ਮਿਸੀਸਾਗਾ,(ਕੁਲਵਿੰਦਰ ਖਹਿਰਾ)-‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 2012 ਨੂੰ ਸਮਰਪਿਤ ਦੋ ਸਮਾਗਮ ਕੀਤੇ ਗਏ ਜਿਸ ਦੌਰਾਨ 18 ਫ਼ਰਵਰੀ ਨੂੰ ਬੱਚਿਆਂ ਦੇ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ 25 ਫ਼ਰਵਰੀ ਨੂੰ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕਾਫ਼ਲੇ ਵੱਲੋਂ ਪਹਿਲੀ ਵਾਰ ਕਰਵਾਏ ਗਏ ਬੱਚਿਆਂ ਦੇ ਲਿਖਾਈ ਮੁਕਾਬਲਿਆਂ ਵਿੱਚ 30 ਦੇ ਕਰੀਬ ਬੱਚਿਆਂ ਵੱਲੋਂ ਭਾਗ ਲਿਆ ਗਿਆ ਜਿਸ ਵਿੱਚ ਪੰਜ ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੇ ਜਿੱਥੇ ਆਪਣੀ ਸੁੰਦਰ ਲਿਖਾਈ ਦੀ ਪਰਦਰਸ਼ਨੀ ਕੀਤੀ ਓਥੇ ਇਤਿਹਾਸਕ ਜਾਣਕਾਰੀ ਦੇ ਨਮੂੰਨੇ ਵੀ ਪੇਸ਼ ਕੀਤੇ। ਦਿੱਤੇ ਗਏ ਵਿਸਿ਼ਆਂ ਵਿੱਚ ਪੈਂਤੀ ਲਿਖਣ ਤੋਂ ਲੈ ਕੇ ਕਾਮਾਗਾਟਾਮਾਰੂ ਜਹਾਜ਼ ਦੇ ਇਤਿਹਾਸ ਬਾਰੇ ਲਿਖਣਾ ਸ਼ਾਮਲ ਸੀ। ਉਮਰ ਦੇ ਹਿਸਾਬ ਨਾਲ਼ ਵੰਡੇ ਗਏ ਚਾਰ ਭਾਗਾਂ ਵਿੱਚ ਬੱਚਿਆਂ ਦੀ ਕਲਾ ਦੀ ਪਰਖ ਕੀਤੀ ਗਈ ਅਤੇ ਅਧਿਆਪਨ ਨਾਲ਼ ਜੁੜੇ ਹੋਏ ਪੰਜ ਜੱਜਾਂ ਵੱਲੋਂ ਪੇਪਰ ਦੇ ਨੰਬਰ ਲਾਏ ਜਾਣ ਤੋਂ ਬਾਅਦ ਫੈਸਲੇ ਕੀਤੇ ਗਏ। ਇਨ੍ਹਾਂ ਜੱਜਾਂ ਵਿੱਚ ਪੰਜਾਬੀ ਕਵਿੱਤਰੀ ਸੁਰਜੀਤ ਕੌਰ, ਕਹਾਣੀਕਾਰ ਰਛਪਾਲ ਕੌਰ ਗਿੱਲ, ਡਾ. ਜਸਵਿੰਦਰ ਸੰਧੂ, ਡਾ. ਬਲਜਿੰਦਰ ਸੇਖੋਂ, ਅਤੇ ਇਕਬਾਲ ਰਾਮੂਵਾਲ਼ੀਆ ਸ਼ਾਮਿਲ ਸਨ ਜਦਕਿ ਪਾਕਿਸਤਾਨ ਤੋਂ ਕੈਨੇਡਾ ਫੇਰੀ ‘ਤੇ ਆਏ ਹੋਏ ਸ਼ਾਇਰ ਅਫ਼ਜ਼ਲ ਸਾਹਿਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
‘ਸੰਤ ਸਿੰਘ ਸੇਖੋਂ ਹਾਲ’ ਵਿੱਚ ਆਯੋਜਤ ਅਤੇ ਸੰਤ ਸਿੰਘ ਸੇਖੋਂ ਨੂੰ ਹੀ ਸਮਰਪਿਤ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਉਂਕਾਰਪ੍ਰੀਤ ਵੱਲੋਂ ਜਿੱਥੇ ਬੱਚਿਆਂ ਨੂੰ ਮੁਕਾਬਲੇ ਦੀ ਰੂਪ-ਰੇਖਾ ਸਮਝਾਈ ਗਈ ਓਥੇ ਸੰਤ ਸਿੰਘ ਸੇਖੋਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਗਈ। ਇਸ ਸਮੇਂ ਬ੍ਰਜਿੰਦਰ ਗੁਲਾਟੀ ਹੁਰਾਂ ਵੱਲੋਂ ‘ਮਾਤ-ਭਾਸ਼ਾ ਦਿਵਸ’ ਸਬੰਧੀ ਵਿਸਥਾਰ-ਭਰਪੂਰ ਪੇਪਰ ਪੜ੍ਹਿਆ ਗਿਆ, ਸੁਰਜੀਤ ਕੌਰ ਵੱਲੋਂ ‘ਮੈਂ ਪੰਜਾਬੀ ਕਿਵੇਂ ਸਿੱਖੀ’ ਅਤੇ ਅਫ਼ਜ਼ਲ ਸਾਹਿਰ ਵੱਲੋਂ ਭਾਸ਼ਾ ਤੋਂ ਵਾਂਝੇ ਪਾਕਿਸਤਾਨੀ ਪੰਜਾਬੀਆਂ ਦੇ ਦੁਖਾਂਤ ਬਾਰੇ ਗੱਲਬਾਤ ਕੀਤੇ ਜਾਣ ਤੋਂ ਇਲਾਵਾ ਭਾਸ਼ਾ ਦੀ ਮਹੱਤਤਾ ਬਾਰੇ ਵੀ ਗੱਲਬਾਤ ਕੀਤੀ ਗਈ। ਸਾਹਿਰ ਹੁਰਾਂ ਕਿਹਾ ਕਿ ਜਿੰਨੀ ਬਾਰੀਕੀ ਨਾਲ਼ ਆਦਮੀ ਕਿਸੇ ਵੀ ਫ਼ਲਸਫ਼ੇ ਨੂੰ ਆਪਣੀ ਮਾਤ-ਭਾਸ਼ਾ ਵਿੱਚ ਸਮਝ ਅਤੇ ਲਿਖ ਸਕਦਾ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਸਮਝ ਜਾਂ ਲਿਖ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਕੋਲ਼ੋਂ ਉਸ ਦੀ ਬੋਲੀ ਦੀ ਭਾਸ਼ਾ ਖੋਹ ਲੈਣਾ ਸਭ ਤੋਂ ਵੱਡਾ ਜ਼ੁਲਮ ਹੈ ਜੋ ਇਸ ਸਮੇਂ ਪਾਕਿਸਤਾਨੀ ਪੰਜਾਬੀ ਹੰਢਾ ਰਹੇ ਹਨ। ਉਨ੍ਹਾਂ ਨੇ ਮੁਕਾਬਲੇ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਪੰਜਾਬੀ ਸਿੱਖਣ ਵਿੱਚ ਜੁੜੇ ਰਹਿਣ ਲਈ ਜ਼ੋਰਦਾਰ ਸ਼ਬਦਾਂ ਵਿੱਚ ਉਤਸ਼ਾਹਤ ਕੀਤਾ। ਕੁਲਵਿੰਦਰ ਖਹਿਰਾ ਨੇ ਕਿਹਾ ਕਿ, ਕਿਉਂਕਿ ਮੁਕਾਬਲਿਆਂ ਵਿੱਚ ਅਕਸਰ ਇੱਕ ਜਾਂ ਦੋ ਬੱਚਿਆਂ ਨੇ ਹੀ ਜਿੱਤਣਾ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਜਿੱਤ-ਹਾਰ ਵੱਲ ਨਹੀਂ ਜਾਣਾ ਚਾਹੀਦਾ ਸਗੋਂ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਹੈ ਕਿ ਉਹ ਆਪਣੀਆਂ ਭਾਸ਼ਾਵਾਂ ਵਿੱਚ ਵਾਧਾ ਕਰਕੇ ਨਾ ਸਿਰਫ ਆਪਣੀ ਤਾਲਮੇਲ ਦੀ ਆਜ਼ਾਦੀ ਨੂੰ ਹੀ ਵਧਾ ਰਹੇ ਹਨ ਸਗੋਂ ਟਰਾਂਟੋ ਵਰਗੇ ‘ਮਲਟੀਕਲਚਰਲ’ ਸ਼ਹਿਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਨੌਕਰੀਆਂ ਦੇ ਮੌਕਿਆਂ ਨੂੰ ਵੀ ਵਧਾ ਰਹੇ ਹਨ। ਉਸ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਸ਼ਾ ਅਤੇ ਕਲਾ ਦੇ ਮਾਮਲੇ ਵਿੱਚ ਜੱਜਾਂ ਦਾ ਫੈਸਲਾ ਅਕਸਰ ਹੀ ਅਟੱਲ ਸਚਾਈ ਨਹੀਂ ਸਗੋਂ ਵਕਤੀ ਫੈਸਲਾ ਹੁੰਦਾ ਹੈ ਜੋ ਉਨ੍ਹਾਂ ਨੇ ਬੜੇ ਹੀ ਮੁਸ਼ਕਲ ਪਲਾਂ ਦੌਰਾਨ ਕਰਨਾ ਹੁੰਦਾ ਹੈ, ਇਸ ਲਈ ਮਾਮੂਲੀ ਫ਼ਰਕ ਨਾਲ਼ ਇਨਾਮ ਨਾ ਹਾਸਲ ਕਰ ਸਕੇ ਬੱਚੇ ਨੂੰ ਵੀ ਆਪਣੇ ਆਪ ਉੱਤੇ ਜੇਤੂ ਬੱਚੇ ਜਿੰਨਾ ਹੀ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਮੁਕਾਬਲੇ ਨੂੰ ਜਿੱਤ-ਹਾਰ ਦਾ ਮਸਲਾ ਬਣਾਉਣ ਦੀ ਬਜਾਏ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਕੀਤਾ ਗਿਆ ਯਤਨ ਹੀ ਸਮਝਿਆ ਜਾਣਾ ਚਾਹੀਦਾ ਹੈ। ਆਪਣੇ ਇਸ ਨਿਸ਼ਾਨੇ ਦੀ ਪੂਰਤੀ ਲਈ ਕਾਫ਼ਲੇ ਵੱਲੋਂ ਹਰ ਬੱਚੇ ਨੂੰ ਸਰਟੀਫ਼ੀਕੇਟ ਦਿੱਤਾ ਗਿਆ ਸੀ।
ਇਸ ਸਮੇਂ ਬੋਲਦਿਆਂ ‘ਸੰਤ ਸਿੰਘ ਸੇਖੋਂ ਹਾਲ’ ਦੇ ਸੰਚਾਲਕ ਜਗਮੋਹਨ ਸਿੰਘ ਸੇਖੋਂ ਨੇ ਜਿੱਥੇ ਕਾਫ਼ਲੇ ਦੇ ਮੈਂਬਰਾਂ, ਬੱਚਿਆਂ ਦੇ ਮਾਪਿਆਂ, ਅਤੇ ਭਾਗ ਲੈਣ ਵਾਲ਼ੇ ਬੱਚਿਆਂ ਨੂੰ ਵਧਾਈ ਦਿੱਤੀ ਓਥੇ ਇਹ ਵੀ ਕਿਹਾ ਕਿ ਇਸ ਹਾਲ ਦੇ ਦਰਵਾਜ਼ੇ ਉਸਾਰੂ ਗਤੀਵਿਧੀਆਂ ਲਈ ਹਮੇਸ਼ਾਂ ਹੀ ਖੁੱਲ੍ਹੇ ਹਨ। ਜਗਮੋਹਨ ਸੇਖੋਂ ਅਤੇ ਅਫ਼ਜ਼ਲ ਸਾਹਿਰ ਵੱਲੋਂ ਜੇਤੂ ਬੱਚਿਆਂ ਨੂੰ ਟਰੌਫੀਆਂ ਵੀ ਦਿੱਤੀਆਂ ਗਈਆਂ। ਜੇਤੂ ਐਲਾਨੇ ਗਏ ਬੱਚਿਆਂ ਵਿੱਚ 8-12 ਸਾਲ ਦੇ ਗਰੁੱਪ ਵਿੱਚ ਹਰਜਾਪ ਕੌਰ ਖੇਲਾ ਪਹਿਲੇ ਅਤੇ ਚੇਤਨਾਮ ਕੌਰ ਦੂਸਰੇ ਨੰਬਰ ‘ਤੇ, 13-15 ਸਾਲ ਦੇ ਗਰੁੱਪ ਵਿੱਚ ਹਰਜਾਪ ਕੌਰ ਕੁਲਾਰ ਪਹਿਲੇ ਅਤੇ ਜਸਮੀਨ ਕੌਰ ਖੇਲਾ ਦੂਸਰੇ ਨੰਬਰ ‘ਤੇ, ਅਤੇ 16-18 ਸਾਲ ਦੇ ਗਰੁੱਪ ਵਿੱਚ ਅਨੀਸ਼ ਕੌਰ ਜੰਮੂ ਪਹਿਲੇ ਅਤੇ ਨਮਰਤਾ ਕੌਰ ਦੂਸਰੇ ਨੰਬਰ ‘ਤੇ ਰਹੇ।
ਦੂਸਰਾ ਸਮਗਾਮ 25 ਫ਼ਰਵਰੀ ਨੂੰ ਕਾਫ਼ਲੇ ਦੀ ਰੈਗੂਲਰ ਮੀਟਿੰਗ ਦੇ ਰੂਪ ਵਿੱਚ ਹੋਇਆ ਜਿਸ ਦੀ ਸ਼ੁਰੂਆਤ ਉਂਕਾਰਪ੍ਰੀਤ ਵੱਲੋਂ ਇਸ ਦਿਵਸ ਦੀ ਸ਼ੁਰੂਆਤ ਬਾਰੇ ਸੰਖੇਪ ਜਾਣਕਾਰੀ ਦੇਣ ਨਾਲ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਵਿੱਚ ਉਰਦੂ ਦੀ ਥਾਂ ਬੰਗਾਲੀ ਭਾਸ਼ਾ ਨੂੰ ਲਾਗੂ ਕੀਤੇ ਜਾਣ ਲਈ ਵਿਦਿਆਰਥੀਆਂ ਵੱਲੋਂ ਕੀਤੇ ਗਏ ਸੰਘਰਸ਼ ਦੌਰਾਨ 21 ਫ਼ਰਵਰੀ 1952 ਨੂੰ ਢਾਕਾ ਵਿੱਚ ਚਾਰ ਵਿਦਿਆਰਥੀਆਂ ਦੇ ਮਾਰੇ ਜਾਣ ਨਾਲ਼ ਭਾਸ਼ਾ ਪ੍ਰਤੀ ਚੇਤਨਤਾ ਦਾ ਮੁੱਢ ਬੱਝਾ ਅਤੇ 1999 ਵਿੱਚ ਯੂਨੈਸਕੋ ਵੱਲੋਂ ਇਸ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਾਲ 2000 ਤੋਂ ਮਨਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ਼ ਹੀ ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਤਕਰੀਬਨ 30 ਕਰੋੜ ਅਤੇ ਪਾਕਿਸਤਾਨ ਵਿੱਚ 80 ਕਰੋੜ ਤੋਂ ਵੱਧ ਪੰਜਾਬੀ ਵੱਸਦੇ ਹਨ ਜਦਕਿ ਟਰਾਂਟੋ ਵਿੱਚ ਇਹ ਗਿਣਤੀ 160,000 ਦੱਸੀ ਜਾ ਰਹੀ ਹੈ ਜੋ ਕਿ ਅੰਕੜਿਆਂ ਮੁਤਾਬਿਕ ਪੰਜਾਬੀਆਂ ਨੂੰ ਤੀਸਰੇ ਨੰਬਰ ‘ਤੇ ਦਰਸਾਉਂਦੀ ਹੈ।
ਇਸ ਸਮੇਂ ਆਪਣੀ ਵਿਸ਼ੇਸ਼ ਰੀਪੋਰਟ ਪੇਸ਼ ਕਰਦਿਆਂ ਜਸਵਿੰਦਰ ਸੰਧੂ ਹੁਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਨੂੰ ਜੀਂਦਿਆਂ ਰੱਖਣ ਲਈ ਇਸ ਨੂੰ ਆਧੁਨਿਕ ਟੈਕਨੌਲੋਜੀ ਦੇ ਹਾਣ ਦੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਵੀ ਅਜਿਹੇ ਸੌਫਟਵੇਅਰ ਤਿਆਰ ਕਰਨ ਦੀ ਲੋੜ ਦੱਸੀ ਜਿਸ ਦੀ ਮਦਦ ਨਾਲ਼ ਪੰਜਾਬੀ ਭਾਸ਼ਾ ਨੂੰ ਕਿਸੇ ਵੀ ਹੋਰ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਤਾਲ-ਮੇਲ ਨੂੰ ਸੌਖਿਆਂ ਬਣਾਇਆ ਜਾ ਸਕੇ। ਉਨ੍ਹਾਂ ਇਹ ਗੱਲ ਵੀ ਕਹੀ ਕਿ ਜਿੰਨੀ ਚੰਗੀ ਤਰ੍ਹਾਂ ਕੋਈ ਬੱਚਾ ਆਪਣੀ ਮਾਤ-ਭਾਸ਼ਾ ਵਿੱਚ ਕੋਈ ਗੱਲ ਸਮਝ ਸਕਦਾ ਹੈ ਜਾਂ ਕੁਝ ਨਵਾਂ ਸਿੱਖ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਰਾਹੀਂ ਨਹੀਂ ਸਿੱਖ ਸਕਦਾ ਜਿਸ ਕਰਕੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਬਹੁਤ ਜ਼ਰੂਰੀ ਹੈ।
