ਪਰਮਜੀਤ ਸਿੰਘ ਬਾਗੜੀਆ
ਮੇਰੇ ਪੰਜਾਬੀ ਪੱਤਰਕਾਰੀ ਖਾਸਤੌਰ ਤੇ ਫੀਲਡ ਪੱਤਰਕਾਰੀ ਦੇ ਸਫਰ ਦੌਰਾਨ ਮੇਰਾ ਦੂਜੀਆਂ ਧਰਤਾਂ, ਕੌਮਾਂ, ਵਿਸ਼ੇਸ਼ ਘਟਨਾਵਾਂ ਅਤੇ ਸੱਭਿਆਚਾਰ ਤੇ ਖੇਡਾਂ ਕਰਕੇ ਅਕਸਰ ਹੀ ਦੂਰ-ਦੂਰ ਤੱਕ ਜਾਣ ਦਾ ਸਬੱਬ ਬਣਦਾ ਰਿਹਾ। ਕੋਈ 20 ਕੁ ਸਾਲ ਦੇ ਪੱਤਰਕਾਰੀ ਸਫਰ ਦੌਰਾਨ ਮੈਂ ਦੋ ਕੁ ਸਾਲ ਨਾਮੀ ਅਖਬਾਰ ਪੰਜਾਬੀ ਟ੍ਰਿਬਿਊਨ ਦਾ ਲੁਧਿਆਣਾ ਤੋਂ ਪੱਤਰਕਾਰ ਰਹਿਣ ਸਮੇਂ ਤਾਂ ਭਾਵੇਂ ਬਹੁਤਾ ਬਾਹਰ ਨਹੀਂ ਜਾ ਸਕਿਆ ਪਰ ਇਸੇ ਦੌਰਾਨ ਢੰਡਾਰੀ ਦੇ ਨਾਮਵਰ ਸਿਆਸੀ ਪਰਿਵਾਰ ਸ.ਦਵਿੰਦਰ ਸਿੰਘ ਗਰਚਾ ਸਾਬਕਾ ਮੈਂਬਰ ਪਾਰਲੀਮੈਂਟ ਦੇ ਨੌਜਵਾਨ ਪੁੱਤਰ ਸ. ਅਸ਼ੋਕ ਸਿੰਘ ਗਰਚਾ ਵਲੋਂ ਆਪਣੇ ਫੋਕਲ ਪੁਆਇੰਟ ਸਥਿਤ ਸਨਅਤੀ ਅਦਾਰੇ ਵਿਚ ਹੀ ਇਕ ਮੰਥਲੀ ਪੰਜਾਬੀ ਮੈਗਜੀਨ ‘ਕੌਮਾਂਤਰੀ ਪੰਜ ਦਰਿਆ’ ਵੀ ਚਲਾਇਆ ਜਾਂਦਾ ਸੀ। ਗਰਚਾ ਸਾਹਿਬ ਵਲੋਂ ਮੈਨੂੰ ਇਕ ਫੀਲਡ ਪੱਤਰਕਾਰ ਵਜੋਂ ਮੌਕਾ ਦੇਣ ਦੇ ਨਾਲ ਹੀ ਦੂਰ-ਦੁਰਾਡੇ ਜਾ ਕੇ ਵਿਸ਼ੇਸ਼ ਸਟੋਰੀਆਂ ਕਵਰ ਕਰਨ ਦਾ ਸਬੱਬ ਵੀ ਮਿਲਦਾ ਰਿਹਾ। ਕਦੇ ਸਿਆਸੀ, ਕਦੇ ਸਮਾਜਿਕ ਅਤੇ ਕਦੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਦੇ ਮਸਲੇ ਅਤੇ ਸੰਕਟਾਂ ਨੂੰ ਕਵਰ ਕਰਦੇ ਹੋਏ ਮੈਂ ਉਤਰੀ ਭਾਰਤ ਦਾ ਕਾਫੀ ਭਰਮਣ ਕਰ ਲਿਆ ਸੀ।
