ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸਿਖਲਾਈ ਕੋਰਸ ਯੂਨੀਵਰਸਿਟੀ ਦੇ ਵਪਾਰ ਪ੍ਰਬੰਧ ਵਿਭਾਗ ਅਤੇ ਇੰਡੀਅਨ ਇੰਸਟੀਚਿਊਟ ਆਫ ਫੌਰਨ ਟਰੇਡ ਨਵੀਂ ਦਿੱਲੀ ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਵੱਖ ਵੱਖ ਨਿਰਯਾਤ ਜਥੇਬੰਦੀਆਂ ਦੇ ਮੈਂਬਰਾਂ ਨੇ ਭਾਗ ਲਿਆ। ਇਸ ਸਿਖਲਾਈ ਦੇ ਉਦਘਾਟਨੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਖੇਤੀ ਖੇਤਰ ਵਿੱਚ ਜ਼ਿਆਦਾ ਨਿਰਯਾਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਅਤੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਪਾਰ ਦੀਆਂ ਬਾਰੀਕੀਆਂ ਅਤੇ ਨੀਤੀਆਂ ਦੇ ਅਨੁਕੂਲ ਖੇਤੀ ਜਿਣਸਾਂ ਨੂੰ ਬਾਹਰ ਭੇਜਣ ਦੇ ਯਤਨ ਕਰਨੇ ਚਾਹੀਦੇ ਹਨ। ਡਾ: ਢਿੱਲੋਂ ਨੇ ਕਿਹਾ ਕਿ ਇਸ ਖੇਤਰ ਵਿੱਚ ਕਾਫੀ ਚੰਗੀਆਂ ਸੰਭਾਵਨਾਵਾਂ ਹਨ ਅਤੇ ਇਸ ਕਦਮ ਨਾਲ ਅੰਤਰ ਰਾਸ਼ਟਰੀ ਪੱਧਰ ਦੇ ਰਿਸ਼ਤਿਆਂ ਨੂੰ ਸੁਖਾਵਾਂ ਬਣਾਉਣ ਲਈ ਇਕ ਚੰਗਾ ਹੁਲਾਰਾ ਮਿਲੇਗਾ।
ਇਸ ਮੌਕੇ ਫੌਰਨ ਟਰੇਡ ਲੁਧਿਆਣਾ ਦੇ ਸੰਯੁਕਤ ਨਿਰਦੇਸ਼ਕ ਜਨਰਲ ਸ਼੍ਰੀ ਦਰਸ਼ਨ ਸਿੰਘ ਨੇ ਕਿਹਾ ਕਿ ਹਰੇ ਇਨਕਲਾਬ ਦੀ ਆਮਦ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਹੈ। ਇਸ ਸਮੇਂ ਅਸੀਂ ਦੇਸ਼ ਦੀ ਭੋਜਨ ਸੁਰੱਖਿਆ ਦੇ ਨਾਲ ਅਨਾਜ ਨਿਰਯਾਤ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਆਰਥਿਕਤਾ ਨਾਲ ਖੁਸ਼ਹਾਲੀ ਆਉਂਦੀ ਹੈ ਉਸੇ ਤਰ੍ਹਾਂ ਭੋਜਨ ਸੁਰੱਖਿਆ ਦੇਸ਼ ਦੇ ਵਿਕਾਸ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ:ਰਾਜਿੰਦਰ ਸਿੰਘ ਸਿੱਧੂ ਨੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਨਾਲ ਚੰਗੀ ਵਿਦੇਸ਼ੀ ਮੁਦਰਾ ਇਕੱਠੀ ਕੀਤੀ ਜਾ ਸਕਦੀ ਹੈ।
ਵਿਭਾਗ ਦੇ ਮੁਖੀ ਡਾ: ਸੰਦੀਪ ਕਪੂਰ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਸਭ ਨਾਲ ਸਾਂਝੀ ਕੀਤੀ ਅਤੇ ਪ੍ਰੋਫੈਸਰ ਯਸ਼ਪਾਲ ਸਚਦੇਵਾ ਨੇ ਧੰਨਵਾਦ ਦੇ ਸ਼ਬਦ ਕਹੇ।