ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤਰੀ ਕੇਂਦਰ ਬਠਿੰਡਾ ਵਿਖੇ ਕਰਵਾਏ ਇਕ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ ਨੇ ਕਿਹਾ ਕਿ ਖੇਤੀ ਦਾ ਕਿੱਤਾ ਹੁਣ ਅਜਿਹੇ ਦੌਰ ਵਿੱਚੋਂ ਗੁਜਰ ਰਿਹਾ ਹੈ ਜਿਸ ਵਿੱਚ ਸਾਡੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਵਪਾਰਕ ਸੋਚ ਅਪਣਾਉਣੀ ਪਵੇਗੀ ਅਤੇ ਗਿਆਨ ਵਿਗਿਆਨ ਅਧਾਰਿਤ ਖੇਤੀ ਦੇ ਰਾਹ ਤੇ ਤੁਰਨਾ ਪਵੇਗਾ। ਡਾ: ਕਾਲਕਟ ਨੇ ਕਿਹਾ ਕਿ ਬਦਲ ਰਹੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੀ ਖੇਤੀ ਦੀ ਨੁਹਾਰ ਵੀ ਬਦਲਣੀ ਪਵੇਗੀ। ਉਨ੍ਹਾਂ ਆਖਿਆ ਕਿ ਗਿਆਨ ਅਧਾਰਿਤ ਖੇਤੀ ਨੂੰ ਅਪਨਾਉਣ ਲਈ ਕਿਸਾਨ ਵੀਰਾਂ ਨੂੰ ਖੇਤੀ ਮਾਹਿਰਾਂ ਨਾਲ ਰਾਬਤਾ ਰੱਖਣਾ ਅਤੇ ਨਵੀਆਂ ਤਕਨੀਕਾਂ ਦੇ ਹਾਣ ਦਾ ਬਣਨ ਦੀ ਲੋੜ ਹੈ। ਡਾ: ਕਾਲਕਟ ਨੇ ਕਿਹਾ ਕਿ ਜਲਵਾਯੂ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਵਾਡੋਲ ਹੋ ਰਹੀ ਖੇਤੀ ਆਰਥਿਕਤਾ ਨੂੰ ਪੱਕੇ ਪੈਰੀਂ ਕਰਨ ਲਈ ਯੋਜਨਾਕਾਰਾਂ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਸਾਂਝੀ ਰਣਨੀਤੀ ਅਪਨਾਉਣੀ ਪਵੇਗੀ। ਡਾ: ਕਾਲਕਟ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਕਿਸਾਨਾਂ ਨਾਲ ਅਟੁੱਟ ਰਿਸ਼ਤਾ ਪੰਜਾਬ ਦੀ ਖੇਤੀ ਦੇ ਸੁਨਿਹਰੀ ਭਵਿੱਖ ਦਾ ਪ੍ਰਮਾਣ ਹੈ। ਉਹਨਾਂ ਕਿਸਾਨਾਂ ਨੂੰ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਸਾਨ ਭਰਾਵਾਂ ਨੂੰ ਆਖਿਆ ਕਿ ਉਹ ਖੇਤੀਬਾੜੀ ਗਿਆਨ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ, ਬਾਗਬਾਨੀ ਵਿਕਾਸ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਰੱਖਣ ਤਾਂ ਜੋ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਤੋਰਿਆ ਜਾ ਸਕੇ।