ਫਤਿਹਗੜ੍ਹ ਸਾਹਿਬ – ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 14 ਮਾਰਚ ਨੂੰ ਚੱਪੜਚਿੜੀ ਦੇ ਉਸ ਮਾਹਾਨ ਸਥਾਨ ਉਤੇ ਸੌਂਹ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ ਜਿਥੋਂ ਸਿੱਖ ਕੌਮ ਨੇ ਜ਼ਾਬਰ ਮੂਲ ਹਕੂਮਤ ਦੀਆਂ ਨੀਹਾਂ ਪੁੱਟ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਪਰ ਇਸ ਸੌਂਹ ਚੁੱਕ ਸਮਾਗਮ ਵਿਚ ਸਿੱਖ ਕੌਮ ਦੇ ਕਾਤਲ ਅਡਵਾਨੀ ਜਿਸਨੇ ਆਪਣੇ ਵਲੋਂ ਲਿਖੀ ਕਿਤਾਬ “ਮੇਰਾ ਮੁਲਕ ਮੇਰੀ ਜਿੰਦਗੀ” ਵਿਚ ਇਹ ਪ੍ਰਵਾਨ ਕੀਤਾ ਹੈ ਕਿ ਅਸੀਂ ਮਰਹੂਮ ਇੰਦਰਾ ਗਾਂਧੀ ਨੂੰ ਹੱਲਾਸ਼ੇਰੀ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਵਾਇਆ ਅਤੇ ਜਿਸਨੇ ਇਹ ਵੀ ਕਿਹਾ ਸੀ ਕਿ ਇਹ ਹਮਲਾ ਛੇ ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ, ਸਿੱਖ ਕੌਮ ਦੇ ਉਸ ਮੁਜ਼ਰਿਮ ਨੂੰ ਇਸ ਮਹਾਨ ਅਸਥਾਨ ਤੇ ਬੁਲਾਉਣ ਦੀ ਕੀ ਤੁੱਕ ਬਣਦੀ ਹੈ? ਜੇ ਸ. ਬਾਦਲ ਨੇ ਇਸ ਸਮਾਗਮ ਉਤੇ ਸਿੱਖਾਂ ਦੇ ਕਾਤਲਾਂ ਨੂੰ ਬੁਲਾਉਣਾ ਹੀ ਸੀ ਤਾਂ ਇਹ ਸਮਾਗਮ ਚੱਪੜਚਿੜੀ ਵਿਖੇ ਕਰਨ ਦੀ ਬਜਾਏ ਆਰ.ਐਸ.ਐਸ. ਦੇ ਕੇਂਦਰ ਨਾਗਪੁਰ ਵਿਖੇ ਕਿਉਂ ਨਹੀਂ ਬੁਲਾ ਲੈਂਦੇ?
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਨੇ 14 ਮਾਰਚ ਨੂੰ ਬਾਦਲ ਵਲੋਂ ਕੀਤੇ ਜਾ ਰਹੇ ਸੌਂਹ ਚੁੱਕ ਸਮਾਗਮ ਉਤੇ ਸਿੱਖ ਵਿਰੋੱਧੀ ਅਡਵਾਨੀ ਵਰਗੇ ਆਗੂਆਂ ਨੂੰ ਸੱਦਾ ਭੇਜਣ ਦੇ ਅਮਲ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀੌਤੇ ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਸ. ਬਾਦਲ ਆਪਣੀ ਬਣਾਈ ਜਾ ਰਹੀ ਵਜ਼ਾਰਤ ਵਿਚ ਸ. ਤੋਤਾ ਸਿੰਘ ਅਤੇ ਬੀਬੀ ਜਗੀਰ ਕੌਰ ਵਰਗੇ ਦਾਗੀਆਂ ਨੂੰ ਸ਼ਾਮਿਲ ਕਰਨ ਜਾ ਰਹੇ ਹਨ, ਜਿਨ੍ਹਾਂ ਨੇ ਆਪਣੀ ਹਕੂਮਤ ਦੇ ਨਸ਼ੇ ਵਿਚ ਆਪਣੇ ਪੁੱਤਰ ਮੱਖਣ ਸਿੰਘ ਅਤੇ ਮੋਗੇ ਦੇ ਐਸ.ਐਸ.ਪੀ ਨਾਲ ਰਲ ਕੇ ਲੜਕੀਆਂ ਤੋਂ ਧੰਦੇ ਕਰਵਾਏ ਅਤੇ ਜਿਸ ਬੀਬੀ ਨੇ ਆਪਣੀ ਧੀ ਜਿਸ ਦੇ ਪੇਟ ਵਿਚ ਬੱਚਾ ਸੀ, ਦਾ ਦੋਹਰਾ ਕਤਲ ਕਰਵਾਇਆ। ਇਹ ਹੋਰ ਵੀ ਅਚੰਭੇ ਵਾਲੀ ਗੱਲ ਹੈ ਕਿ ਉਸ ਸਮੇਂ ਦੇ ਕਪੂਰਥਲਾ ਦੇ ਡੀ.ਸੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਕੋਲ ਖੜ੍ਹ ਕੇ ਉਸ ਬੱਚੀ ਦਾ ਜ਼ਬਰੀ ਸਸਕਾਰ ਕਰਵਾ ਦਿੱਤਾ ਤਾਂ ਕਿ ਕਤਲ ਦੇ ਸਬੂਤ ਮਿਟਾਏ ਜਾ ਸਕਣ।
