ਨਵੀਂ ਦਿੱਲੀ- ਵਿੱਤਮੰਤਰੀ ਪ੍ਰਣਬ ਮੁਕਰਜੀ ਨੇ ਬਜਟ ਵਿੱਚ ਇਨਕਮ ਟੈਕਸ ਵਿੱਚ ਤਾਂ ਛੋਟ ਦੇ ਦਿੱਤੀ ਪਰ ਸਰਵਿਸ ਟੈਕਸ ਅਤੇ ਐਕਸਾਈਜ਼ ਡਿਊਟੀ 2% ਤੱਕ ਵਧਾ ਕੇ ਆਮ ਆਦਮੀ ਨੂੰ ਜੋਰ ਦਾ ਝਟਕਾ ਵੀ ਦੇ ਦਿੱਤਾ ਹੈ। ਸਰਵਿਸ ਟੈਕਸ ਦਾ ਅਦਾਰਾ ਵਧਾਉਣ ਲਈ ਨੈਗਟਿਵ ਲਿਸਟ ਜਾਰੀ ਕਰਨ ਦਾ ਵੀ ਪ੍ਰਸਤਾਵ ਹੈ। ਇਸ ਵਿੱਚ ਸ਼ਾਮਿਲ 17 ਮੱਦਾਂ ਨੂੰ ਛੱਡ ਕੇ ਸੱਭ ਤੇ ਸਰਵਿਸ ਟੈਕਸ ਲਗੇਗਾ।
ਬਜਟ ਵਿੱਚ ਇਨਕਮ ਟੈਕਸ ਵਿੱਚ ਛੋਟ ਦੀ ਸੀਮਾ ਨੂੰ ਵਧਾ ਕੇ 1ਲੱਖ 80 ਹਜ਼ਾਰ ਤੋਂ ਵਧਾ ਕੇ 2 ਲੱਖ ਕਰ ਦਿੱਤਾ ਗਿਆ ਹੈ। ਕਾਰਪੋਰੇਟ ਟੈਕਸ ਅਤੇ ਇਮਪੋਰਟ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਰਵਿਸ ਟੈਕਸ ਅਤੇ ਐਕਸਾਈਜ਼ ਡਿਊਟੀ ਨੂੰ 10% ਤੋਂ ਵਧਾ ਕੇ 12% ਕਰ ਦਿੱਤਾ ਗਿਆ ਹੈ। ਇਸ ਤੇ ਤਹਿਤ ਬੈਂਕ ਡਰਾਫ਼ਟ ਬਣਾਉਣਾ, ਸਾਈਕਲ, ਟੀਵੀ, ਹਵਾਈ ਸਫ਼ਰ, ਫ਼ੋਨ ਬਿੱਲ, ਘੜੀਆਂ, ਵੱਡੀਆਂ ਕਾਰਾਂ, ਕੋਰੀਅਰ, ਹੋਟਲ ਵਿੱਚ ਖਾਣਾ ਅਤੇ ਪਾਰਲਰ ਸਰਵਿਸ ਹੋਰ ਮਹਿੰਗੇ ਹੋ ਜਾਣਗੇ। ਐਸ ਯੂਵੀ ਅਤੇ ਐਮਯੂਵੀ ਦੈ ਇੰਪੋਰਟ ਤੇ ਵੀ ਡਿਊਟੀ ਵਿੱਚ ਵਾਧਾ ਹੋਇਆ ਹੈ।
ਸਰਕਾਰ ਅਤੇ ਲੋਕਲ ਬਾਡੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਰਵਿਸਜ਼ ਨੂੰ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਵਿੱਚ ਅਜਿਹੀਆਂ ਸੇਵਾਵਾਂ ਸ਼ਾਮਿਲ ਨਹੀਂ ਹੋਣਗੀਆਂ ਜੋ ਕਿ ਪਰਾਈਵੇਟ ਸੈਕਟਰ ਨਾਲ ਭਾਈਵਾਲ ਹੋਣਗੀਆਂ। ਸਰਵਿਸ ਟੈਕਸ ਦੀ ਨੈਗਟਿਵ ਲਿਸਟ ਵਿੱਚ ਪ੍ਰੀ- ਸਕੂਲ ਅਤੇ ਸਕੂਲ ਐਜੂਕੇਸ਼ਨ, ਮਾਨਤਾ ਪ੍ਰਾਪਤ ਕੋਰਸਜ਼ ਅਤੇ ਵੋਕੇਸ਼ਨਲ ਕੋਰਸਜ਼, ਘਰ ਕਿਰਾਏ ਤੇ ਦੇਣਾ, ਐਂਟਰਟੇਨਮੈਂਟ ਸਰਵਿਸਜ਼ ਅਤੇ ਪਬਲਿਕ ਟਰਾਂਸਪੋਰਟ ਦਾ ਵੱਡਾ ਹਿੱਸਾ ਜਿਸ ਵਿੱਚ ਜਲ ਮਾਰਗ, ਸ਼ਹਿਰੀ ਰੇਲਵੇ ਅਤੇ ਮੀਟਰ ਨਾਲ ਚਲਣ ਵਾਲੀਆਂ ਟੈਕਸੀ ਸੇਵਾਵਾਂ ਸ਼ਾਮਿਲ ਹਨ।
ਵਿੱਤਮੰਤਰੀ ਨੇ ਇਨਕਮ ਟੈਕਸ ਵਿੱਚ ਛੋਟ ਦੀ ਸੀਮਾ ਦੋ ਲੱਖ ਕਰ ਦਿੱਤੀ ਹੈ ਅਤੇ ਦਸ ਹਜ਼ਾਰ ਤੱਕ ਦੇ ਬੱਚਤ ਵਿਆਜ ਨੂੰ ਵੀ ਪੰਜ ਲੱਖ ਤੱਕ ਦੀ ਆਮਦਨ ਵਾਲਿਆਂ ਲਈ ਟੈਕਸ ਫਰੀ ਕਰ ਦਿੱਤਾ ਹੈ। ਟੈਕਸ ਸਲੈਬ ਵਿੱਚ ਵੀ ਕੁਝ ਬਦਲਾਅ ਕੀਤੇ ਹਨ ਜੋ ਕਿ ਇਸ ਤਰ੍ਹਾਂ ਹਨ:
2 ਲੱਖ ਤੱਕ ਦੀ ਆਮਦਨ – ਕੋਈ ਟੈਕਸ ਨਹੀਂ
2 ਤੋਂ 5 ਲੱਖ ਤੇ – 10%
5ਤੋਂ 10 ਲੱਖ ਤੇ – 20%
10 ਲੱਖ ਤੋਂ ਉਪਰ – 30%
ਸ਼ੇਅਰ ਬਾਜ਼ਾਰ ਵਿੱਚ 50 ਹਜ਼ਾਰ ਤੱਕ ਦੇ ਨਿਵੇਸ਼ ਤੇ 50% ਤੱਕ ਦੀ ਛੋਟ ਮਿਲੇਗੀ। ਇਸ ਯੋਜਨਾ ਦਾ ਲਾਕ-ਇਨ ਕਾਲ 3 ਸਾਲ ਦਾ ਹੋਵੇਗਾ। ਜੇ 50 ਹਜ਼ਾਰ ਦਾ ਨਿਵੇਸ਼ ਕੀਤਾ ਜਾਵੇਗਾ ਤਾਂ 25 ਹਜ਼ਾਰ ਤੇ ਟੈਕਸ ਛੋਟ ਮਿਲੇਗੀ। 25 ਲੱਖ ਤੱਕ ਦੇ ਘਰ ਖ੍ਰੀਦਣ ਵਾਲਿਆਂ ਨੂੰ ਵੀ ਹੋਮ ਲੋਨ ਤੇ ਛੋਟ ਜਾਰੀ ਰਹੇਗੀ।ਬਿਲਡਰ ਵਿਦੇਸ਼ੀ ਸੰਸਥਾਵਾਂ ਤੋਂ ਕਰਜ਼ਾ ਲੈ ਸਕਣਗੇ। ਖੇਤੀਬਾੜੀ ਬਜਟ 18% ਤੱਕ ਵਧਾ ਕੇ 20208 ਕਰੋੜ ਕੀਤਾ ਗਿਆ ਹੈ। ਸਮੇਂ ਤੇ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ 3% ਦੀ ਛੋਟ ਮਿਲੇਗੀ। ਵਿਧਵਾ ਅਤੇ ਵਿਕਲਾਂਗ ਪੈਨਸ਼ਨ 200 ਰੁਪੈ ਤੋਂ ਵਧਾ ਕੇ 300 ਰੁਪੈ ਤੱਕ ਕਰ ਦਿੱਤੀ ਗਈ ਹੈ। ਬੀਪੀਐਲ ਪਰੀਵਾਰ ਦੇ ਮੁੱਖੀਆ ਦੀ ਮੌਤ ਤੇ 20 ਹਜ਼ਾਰ ਰੁਪੈ ਦਿੱਤੇ ਜਾਣਗੇ। ਪ੍ਰਣਬ ਮੁਕਰਜੀ ਨੇ 7ਵੀਂ ਵਾਰ ਬਜਟ ਪੇਸ਼ ਕੀਤਾ।