ਉਨ੍ਹਾਂ ਆਖਿਆ ਕਿ ਮਾਸਕ ਪੱਤਰ ‘ਚੰਗੀ ਖੇਤੀ’ ਅਤੇ ਹਾੜ੍ਹੀ ਸਾਉਣੀ ਦੀਆਂ ਫਸਲਾਂ ਬਾਰੇ ਸਿਫਾਰਸ਼ਾਂ ਪੁਸਤਕ ਨੂੰ ਤੋਹਫੇ ਵਜੋਂ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਵੰਡਣ ਦੀ ਆਦਤ ਪਾਓ ਤਾਂ ਜੋ ਤੁਹਾਡਾ ਚੌਗਿਰਦਾ ਵੀ ਵਿਗਿਆਨਕ ਸੋਚ ਦਾ ਧਾਰਨੀ ਬਣ ਸਕੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਬਲਦੇਵ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਸ ਮਹੀਨੇ ਪੰਜਾਬ ਭਰ ਵਿੱਚ ਲਗਾਏ ਕਿਸਾਨ ਮੇਲਿਆਂ ਦਾ ਉਦੇਸ਼ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਦਿਨੋ ਦਿਨ ਵਿਗੜ ਰਹੇ ਵਾਤਾਵਰਣ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ ਅਤੇ ਕੁਦਰਤੀ ਸੋਮਿਆਂ ਦੀ ਤਰਕ ਅਤੇ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਤੁਰਨਾ ਚਾਹੀਦਾ ਹੈ ਕਿਉਂਕਿ ਖੇਤੀ ਖਰਚੇ ਦਿਨੋ ਦਿਨ ਵਧ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਆਮਦਨ ਵਧਾਉਣ ਦੇ ਉਪਰਾਲਿਆਂ ਬਾਰੇ ਸੋਚਣਾ ਪਵੇਗਾ। ਡਾ: ਢਿੱਲੋਂ ਨੇ ਕਿਹਾ ਕਿ ਬਠਿੰਡਾ ਕੇਂਦਰ ਵਿਖੇ ਸਾਡੇ ਵਿਗਿਆਨੀ ਇਸ ਖੇਤਰ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਸਮਝ ਰਹੇ ਹਨ ਅਤੇ ਖੇਤੀਬਾੜੀ ਖੋਜ ਨੂੰ ਖੇਤੀ ਦੀਆਂ ਲੋੜਾਂ ਮੁਤਾਬਕ ਢਾਲਣ ਲਈ ਯੂਨੀਵਰਸਿਟੀ ਦੀ ਮਦਦ ਕਰ ਰਹੇ ਹਨ।
ਡਾ:ਢਿੱਲੋਂ ਨੇ ਆਖਿਆ ਕਿ ਨਵੀਆਂ ਵਿਕਸਤ ਕੀਤੀਆਂ ਤਕਨੀਕਾਂ ਨੂੰ ਜਾਨਣ ਲਈ ਇਹ ਕਿਸਾਨ ਮੇਲੇ ਇੱਕ ਅਹਿਮ ਰੋਲ ਅਦਾ ਤਦ ਹੀ ਕਰ ਸਕਦੇ ਹਨ ਜੇਕਰ ਵਿਗਿਆਨੀਆਂ ਨਾਲ ਸੰਪਰਕ ਸਦੀਵੀ ਬਣੇ ਅਤੇ ਗਿਆਨ ਪ੍ਰਾਪਤੀ ਲਈ ਖੇਤੀਬਾੜੀ ਸਾਹਿਤ ਦੀ ਵਰਤੋਂ ਲਗਾਤਾਰ ਕੀਤੀ ਜਾਵੇ। ਡਾ: ਢਿੱਲੋਂ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਇਸ ਯੁਗ ਵਿੱਚ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜੁੜ ਕੇ ਹੀ ਖੇਤੀ ਵਿੱਚ ਕਦਮ ਪੁੱਟਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਦੇਸ਼ ਦੀ ਹਰੀ ਕਰਾਂਤੀ ਅਤੇ ਉਸ ਤੋਂ ਬਾਅਦ ਦੇਸ਼ ਦੇ ਖੇਤੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਅੱਜ ਵੀ ਪੰਜਾਬ ਦੇ ਕਿਸਾਨਾਂ ਦੀ ਯੋਗ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਅਨੁਕੂਲ ਅਤੇ ਛੋਟੇ ਕਿਸਾਨਾਂ ਦੇ ਹਿਤ ਪੂਰਦੀ ਤਕਨਾਲੋਜੀ ਨੂੰ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਸਾਰਿਆ ਜਾ ਰਿਹਾ ਹੈ ਅਤੇ ਇਸ ਤਕਨਾਲੋਜੀ ਦਾ ਲਾਭ ਲੈਣ ਲਈ ਕਿਸਾਨਾਂਨੂੰ ਵੱਧ ਤੋਂ ਵੱਧ ਖੇਤੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ।
ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲ ਬੀਜਣ ਦੀ ਤਿਆਰੀ ਤੋਂ ਫਸਲ ਵੱਢਣ ਅਤੇ ਮੰਡੀਕਰਨ ਤੱਕ ਵੀ ਗਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਕੰਮ ਲਈ ਯੂਨੀਵਰਸਿਟੀ ਦੇ ਖੇਤੀ ਮਾਹਿਰ ਤੁਹਾਡੀ ਮਦਦ ਕਰ ਸਕਦੇ ਹਨ। ਡਾ: ਗਿੱਲ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਯੂਨੀਵਰਸਿਟੀ ਦੇ ਕੇਂਦਰ ਸਥਾਪਤ ਹਨ ਅਤੇ ਜਿਥੇ ਖੇਤੀ ਨਾਲ ਸਬੰਧਿਤ ਸਾਰੇ ਵਿਸ਼ਿਆਂ ਦੇ ਮਾਹਿਰ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹਨ ਇਸ ਲਈ ਇਹਨਾਂ ਸੇਵਾਵਾਂ ਦਾ ਕਿਸਾਨਾਂ ਨੂੰ ਵੱਧ ਤੋਂ ਵਧ ਫਾਇਦਾ ਲੈਣਾ ਚਾਹੀਦਾ ਹੈ। ਆਪਣੀਆਂ ਘਰੇਲੂ ਲੋੜਾਂ ਅਨੁਸਾਰ ਸਹਾਇਕ ਧੰਦੇ ਅਪਨਾਉਣ ਤੇ ਜ਼ੋਰ ਦਿੰਦਿਆਂ ਡਾ: ਗਿੱਲ ਨੇ ਕਿਹਾ ਕਿ ਸਬਜ਼ੀਆਂ ਅਤੇ ਹੋਰ ਲਾਹੇਵੰਦ ਫਸਲਾਂ ਦੀ ਕਾਸ਼ਤ ਨਾਲ ਕਿਸਾਨ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਖੇਤੀ ਵਿੱਚ ਵੰਨ ਸੁਵੰਸਨਤਾ ਲਿਆ ਸਕਦੇ ਹਨ। ਉਨ੍ਹਾਂ ਖਾਰੇ ਪਾਣੀ ਦੀ ਸਮੱਸਿਆ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਆਪਣਾ ਸੁਨੇਹਾ ਵੀ ਦਿੱਤਾ। ਉਨ੍ਹਾਂ ਆਖਿਆ ਕਿ ਬਠਿੰਡਾ ਤੋਂ ਬਾਅਦ ਕਿਸਾਨ ਮੇਲਿਆਂ ਦੀ ਲੜੀ ਵਿੱਚ ਹੁਣ ਪਟਿਆਲਾ ਵਿਖੇ 16 ਮਾਰਚ, ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 21–22 ਮਾਰਚ, ਫਰੀਦਕੋਟ ਵਿਖੇ 27 ਮਾਰਚ ਅਤੇ ਗੁਰਦਾਸਪੁਰ ਵਿਖੇ 29 ਮਾਰਚ ਨੂੰ ਕਿਸਾਨ ਮੇਲੇ ਲਗਾਏ ਜਾ ਰਹੇ ਹਨ।
