ਲੁਧਿਆਣਾ:- ਭਵਿੱਖ ਵਿੱਚ ਬਾਗਬਾਨੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ਨਾਲ ਸਬੰਧਿਤ ਤਿੰਨ ਰੋਜ਼ਾ ਕੌਮਾਂਤਰੀ ਸੈਮੀਨਾਰ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅੱਜ ਆਰੰਭ ਹੋਇਆ। ਇਹ ਸੈਮੀਨਾਰ ਕੌਮੀ ਬਾਗਬਾਨੀ ਮਿਸ਼ਨ ਦੇ ਸਹਿਯੋਗ ਨਾਲ ਖੇਤੀਬਾੜੀ ਕਾਲਜ ਵੱਲੋਂ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਗੁਜਰਾਤ ਦੀ ਨਵਸਾਰੀ ਯੂਨੀਵਰਸਿਟੀ ਤੋਂ 40 ਵਿਦਿਆਰਥੀਆਂ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸਾਇੰਸਦਾਨਾਂ ਨੇ ਭਾਗ ਲਿਆ।
ਉਦਘਾਟਨੀ ਸਮਾਗਮ ਵਿੱਚ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਡਿਪਟੀ ਡਾਇਰੈਕਟਰ ਜਨਰਲ (ਬਾਗਬਾਨੀ) ਡਾ: ਐਚ ਪੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਇਕ ਬਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭਾਰਤ ਵਿੱਚ 300 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਹਨ। ਇਸ ਸੰਦਰਭ ਵਿੱਚ ਵਧਦੀ ਜਨ ਸੰਖਿਆ ਦੇ ਅਨੁਸਾਰ ਬਾਗਬਾਨੀ ਉਤਪਾਦਾਂ ਦੀ ਪੈਦਾਵਾਰ ਦਸ ਮਿਲੀਅਨ ਟਨ ਤੋਂ ਪੰਦਰਾਂ ਮਿਲੀਅਨ ਟਨ ਕਰਨ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੀ ਜ਼ਰੂਰਤ ਘੱਟ ਖਰਚੇ ਵਾਲੇ ਤਕਨਾਲੋਜੀ ਵਿਕਸਤ ਕਰਨ ਦੇ ਨਾਲ ਲਾਗਤਾਂ ਅਨੁਸਾਰ ਝਾੜ ਪ੍ਰਾਪਤ ਕਰਨ ਦੀ ਤਕਨਾਲੋਜੀ ਵਿਕਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਲਈ ਬਾਗਬਾਨੀ ਇਕ ਅਹਿਮ ਯੋਗਦਾਨ ਪਾ ਸਕਦੀ ਹੈ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਮਨੁੱਖੀ ਭੋਜਨ ਦੇ ਰੁਝਾਨ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਦੇਸ਼ ਦੀ ਭੋਜਨ ਸੁਰੱਖਿਆ ਲਈ ਬਾਗਬਾਨੀ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਨਾਲ ਜਿਥੇ ਖੇਤੀ ਵਿਭਿੰਨਤਾ ਵੱਲ ਤੁਰਿਆ ਜਾ ਸਕਦਾ ਹੈ ਸਗੋਂ ਕੁਦਰਤੀ ਸੋਮਿਆਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ। ਭਵਿੱਖ ਵਿੱਚ ਦੇਸ਼ ਦੇ ਆਰਥਿਕ ਵਿਕਾਸ ਲਈ ਬਾਗਬਾਨੀ ਦੇ ਪ੍ਰੋਸੈਸ ਕੀਤੇ ਪਦਾਰਥ ਅਹਿਮ ਰੋਲ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਸਾਲ 2012 ਨੂੰ ਬਾਗਬਾਨੀ ਵਰ੍ਹੇ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਹੈ ਅਤੇ ਕੌਮੀ ਬਾਗਬਾਨੀ ਮਿਸ਼ਨ ਨਾਲ ਇਸ ਨੂੰ ਚੰਗਾ ਹੁਲਾਰਾ ਮਿਲਿਆ ਹੈ।
ਇਸ ਮੌਕੇ ਬਾਗਬਾਨੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ: ਲਾਜਵਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਦਰ ਵਿੱਚ ਪੰਜਾਬ ਵਿੱਚ ਬਾਗਬਾਨੀ 8.45 ਪ੍ਰਤੀਸ਼ਤ ਯੋਗਦਾਨ ਪਾ ਰਹੀ ਹੈ ਜਦ ਕਿ 3.40 ਪ੍ਰਤੀਸ਼ਤ ਖੇਤਰ ਹੀ ਬਾਗਬਾਨੀ ਅਧੀਨ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਪੰਜਾਬ ਕਿਨੂੰ, ਆਲੂ ਦਾ ਬੀਜ ਅਤੇ ਖੁੰਭਾਂ ਤਿਆਰ ਕਰਨ ਲਈ ਦੇਸ਼ ਦਾ ਮੋਢੀ ਰਿਹਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਬਾਗਬਾਨੀ ਸੰਬੰਧੀ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਹਾਜ਼ਰ ਸਾਇੰਸਦਾਨਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਚਿਰਸਥਾਈ ਖੇਤੀ ਦੇ ਖੇਤਰ ਵਿੱਚ ਬਾਗਬਾਨੀ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਵੱਲੋਂ ਕੱਦੂ ਦੀ ਨਰਸਰੀ ਤਿਆਰ ਕਰਨ ਸੰਬੰਧੀ, ਗੁਲਾਬ ਦੀ ਸਾਂਭ-ਸੰਭਾਲ ਸੰਬੰਧੀ, ਟਮਾਟਰਾਂ ਦੀ ਬਚਾਅ ਤੋਂ ਇਲਾਵਾ ਸ਼ਿਮਲਾ ਮਿਰਚ ਅਤੇ ਬੈਂਗਣਾਂ ਦੇ ਬਚਾਅ ਲਈ ਯੂਨੀਵਰਸਿਟੀ ਵੱਲੋਂ ਖੋਜ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਮੁਖੀ ਡਾ: ਜੀ ਐਸ ਕਾਹਲੋਂ ਨੇ ਸਭ ਦਾ ਧੰਨਵਾਦ ਕੀਤਾ ਜਦ ਕਿ ਪੋਸਟ ਹਾਰਵੈਸਟ ਤਕਨਾਲੋਜੀ ਸੈਂਟਰ ਦੇ ਡਾਇਰੈਕਟਰ ਡਾ: ਵਿਸਾਖਾ ਸਿੰਘ ਢਿੱਲੋਂ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਤਿੰਨ ਪ੍ਰਕਾਸ਼ਨਾਵਾਂ ਵੀ ਜਾਰੀ ਕੀਤੀਆਂ ਗਈਆਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨੀ ਵੀ ਲਗਾਈ ਗਈ।