ਸ. ਮਾਨ ਨੇ ਇਸ ਗੱਲ ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਜੋ ਦਲ ਖਾਲਸਾ ਦੀ ਜਥੇਬੰਦੀ ਐਸ.ਜੀ.ਪੀ.ਸੀ ਦੀਆਂ ਚੋਣਾਂ ਵਿਚ ਸਰਨੇ ਦੇ ਪੰਥਕ ਮੋਰਚੇ ਵਿਚ ਸ਼ਾਮਿਲ ਹੋ ਕੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਵਿਰੋਧਤਾ ਕਰ ਰਹੀ ਸੀ, ਇਸ ਦਲ ਖਾਲਸਾ ਨੇ ਸ. ਬਾਦਲ ਨੂੰ ਪੰਥ ਰਤਨ ਅਤੇ ਫਖਰ-ਏ-ਕੌਮ ਦੇ ਖਿਤਾਬ ਦੇਣ ਸਮੇਂ ਡਟ ਕੇ ਵਿਰੋਧਤਾ ਕੀਤੀ ਸੀ । ਅੱਜ ਜਦੋਂ ਸ. ਬਾਦਲ ਅਤੇ ਬਾਦਲ ਦਲੀਆਂ ਨੇ ਗੈਰ- ਸਿਧਾਂਤਕ ਢੰਗਾਂ ਦਾ ਸਹਾਰਾ ਲੈ ਕੇ ਅਤੇ ਧੰਨ ਦੌਲਤਾਂ ਦੇ ਭੰਡਾਰਾਂ ਦੀ ਦੁਰਵਰਤੋਂ ਕਰਕੇ ਸਰਕਾਰ ਬਣਾਉਣ ਜਾ ਰਹੇ ਹਨ, ਤਾਂ ਉਹੀ ਦਲ ਖਾਲਸਾ ਬਾਦਲ ਦੀ ਤਰੀਫ ਦੇ ਸੋਹਲੇ ਗਾਉਣ ਦੀ ਕਾਰਵਾਈ ਕਰਦੇ ਹੋਏ ਕਹਿ ਰਿਹਾ ਹੈ ਕਿ ਸ. ਬਾਦਲ ਨੂੰ ਪੰਥ ਰਤਨ ਅਤੇ ਫਖਰ-ਏ-ਕੌਮ ਦੇ ਖਿਤਾਬ ਉਸ ਦੀਆਂ ਪੰਥਕ ਸੇਵਾਵਾਂ ਬਦਲੇ ਮਿਲੇ ਹਨ ਅਤੇ 14 ਮਾਰਚ ਦਾ ਦਿਨ ਹੀ ਨਾਨਕਸ਼ਾਹੀ ਕੈਲੰਡਰ ਦੀ ਆਰੰਭਤਾ ਵਾਲਾ ਦਿਨ ਹੈ ਅਤੇ ਇਹ 14 ਮਾਰਚ ਸੌਂਹ ਚੁੱਕ ਸਮਾਗਮ ਕਰਨਾ ਸਵਾਗਤਯੋਗ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਦਲ ਖਾਲਸਾ ਨੇ ਫਿਰ ਪੰਥਕ ਮੋਰਚੇ ਵਿਚ ਸ਼ਾਮਿਲ ਹੋ ਕੇ ਬਾਦਲ ਦੀ ਵਿਰੋਧਤਾ ਕਿਉਂ ਕੀਤੀ ਸੀ ਅਤੇ ਅੱਜ ਪ੍ਰਸੰਸਾ ਕਰਨ ਪਿਛੇ ਉਸ ਦੇ ਕੀ ਲੁਕਵੇਂ ਮੰਤਵ ਹਨ? ਸ. ਮਾਨ ਨੇ ਕਿਹਾ ਕਿ ਜੋ ਚੰਦੂ ਅਤੇ ਲਖਪਤ ਰਾਏ ਦੀ ਤਰ੍ਹਾਂ ਸਮੇਂ-ਸਮੇਂ ਨਾਲ ਕੌਮ ਨਾਲ ਗਦਾਰੀਆਂ ਕਰਦੇ ਹਨ ਉਨ੍ਹਾਂ ਨੂੰ ਇਤਿਹਾਸ ਦੇ ਕਟਹਿਰੇ ਵਿਚ ਸਿੱਖ ਕੌਮ ਖੜ੍ਹਾ ਕਰਦੀ ਆਈ ਹੈ । ਜੇਕਰ ਦਲ ਖਾਲਸਾ ਦੇ ਆਗੂ ਸਮੇਂ ਦੀ ਨਜ਼ਾਕਤ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਅੱਜ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਠੋਕੇ ਬਣ ਗਏ ਹਨ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਦੇ ਇਖਲਾਕੀ ਕਟਹਿਰੇ ਵਿਚ ਇਹ ਲੋਕ ਦੋਸ਼ੀ ਅਤੇ ਗੱਦਾਰ ਗਰਦਾਨੇ ਜਾਣਗੇ।