ਵਾਡੀਆ- ਉਤਰ ਗੁਜਰਾਤ ਦੀ ਥਰਾਦ ਤਹਿਸੀਲ ਦੇ ਵਾਡੀਆ ਪਿੰਡ ਵਿੱਚ 15 ਸਾਲਾਂ ਬਾਅਦ ਵਿਆਹ ਦੀ ਸ਼ਹਿਨਾਈ ਵਜੇਗੀ। ਇਸ ਪਿੰਡ ਵਿੱਚ ਰਹਿਣ ਵਾਲੀ ਹਰ ਇੱਕ ਲੜਕੀ ਨੂੰ ਜਵਾਨ ਹੁੰਦੇ ਹੀ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ ਜਾਂਦਾ ਹੈ। ਅੱਜ ਇਸ ਪਿੰਡ ਵਿੱਚ 24 ਕੁੜੀਆਂ ਦੇ ਜੀਵਨ ਦਾ ਨਵਾਂ ਸਫਰ ਸ਼ੁਰੂ ਹੋਵੇਗਾ।
ਵਾਡੀਆ ਪਿੰਡ ਦੇ ਲੋਕਾਂ ਦੇ ਗੁਜ਼ਰ ਬਸਰ ਕਰਨ ਦਾ ਮੁੱਖ ਸਰੋਤ ਖੇਤੀਬਾੜੀ ਅਤੇ ਛੋਟੇ ਮੋਟੇ ਘਰੇਲੂ ਉਦਯੋਗ ਹੀ ਹਨ। ਇਹ ਪਿੰਡ ਬਹੁਤ ਪੱਛੜਿਆ ਹੋਇਆ ਹੈ। ਇਸ ਲਈ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਇਸ ਪਿੰਡ ਦੇ ਲੋਕਾਂ ਨੇ ਜਿਸਮ ਫਰੋਸ਼ੀ ਦੇ ਧੰਦੇ ਨੂੰ ਅਪਨਾਇਆ। ਦੇਹ ਵਪਾਰ ਦੀ ਪਰੰਪਰਾ ਦੀ ਗ੍ਰਿਫ਼ਤ ਵਿੱਚ ਜਕੜੇ ਇਸ ਪਿੰਡ ਦੀਆਂ ਕੁੜੀਆਂ ਦਾ ਜੀਵਨ ਬਸ ਇਥੋਂ ਤੱਕ ਹੀ ਸੀਮਤ ਰਹਿ ਗਿਆ ਸੀ। ਪਿੱਛਲੇ ਕੁਝ ਅਰਸੇ ਤੋਂ ਪ੍ਰਸ਼ਾਸਨ ਅਤੇ ਕੁਝ ਸਮਾਜਿਕ ਸੰਗਠਨਾਂ ਦੇ ਯਤਨਾਂ ਸਦਕਾ ਇੱਥੇ ਕੁਝ ਬਦਲਾਅ ਆਇਆ ਹੈ। ਪਿੱਛਲੇ 15 ਸਾਲਾਂ ਤੋਂ ਇੱਥੇ ਕਦੇ ਕੋਈ ਵਿਆਹ ਨਹੀਂ ਹੋਇਆ। ਕੁਝ ਸਮਾਜ ਸੇਵਾ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਇੱਥੇ 24 ਲੜਕੀਆਂ ਦੇ ਵਿਆਹ ਹੋ ਰਹੇ ਹਨ।
ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਲੜਕੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਹੈ ਪਰ ਘਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਬੂਰੀ ਵਸ ਇਹ ਸੱਭ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਵੀ ਇਜ਼ਤ ਨਾਲ ਆਪਣਾ ਜੀਵਨ ਗੁਜ਼ਾਰ ਸਕਾਂਗੀਆਂ। ਇਹ ਪਿੰਡ ਪਿੱਛਲੇ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਰਿਹਾ ਹੈ। ਇਸ ਲਈ ਸ਼ਾਦੀ ਦੀ ਕਵਰਿਜ਼ ਕਰਨ ਲਈ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਪੱਤਰਕਾਰ ਪਹੁੰਚੇ ਹੋਏ ਹਨ।