ਨਵੀਂ ਦਿੱਲੀ- ਰੇਲ ਮੰਤਰੀ ਤਿਰਵੇਦੀ ਨੂੰ ਯਾਤਰੀ ਕਿਰਾਇਆ ਵਧਾਉਣਾ ਮਹਿੰਗਾ ਪਿਆ। ਉਸ ਦੇ ਇਸ ਕਦਮ ਤੇ ਉਸ ਦੀ ਆਪਣੀ ਹੀ ਪਾਰਟੀ ਤ੍ਰਿਣਮੂਲ ਕਾਂਗਰਸ ਉਸ ਦੇ ਖਿਲਾਫ਼ ਹੋ ਗਈ ਹੈ। ਮੁੱਖਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਰੇਲ ਮੰਤਰੀ ਦਿਨੇਸ਼ ਤਿਰਵੇਦੀ ਨੂੰ ਹਟਾਇਆ ਜਾਵੇ।
ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਨੇ ਕਿਹਾ, “ਮੈਂ ਪ੍ਰਧਾਨਮੰਤਰੀ ਨੂੰ ਲਿਖਿਆ ਹੈ ਕਿ ਤਿਰਵੇਦੀ ਦੀ ਜਗ੍ਹਾ ਤੇ ਮੁਕੁਲ ਰਾਏ ਨੂੰ ਲਗਾਇਆ ਜਾਵੇ।” ਮੁਕਲ ਰਾਏ ਇਸ ਸਮੇਂ ਜਹਾਜਰਾਨੀ ਰਾਜ ਮੰਤਰੀ ਹੈ। ਇਸ ਤੋਂ ਪਹਿਲਾਂ ਉਹ ਰੇਲ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਤ੍ਰਿਣਮੂਲ ਕਾਂਗਰਸ ਨੇ ਤਿਰਵੇਦੀ ਨੂੰ ਦੇਸ਼ ਅਤੇ ਰੇਲ ਦੇ ਹਿੱਤ ਵਿੱਚ ਵੱਧਿਆ ਹੋਇਆ ਯਾਤਰੀ ਕਿਰਾਇਆ ਵਾਪਿਸ ਲੈਣ ਲਈ ਕਿਹਾ ਗਿਆ ਸੀ ਪਰ ਉਸ ਨੇ ਆਪਣੇ ਇਸ ਕਦਮ ਦਾ ਬਚਾਅ ਕੀਤਾ। ਇਸ ਤੇ ਮਮਤਾ ਨੇ ਤਿਰਵੇਦੀ ਨੂੰ ਕੋਲਕਤੇ ਤਲਬ ਕੀਤਾ ਹੈ। ਰੇਲ ਬਜਟ ਤੋਂ ਬਾਅਦ ਮਮਤਾ ਨੇ ਨੰਦੀਗਰਾਮ ਵਿੱਚ ਇੱਕ ਸਮਾਗਮ ਦੌਰਾਨ ਨਰਾਜ਼ਗੀ ਜਾਹਿਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਲੋਅਰ ਕਲਾਸ ਦਾ ਕਿਰਾਇਆ ਕਿਸੇ ਵੀ ਕੀਮਤ ਤੇ ਵੱਧਣ ਨਹੀਂ ਦੇਵੇਗੀ।