ਫਿਰ 1999 ਵਿਚ ਗਰਚਾ ਸਾਹਿਬ ਨੇ ਅਚਾਨਕ ਇਹ ਮੈਗਜੀਨ ਬੰਦ ਕਰਨ ਦਾ ਫੈਸਲਾ ਲੈ ਲਿਆ। ਪਰ ਉਨ੍ਹਾਂ ਦਿਨਾਂ ਵਿਚ ਪੈਸੇ ਚੋਖੇ ਦੇ ਦਿੱਤੇ। ਮੈਗਜ਼ੀਨ ਦੇ ਸਾਰੇ ਪੱਤਰਕਾਰਾਂ ਕੋਲ ਕਰਨ ਲਈ ਤੁਰੰਤ ਕੋਈ ਕੰਮ ਨਹੀਂ ਸੀ ਗਰਚਾ ਸਾਹਿਬ ਨਾਲ ਮੈਗਜੀਨ ਦੇ ਪੱਤਰਕਾਰ ਵਜੋਂ ਅਸੀਂ ਸ਼ਾਇਦ ਇਹ ਆਖਿਰੀ ਵਾਰ ਚਾਹ ਪੀ ਰਹੇ ਸਾਂ। ਪੱਤਰਕਾਰ ਜਗਰੂਪ ਮਾਨ ਅਤੇ ਮੈਂ ਗਰਚਾ ਸਾਹਿਬ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਇਸ ਮੈਗਜ਼ੀਨ ਨੂੰ ਬੰਦ ਹੀ ਕਰਨਾ ਹੈ ਤਾਂ ਸਾਨੂੰ ਦੇ ਦਿਉ, ਗਰਚਾ ਸਾਹਿਬ ਨੇ ਫੈਸਲਾ ਲੈਣ ਨੂੰ ਇਕ ਮਿੰਟ ਲਾਇਆ ਅਤੇ ਚਾਹ ਦਾ ਕੱਪ ਖਤਮ ਹੁੰਦਿਆ ਹੀ ਗੱਡੀ ਕੱਢੀ ਤੇ ਲੁਧਿਆਣਾ ਕਚਹਿਰੀਆਂ ਪੁੱਜ ਕੇ ਮੈਗਜ਼ੀਨ ਲਿਖਤੀ ਰੂਪ ਵਿਚ ਮੇਰੇ ਸਾਥੀ ਜਗਰੂਪ ਮਾਨ ਦੇ ਨਾਮ ਕਰ ਦਿੱਤਾ। ਇਕ ਪ੍ਰਸਿੱਧ ਮੈਗਜ਼ੀਨ ਨੂੰ ਚਲਾਉਣਾ ਸਾਡੇ ਲਈ ਸਖਤ ਚੁਣੌਤੀ ਸੀ। ਮੈਗਜ਼ੀਨ ਲਈ ਫੇਰਾ ਤੋਰਾ ਪਹਿਲਾਂ ਨਾਲੋਂ ਵਧ ਗਿਆ ਸੀ। ਹੁਣ ਮੈਂ ਦੁਆਬਾ ਖੇਤਰ ਵਿਚ ਐਨ. ਆਰ. ਆਈਜ਼ ਦੁਆਰਾ ਪਿੰਡਾ ਵਿਚ ਕੀਤੇ ਧਾਰਮਿਕ, ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਕਵਰ ਕਰਨਾ ਆਰੰਭਿਆ । ਕਿਉਂ ਕਿ ਇਹੀ ਪ੍ਰਵਾਸੀ ਸੱਜਣ ਪੰਜਾਬ ਵਿਚ ਹੁੰਦੀਆਂ ਖੇਡਾਂ ਖਾਸਕਰ ਕਬੱਡੀ ਨਾਲ ਵੀ ਜੁੜੇ ਹੋਏ ਸਨ। ਇਸ ਲਈ ਖੇਡਾਂ ਦਾ ਖੇਤਰ ਵੀ ਫਿਰ ਮੇਰੇ ਲਈ ਵਿਸ਼ੇਸ਼ ਬਣ ਗਿਆ। ਪੰਜਾਬ ਵਿਚ ਖੇਡਾਂ ਨੂੰ ਪ੍ਰਮੋਟ ਕਰਨ ਵਾਲੇ ਪ੍ਰਮੋਟਰਾਂ ਅਤੇ ਪ੍ਰਸਿੱਧ ਖੇਡ ਮੇਲਿਆਂ ਕਰਕੇ ਹੁਣ ਇਕ ਵਿਸ਼ੇਸ਼ ਪਹਿਚਾਣ ਬਣਨੀ ਸ਼ੁਰੂ ਹੋ ਚੁੱਕੀ ਸੀ। ਇਸੇ ਪਹਿਚਾਣ ਸਦਕਾ 2002 ਵਿਚ ਪਹਿਲੀ ਵਾਰ ਇਕਬਾਲ ਸਿੰਘ ਅਟਵਾਲ ਦੀ ਪ੍ਰਧਾਨਗੀ ਵਿਚ ਯੂ. ਕੇ. ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋਂ ਮੈਨੂੰ ਤੇ ਜਗਰੂਪ ਮਾਨ ਨੂੰ ਪਹਿਲੀ ਵਾਰ ਇੰਗਲੈਂਡ ਦੇ ਕਬੱਡੀ ਕੱਪ ਕਵਰ ਕਰਨ ਲਈ ਸਪਾਂਸਰ ਆਈ। ਚਾਈਂ-ਚਾਈਂ ਵੀਜਾ ਅਪਲਾਈ ਕਰਨ ਦੀਆਂ ਤਿਆਰੀਆਂ ਵਿਚ ਹੀ ਸੀ ਕਿ ਕਈ ਖਿਡਾਰੀਆਂ ਦੇ ਜਾਅਲੀ ਜਾਂ ਦੋਹਰੇ ਪਾਸਪੋਰਟ ਹੋਣ ਦੀ ਖਬਰ ਮਿਲਣ ਦੇ ਨਾਲ ਹੀ ਬਰਤਾਨਵੀ ਅੰਬੈਸੀ ਨੇ ਸਾਰੀ ਵੀਜਾ ਪ੍ਰਕ੍ਰਿਆ ਰੋਕ ਲਈ ਅਤੇ ਜਿਨ੍ਹਾਂ ਖਿਡਾਰੀਆਂ ਦੇ ਵੀਜ਼ੇ ਲੱਗੇ ਸਨ, ਉਹ ਵੀ ਰੱਦ ਕਰ ਦਿੱਤੇ ਤੇ ਸਾਡੇ ਨਵੇਂ-ਨਕੋਰ ਪਾਸਪੋਰਟ ਵੀ ਵੀਜ਼ੇ ਤੋਂ ਸੱਖਣੇ ਹੀ ਰਹਿ ਗਏ।
ਫਿਰ 2005 ਵਿਚ ਪੈਸੇਫਿਕ ਦੇਸ ਨਿਊਜ਼ੀਲੈਂਡ ਦੀ ਧਰਤੀ ਤੋਂ ਬੁਲਾਵੇ ਦਾ ਸਬੱਬ ਬਣਿਆ। ਪ੍ਰਮਾਤਮਾ ਦੀ ਕ੍ਰਿਪਾ ਨਾਲ ਦੂਰ ਦੇਸ਼ ਦਾ ਇਹ ਸਬੱਬ ਸਾਲ ਕੁ ਪਹਿਲਾਂ ਦੇ ਪੱਤਰਕਾਰੀ ਰਾਹੀਂ ਹੀ ਜਾਣੂ ਬਣੇ ਸ. ਰਣਵੀਰ ਸਿੰਘ ਲਾਲੀ ਨੇ ਘੜਿਆ। ਸੱਦਾ ਨਿਉਜ਼ੀਲੈਂਡ ਵਿਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਪ੍ਰਸਿੱਧ ਸੰਸਥਾ ਨਿਊਜ਼ੀਲੈਡ ਸਿੱਖ ਸੁਸਾਇਟੀ ਆਕਲੈਂਡ ਵਲੋਂ ਸੀ। ਜਿਸਨੇ ਆਕਲੈਂਡ ਵਿਚ ਟਾਕਾਨਿਨੀ ਸਕੂਲ ਰੋਡ ‘ਤੇ ਪੈਸੇਫਿਕ ਦਾ ਸਭ ਤੋਂ ਵੱਡਾ ਗੁਰੂ ਘਰ ਸ੍ਰੀ ਕਲਗੀਧਰ ਗੁਰਦਵਾਰਾ ਸਾਹਿਬ ਟਾਕਾਨਿਨੀ ਉਸਾਰਿਆ ਸੀ ਅਤੇ ਨਾਨਕਸ਼ਾਹੀ ਸਿੱਖ ਕੈਲੰਡਰ ਅਨੁਸਾਰ ਨਵੇਂ ਸਾਲ ਮੌਕੇ ਗੁਰੁ ਘਰ ਦੀ ਸ਼ੁਭ ਆਰੰਭਤਾ ਲਈ ਕੋਈ 60 ਦੇ ਲਗਭਗ ਵਿਆਕਤੀਆਂ ਨੂੰ ਇੰਡੀਆਂ ਤੋਂ ਬੁਲਾਇਆ ਸੀ ਜਿਨ੍ਹਾਂ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਪੰਥ ਦੇ ਸਿਰਮੌਰ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਰਾਗੀ ਸਿੰਘ ਵੀ ਨਾਲ ਸਨ। ਇਸ ਮੌਕੇ ਇਕ ਕਬੱਡੀ ਟੀਮ ਅਤੇ ਕਬੱਡੀ ਕੁਮੈਂਟੇਟਰ ਮੱਖਣ ਅਲੀ ਤੇ ਮੈਂ ਤਾਂ ਪਹਿਲੀ ਵਾਰ ਨਿਊਜ਼ੀਲੈਂਡ ਪੁੱਜੇ ਸਾਂ। ਮੇਰਾ ਵੀਜ਼ਾ ਸਿਰਫ 10 ਦਿਨ ਦਾ ਸੀ। ਵਿਦੇਸ਼ ਦੀ ਇਸ ਪਲੇਠੀ ਫੇਰੀ ਨਾਲ ਹੀ ਮੇਰਾ ਬਾਹਰੀ ਦੁਨੀਆ ਦਾ ਰਸਤਾ ਖੁੱਲ੍ਹਿਆ ਸੀ। ਕੋਰੇ ਪਾਸਪੋਰਟ ਦੇ ਮੁਢਲੇ ਪੰਨੇ ‘ਤੇ ਨਿਊਜ਼ੀਲੈਂਡ ਦਾ ਵੀਜ਼ਾ ਚਮਕ ਰਿਹਾ ਸੀ। ਇਸ ਤੋਂ ਬਾਅਦ ਅਨੇਕਾਂ ਵਾਰ ਦੁਬਈ, ਫਿਰ ਤੁਰਕੀ ਅਤੇ ਤਿੰਨ ਸਾਲਾਂ ਲਗਾਤਾਰ ਇੰਗਲੈਂਡ ਜਾ ਚੁਕਿਆ ਹਾਂ। ਇਹ ਗੱਲ ਮੈਂ ਰਣਵੀਰ ਸਿੰਘ ਲਾਲੀ ਅਤੇ ਛੋਟੇ ਭਰਾ ਕੁਲਦੀਪ ਸਿੰਘ ਨੂੰ ਵੀ ਕਈ ਵਾਰ ਚਿਤਾਰੀ ਹੈ। ਇਸ ਵਾਰੀ ਵੀ ਇਨ੍ਹਾਂ ਭਰਾਵਾਂ ਨੇ ਹੀ ਸੱਦਾ ਦਿਤਾ ਕਿ ਸੱਤ ਸਾਲ ਪਹਿਲਾਂ ਵਾਂਗ ਹੀ 11 ਮਾਰਚ ਨੂੰ ਟਾਕਾਨਿਨੀ ਗੁਰੂ ਘਰ ਦੀ ਸਥਾਪਤੀ ਦੀ 7ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਨਾਲ ਹੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਵੀ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਧਾਰਮਿਕ ਸਮਾਗਮ ਅਤੇ ਕਬੱਡੀ ਮੈਚ ਵੀ ਹੋਣੇ ਸਨ। ਦੋ ਮਹੀਨੇ ਦਾ ਵੀਜ਼ਾ ਹੋਣ ਕਰਕੇ ਨਿਊਜੀਲੈਂਡ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਇਸ ਵਾਰ ਖੁੱਲ੍ਹਾ ਸਮਾਂ ਸੀ।
(ਚਲਦਾ…)