ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) -ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੀ ਸੱਤਵੀਂ ਵਰ੍ਹੇਗੰਢ ਸਬੰਧੀ ਚਲਦੇ ਸਮਾਗਮਾਂ ਮੌਕੇ ਵਿਸ਼ਾਲ ਦੀਵਾਨ ਹਾਲ ਵਿਚ ਕੀਰਤਨ ਅਤੇ ਕਥਾ ਪ੍ਰਵਾਹ ਚੱਲਿਆ। ਲਗਭਗ 50 ਕਿਲੋਮੀਟਰ ਰੇਡੀਅਲ ਏਰੀਏ ਵਿਚ ਵਸਦੇ ਸ਼ਹਿਰ ਆਕਲੈਂਡ ਤੋਂ ਇਲਾਵਾ ਦੂਰ ਦੁਰਾਡੇ ਦੇ ਸ਼ਹਿਰਾਂ ਟੌਰੰਗਾ, ਹੇਸਟਿੰਗ ਅਤੇ ਹੈਮਿਲਟਨ ਤੋਂ ਵੀ ਸੰਗਤਾਂ ਪੁੱਜੀਆਂ ਹੋਈਆਂ ਸਨ। ਗੁਰਦੁਆਰਾ ਸਾਹਿਬ ਦੇ ਚੁਫੇਰੇ ਸੰਗਤਾਂ ਦਾ ਚੋਖਾ ਇਕੱਠ ਸੀ। ਗੱਡੀਆਂ ਲਈ ਪਾਰਕਿੰਗ ਵੀ ਪੂਰੀ ਭਰੀ ਪਈ ਸੀ ਲੋਕ ਨਾਲ ਲਗਦੇ ਬਾਹਰੀ ਖੇਤਰ ਵਿਚ ਗੱਡੀਆਂ ਖੜੀਆਂ ਕਰਨ ਲਈ ਮਜਬੂਰ ਹੋਏ ਪਏ ਸੀ।
ਧਾਰਮਿਕ ਸਮਾਗਮਾਂ ਦੀ ਲੜੀ 11 ਮਾਰਚ ਦਿਨ ਐਤਵਾਰ ਨੂੰ ਗੁਰੁ ਘਰ ਦੀ 7ਵੀਂ ਵਰ੍ਹੇਗੰਢ ਮੌਕੇ ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਆਮਦ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਹੋਈ। ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਗੁਰਮਤਿ ਨਾਲ ਓਤ-ਪੋਤ ਗੁਰਬਾਣੀ ਵਿਆਖਿਆ ਰਾਹੀਂ ਪ੍ਰਭਾਵਸ਼ਾਲੀ ਹਾਜ਼ਰੀ ਲੁਆਈ। ਗਿਆਨੀ ਪਿੰਦਰਪਾਲ ਸਿੰਘ ਜੀ ਦੇ ਵਿਸ਼ਾ ਮੂਜਬ ਕਥਾ ਪ੍ਰਵਾਹ ਨੇ ਸੰਘਤਾਂ ਨੁੰ ਸਮੇਂ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ।
ਇਸ ਉਪਰੰਤ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਵਲੋਂ ੳੱਘੇ ਕੀਰਤਨੀਏ ਭਾਈ ਗੁਰਮੇਜ ਸਿੰਘ ਜੀ ਵਲੋਂ ਨੇਤਰਹੀਣਾਂ ਦੇ ਪੜ੍ਹਨ ਲਈ ਬ੍ਰੇਲ ਲਿੱਪੀ ਵਿਚ ਗੁਰੁ ਗ੍ਰੰਥ ਸਾਹਿਬ ਤਿਆਰ ਕਰਨ ਦੀ ਸੇਵਾ ਬਦਲੇ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਭਾਈ ਦਲਜੀਤ ਸਿੰਘ ਜੇ. ਪੀ., ਰਣਬੀਰ ਸਿੰਘ ਲਾਲੀ ਅਤੇ ਰਾਜਿੰਦਰ ਸਿੰਘ ਜਿੰਦੀ ਵਲੋਂ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੱਥੋਂ ਦੁਆਇਆ ਗਿਆ। ਇਸ ਮੌਕੇ ਲੁਧਿਆਣਾ ਤੋਂ ਪੁੱਜੇ ਭਾਈ ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਹਾਜ਼ਰ ਸਨ। ਅੰਤ ਵਿਚ ਜਥੇਦਾਰ ਜੀ ਨੇ ਨਿਊਜ਼ੀਲੈਂਡ ਵਿਚ ਸਿੱਖੀ ਪ੍ਰਤੀ ਪਾਏ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਪੰਥ ਵਿਚ ਗੁਰੁ ਘਰਾਂ ਦੀ ਮਹਾਨਤਾ ਅਤੇ ਸਿੱਖ ਸੰਗਤ ਦੇ ਮਹੱਡਵ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਸੰਗਤਾਂ ਦਾ ਵਿਸ਼ਾਲ ਇਕੱਠ ਜੁੜਿਆ।