ਯੂਨੀਵਰਸਿਟੀ ਦੀਆਂ ਖੇਤੀ ਖੋਜ ਪ੍ਰਾਪਤੀਆਂ ਅਤੇ ਭਵਿੱਖ ਵਿੱਚ ਹੋਣ ਵਾਲੇ ਉਪਰਾਲਿਆਂ ਦੇ ਚਾਨਣਾ ਪਾਉਦਿਆਂ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਫਲਾਂ, ਸਬਜ਼ੀਆਂ ਅਤੇ ਫਸਲਾਂ ਨੂੰ ਬਦਲਵੇਂ ਮੌਸਮੀ ਹਾਲਾਤ ਮੁਤਾਬਕ ਢਾਲਣ ਲਈ ਖੋਜ ਕਾਰਜ ਜਾਰੀ ਹਨ। ਉਨ੍ਹਾਂ ਆਖਿਆ ਕਿ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ ਨਰਮਾ ਬੀਜਣ ਦੀ ਕਾਸ਼ਤ ਵਿਧੀ ਯੂਨੀਵਰਸਿਟੀ ਮੁਤਾਬਕ ਅਪਣਾਓ। ਉਨ੍ਹਾਂ ਆਖਿਆ ਕਿ ਕੁਝ ਭਰਾ ਮਨਮਰਜ਼ੀ ਦੀਆਂ ਕਿਸਮਾਂ ਬੀਜ ਕੇ ਬਾਅਦ ਵਿੱਚ ਪਛਤਾਉਂਦੇ ਹਨ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਸਾਉਣੀ ਦੀਆਂ ਫਸਲਾਂ ਬਾਰੇ ਸਿਫਾਰਸ਼ਾਂ ਕਿਤਾਬ ਵਿੱਚ ਨਰਮੇ ਸੰਬੰਧੀ ਸਰਵਪੱਖੀ ਜਾਣਕਾਰੀ ਪ੍ਰਕਾਸ਼ਤ ਕੀਤੀ ਗਈ ਹੈ। ਬਾਗਬਾਨੀ ਵਿਕਾਸ ਲਈ ਵੀ ਵੱਖਰੀ ਪ੍ਰਕਾਸ਼ਨਾ ਯੂਨੀਵਰਸਿਟੀ ਵੱਲੋਂ ਛਾਪੀ ਜਾਂਦੀ ਹੈ, ਉਸ ਨੂੰ ਆਪਣਾਅ ਕੇ ਸਿਹਤਮੰਦ ਬਾਗਬਾਨੀ ਘੱਟ ਖਰਚੇ ਨਾਲ ਕੀਤੀ ਜਾ ਸਕਦੀ ਹੈ।
ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਖੇਤਰੀ ਕੇਂਦਰ ਬਠਿੰਡਾ ਦਾ ਡਾਇਰੈਕਟਰ ਡਾ: ਜਸਪਾਲ ਸਿੰਘ ਗਿੱਲ ਨੇ ਇਸ ਖੋਜ ਕੇਂਦਰ ਤੇ ਹੋ ਰਹੀਆਂ ਖੇਤੀ ਖੋਜਾਂ ਬਾਰੇ ਜਾਣਕਾਰੀ ਦਿੱਤੀ। ਮੇਲੇ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਤੇ ਭਾਰੀ ਇੱਕਠ ਦੇਖਿਆ ਗਿਆ ਜੋ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਇਲਾਕੇ ਦਾ ਕਿਸਾਨ ਪੂਰੇ ਪੰਜਾਬ ਵਿੱਚ ਖੇਤੀ ਸਾਹਿਤ ਪੜ੍ਹਨ ਲਈ ਮੋਢੀ ਗਿਣਿਆ ਜਾਂਦਾ ਹੈ। ਕਿਸਾਨ ਮੇਲੇ ਤੇ ਖੇਤੀ ਉਤਪਾਦਨ ਮੁਕਾਬਲਿਆਂ ਵਿੱਚ ਜੇਤੂ ਕਿਸਾਨਾਂ ਨੂੰ ਇਨਾਮ ਤਕਸੀਮ ਕੀਤੇ ਗਏ।
ਮੇਲੇ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਲਗਾਏ ਗਏ ਖੇਤੀ ਅਧਾਰਿਤ ਸਟਾਲ, ਪ੍ਰਦਰਸ਼ਨੀ ਪਲਾਟ ਅਤੇ ਨਵੀਆਂ ਕਿਸਮਾਂ ਦੇ ਬੀਜਾਂ ਦੀ ਵਿਕਰੀ ਆਕਰਸ਼ਣ ਦਾ ਮੁੱਖ ਕੇਂਦਰ ਸਨ। ਇਸ ਮੇਲੇ ਦੌਰਾਨ ਕਿਸਾਨਾਂ ਦੇ ਖੇਤੀ ਜਿਣਸਾਂ ਅਤੇ ਕਿਸਾਨ ਬੀਬੀਆਂ ਲਈ ਕਰੋਸ਼ੀਆ ਬੁਣਨ, ਚੁੰਨੀਆਂ ਰੰਗਣ ਅਤੇ ਵਾਧੂ ਸਮਾਨ ਦੀ ਯੋਗ ਵਰਤੋਂ ਕਰਨ ਸੰਬੰਧੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਇਨਾਮ ਦਿੱਤੇ ਗਏ। ਬਾਲ ਕਲਾਕਾਰਾਂ ਵੱਲੋਂ ਲੋਕ ਗਥਾਵਾਂ ਪੇਸ਼ ਕੀਤੀਆਂ ਗਈਆਂ।