਅਫਸਰਾਂ, ਜਿਨਾਂ ਇਹ ਘਿਨਾਉਣਾ ਕਾਰਨਾਮਾ ਕੀਤਾ ਹੈ, ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਲਈ ਉਪਰਾਲੇ ਕਰਨਗੇ, ਕਿਉਕਿ ਜਨਾਬ ਬੁਗਤੀ ਦਾ ਇਹ ਕਤਲ ਇੱਕ ਸਰਕਾਰੀ ਕਤਲ ਹੈ। ਸ੍ਰ. ਮਾਨ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਜਨਾਬ ਬੁਗਤੀ ਮੇਰੇ ਵੱਡੇ ਭਰਾ ਸ੍ਰ. ਮਨਜੀਤ ਸਿੰਘ ਮਾਨ ਨਾਲ ਚੀਫ਼ਸ ਕਾਲਜ, ਲਾਹੌਰ ਵਿੱਚ ਪੜ੍ਹਦੇ ਰਹੇ ਹਨ, ਜੋ ਇੱਕ ਵਧੀਆ ਸੋਚ ਅਤੇ ਇਮਾਨਦਾਰ ਸਖ਼ਸੀਅਤ ਦੇ ਮਾਲਕ ਸਨ । ਬਲੋਚਿਸਤਾਨ ਵਿੱਚ ਅਮਨ ਕਾਇਮ ਰੱਖਣਾਂ ਸਮੇਂ ਦੀ ਪਹਿਲੀ ਲੋੜ ਹੈ।
ਸ੍ਰ. ਮਾਨ ਨੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਪ੍ਰਾਇਮਰੀ ਪੱਧਰ ਦੀਆਂ ਪੁਸਤਕਾਂ ਵਿੱਚ ਜੋ ਸਿੱਖ ਗੁਰੂਆਂ, ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਹੋ ਰਹੇ ਗਲਤ ਪ੍ਰਚਾਰ ਨੂੰ ਵੀ ਬੰਦ ਕਰਾਉਣਗੇ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਵੀ ਪ੍ਰਬੰਧ ਕਰਨਗੇ, ਕਿਉਕਿ ਸਿੱਖ ਇੱਕ ਵੱਖਰੀ ਕੌਮ ਹੈ, ਜਿਸ ਦਾ ਹਿੰਦੂ ਅਤੇ ਮੁਸਲਮਾਨ ਕੌਮ ਨਾਲ ਕੋਈ ਵੈਰ-ਵਿਰੋਧ ਨਹੀਂ ਹੈ। ਹਿੰਦੂਤਵ ਵਲੋਂ ਸਿੱਖ ਕੌਮ ਨੂੰ ਮਿਟਾਉਣ ਲਈ ਕੀਤੇ ਜਾ ਰਹੇ ਜ਼ਬਰ-ਜ਼ੁਲਮ ਅਤੇ ਹੋਰ ਮਨਸੂਬਿਆਂ ਤੇ ਵੀ ਧਿਆਨ ਰੱਖਣ ਦੀ ਜਰੂਰਤ ਹੈ, ਜ਼ਬਰ ਦੇ ਨਾਲ ਕਿਸੇ ਵੀ ਕੌਮ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਹੀ ਇਸ ਜ਼ਬਰ ਕਰਨ ਦੀ ਹਿੰਦੂਤਵ ਨੀਤੀ ਨੇ ਹਿੰਦੂ-ਰਾਸ਼ਟਰ ਦਾ ਵੀ ਬਹੁਤ ਨੁਕਸਾਨ ਕੀਤਾ ਹੈ । ਸ੍ਰ. ਮਾਨ ਨੇ ਅੱਗੇ ਕਿਹਾ ਕਿ ਜਨਰਲ ਜਹੀਰਉੱਲ ਇਸਲਾਮ ਪੰਜਾਬ ਦੇ ਮਾਰਸ਼ਲ ਘਰਾਣੇ ਨਾਲ ਸਬੰਧ ਰੱਖਦੇ ਹਨ, ਇਸ ਲਈ ਉਹ ਪਾਕਿਸਤਾਨ ਸਰਕਾਰ ਵਲੋਂ ਸਿੱਖ ਕੌਮ ਪ੍ਰਤੀ ਅਖਤਿਆਰ ਕੀਤੀ ਵੀਜ਼ਾ ਪਾਲਿਸੀ ਨੂੰ ਖ਼ਤਮ ਕਰਨ ਵੱਲ ਵੀ ਧਿਆਨ ਦੇਣਗੇ ਅਤੇ ਖੁੱਲੇ ਤੌਰ ਤੇ ਸਿੱਖਾਂ ਨੂੰ ਆਉਣ ਜਾਣ ਦੀ ਖੁੱਲ ਦੇਣਗੇ, ਜਿਸ ਨਾਲ ਸਿੱਖ ਕੋਮ ਆਪਣੇ ਪਾਕਿਸਤਾਨ ਵਿਚਲੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਵਿੱਚ ਰਾਹਤ ਮਹਿਸੂਸ ਕਰੇਗੀ। ਕਿਉਕਿ ਸਿੱਖ ਮਜ਼੍ਹਬ ਦਾ ਅੱਧਾ ਇਤਿਹਾਸ, ਬੋਲੀ, ਲਿਪੀ ਅਤੇ ਸਭਿਆਚਾਰ ਪਾਕਿਸ਼ਤਾਨ ਵਿੱਚ ਮੌਜੂਦ ਹੈ ।