ਸ੍ਰੀ ਛਿੱਬੜ ਹੁਰਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਦੁਖਾਂਤ ਹੈ ਕਿ ਇਸ ਨੂੰ ਧਰਮ ਨਾਲ਼ ਜੋੜ ਕੇ ਸਿਰਫ ਸਿੱਖਾਂ ਦੀ ਹੀ ਭਾਸ਼ਾ ਬਣਾ ਕੇ ਪੇਸ਼ ਕਰਨ ਨਾਲ਼ ਪੰਜਾਬੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੁੰਦਾ ਤਾਂ 1956 ਵਿੱਚ ਹੀ ਪੰਜਾਬੀ ਸੂਬਾ ਬਣ ਜਾਣਾ ਸੀ, ਜੋ ਪੂਰਾ-ਸੂਰਾ ਹੋਣਾ ਸੀ।
ਇਕਬਾਲ ਰਾਮੂਵਾਲ਼ੀਆ ਹੁਰਾਂ ਕਿਹਾ ਕਿ ਤਕਨੀਕ ਵਧਣ ਨਾਲ਼ ਪੰਜਾਬੀ ਭਾਸ਼ਾ ਦਾ ਫੈਲਾਅ ਤਾਂ ਵਧਿਆ ਹੈ ਪਰ ਇਸ ਦੇ ਸਾਧਨ ਗ਼ਲਤ ਹੱਥਾਂ ਵਿੱਚ ਹੋਣ ਕਰਕੇ ਭਾਸ਼ਾ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਬਚਾਉਣ ਦੇ ਨਾਲ਼ ਨਾਲ਼ ਸਾਨੂੰ ਭਾਸ਼ਾ ਦੀਆਂ ਬਾਰੀਕੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਇਸ ਦੀਆਂ ਸਹੀ ਧੁਨੀਆਂ ਅਤੇ ਤਲੱਫ਼ਜ਼ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਅੱਖਰਾਂ ਦੇ ਪੈਰਾਂ ਵਿੱਚ ਪੈਂਦੀਆਂ ਬਿੰਦੀਆਂ ਅਤੇ ਇਨ੍ਹਾਂ ਦੇ ਸਹੀ ਉਚਾਰਨ ਨੂੰ ਸਿੱਖਣਾ ਅਤੇ ਪ੍ਰਚਾਰਨਾ ਚਾਹੀਦਾ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਵਾਕ-ਬਣਤਰ ਵਿੱਚ ਆ ਰਹੇ ਵਿਗਾੜ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਸੁਰਜਨ ਜ਼ੀਰਵੀ ਹੁਰਾਂ ਕਿਹਾ ਕਿ ਦੇਸ਼ ਦੀ ਵੰਡ ਸਮੇਂ ਪੰਜਾਬੀ ਨੂੰ ਧਰਮ ਨਾਲ਼ ਜੋੜ ਦਿੱਤੇ ਜਾਣ ਨਾਲ਼ ਹੀ ਪੰਜਾਬੀ ਭਾਸ਼ਾ ਦਾ ਦੁਖਾਂਤ ਸ਼ੁਰੂ ਹੋ ਗਿਆ ਸੀ। ਉਨ੍ਹਾਂ ਇਸ ਗੱਲ ‘ਤੇ ਅਫ਼ਸੋਸ ਜ਼ਾਹਰ ਕੀਤਾ ਕਿ ਪੰਜਾਬੀ ਯੂਨੀਵਰਸਿਟੀਆਂ ਅਜੇ ਤੱਕ ਕੋਈ ਪੰਜਾਬੀ ਤੋਂ ਪੰਜਾਬੀ ਦਾ ਸ਼ਬਦਕੋਸ਼ ਹੀ ਤਿਆਰ ਨਹੀਂ ਕਰਵਾ ਸਕੀਆਂ ਜਿਨ੍ਹਾਂ ਨਾਲ਼ ਹਰ ਖਿੱਤੇ ਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਾਸ਼ਾਵਾਂ ਸਾਹਿਤ ਦੇ ਸਿਰ ‘ਤੇ ਹੀ ਬਚਦੀਆਂ ਹੁੰਦੀਆਂ ਹਨ ਅਤੇ ਜੇ ਵਧੀਆ ਸਾਹਿਤ ਹੀ ਨਹੀਂ ਹੋਵੇਗਾ ਤਾਂ ਭਾਸ਼ਾ ਕਿਵੇਂ ਬਚੇਗੀ? ਬਲਰਾਜ ਚੀਮਾ ਹੁਰਾਂ ਜਾਣਕਾਰੀ ਦਿੱਤੀ ਕਿ ਬਹੁਤ ਸਾਲ ਪਹਿਲਾਂ ਭਾਸ਼ਾ ਵਿਭਾਗ ਨੇ ਪੰਜਾਬੀ ਤੋਂ ਪੰਜਾਬੀ ਡਿਕਸ਼ਨਰੀ ਤਿਆਰ ਕਰਵਾਈ ਸੀ ਪਰ ਉਸ ਦਾ ਰੂਪ ਬਹੁਤਾ ਪ੍ਰਭਾਵਸ਼ਾਲੀ ਨਾ ਹੋਣ ਕਰਕੇ ਜਿਆਦਾ ਪ੍ਰਚਲਤ ਨਹੀਂ ਹੋ ਸਕੀ। ਇਸ ਡਿਕਸ਼ਨਰੀ ਨੂੰ ਨਵੇਂ ਸਿਰਿਓਂ ਸੋਧ ਕੇ ਛਪਵਾਉਣ ਪ੍ਰਤੀ ਯਤਨ ਕੀਤੇ ਜਾਣ ਬਾਰੇ ਵੀ ਗੱਲ ਚੱਲੀ।
ਕੁਲਵਿੰਦਰ ਖਹਿਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਫ਼ਲੇ ਨੂੰ ਵੀ ਆਪਣੀ ਪਿਰਤ ਨੂੰ ਮੁੜ ਸ਼ੁਰੂ ਕਰਦਿਆਂ ਹੋਇਆਂ ਇਸ ਵਿੱਚ ਪੜ੍ਹੀਆਂ ਜਾਣ ਵਾਲ਼ੀਆਂ ਰਚਨਾਵਾਂ ਪ੍ਰਤੀ ਵਿਚਾਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਲੇਖਕ ਨੂੰ ਪਤਾ ਲੱਗ ਸਕੇ ਕਿ ਉਸ ਦੀ ਲਿਖਤ ਦਾ ਮਿਆਰ ਕੀ ਹੈ ਅਤੇ ਉਸ ਵਿੱਚ ਕਿਵੇਂ ਨਿਖਾਰ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ਼ ਹੀ ਇਕਬਾਲ ਰਾਮੂਵਾਲ਼ੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਬਦਾਂ ਦੇ ਸਹੀ ਉਚਾਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਨਾ ਸ਼ੁਰੂ ਕਰਨ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਬੋਲਣ ਵਿੱਚ ਕੀ ਗ਼ਲਤੀਆਂ ਕਰ ਰਹੇ ਹਨ ਅਤੇ ਸ਼ਬਦਾਂ ਦਾ ਸਹੀ ਉਚਾਰਨ ਕੀ ਹੈ? ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਲਵੀਨ ਕੌਰ ਗਿੱਲ, ਸੰਤੋਖ ਪੂਨੀ, ਪਰਮਿੰਦਰ ਸਿੰਘ, ਜੋਗਿੰਦਰ ਸੰਘੇੜਾ, ਡਾ.ਜਸਵਿੰਦਰ ਸੰਧੂ, ਸੁਰਿੰਦਰ ਕੌਰ, ਰਾਵੀ ਮਿਨਹਾਸ ਅਤੇ ਪ੍ਰੋ: ਗੁਰਬਖਸ਼ ਭੰਡਾਲ ਵੀ ਸ਼ਾਮਿਲ ਹੋਏ।