ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕ੍ਰਿਸੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਡਾਕਟਰ ਐਚ ਪੀ ਸਿੰਘ, ਡਿਪਟੀ ਡਾਇਰੈਕਟਰ ਜਨਰਲ (ਬਾਗਬਾਨੀ), ਭਾਰਤੀ ਖੇਤੀ ਖੋਜ ਸੰਸਥਾ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ ਨਾਲ ਬਾਗਬਾਨੀ ਨਾਲ ਜੁੜਨਾ ਜਰੂਰੀ ਹੈ ਕਿਉਂਕਿ ਵਿਸਵ ਵਿਚ ਬਾਗਬਾਨੀ ਉਤਪਾਦਾਂ ਦੀ ਸਖਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਡਾ ਸਿੰਘ ਨੇ ਕਿਹਾ ਕਿ ਦੇਸ ਦੀ ਅੰਨ ਸੁਰਖਿਆ ਵਿਚ ਬਾਗਬਾਨੀ ਉਤਪਾਦਨ ਅਹਿਮ ਯੋਗਦਾਨ ਪਾ ਰਹੇ ਹਨ। ਕਿਸਾਨਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਡਾ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਿਸਾਨ ਭਲਾਈ ਲਈ ਅਤੇ ਪੇਂਡੂ ਵਿਕਾਸ ਲਈ ਬਹੁਤ ਸਾਰੀਆਂ ਨਵੀਆਂ ਸਕੀਮਾਂ ਚਲਾਈਆਂ ਜਾਦੀਆਂ ਹਨ ਜਿਨ੍ਹਾਂ ਦਾ ਸੁਚੇਤ ਹੋ ਕੇ ਫਾਇਦਾ ਲੈਣਾ ਚਾਹੀਦਾ ਹੈ। ਡਾ: ਸਿੰਘ ਨੇ ਆਖਿਆ ਕਿ ਬਾਗਬਾਨੀ ਵਿਕਾਸ ਦੇਸ਼ ਦੀ ਅਨਾਜ ਸੁਰੱਖਿਆ ਵਿੱਚ ਵੱਡਾ ਭਾਈਵਾਲ ਬਣਨ ਦੇ ਸਮਰੱਥ ਹੈ ਅਤੇ ਇਸ ਖੇਤਰ ਵਿੱਚ ਪੰਜਾਬ ਵੱਡਾ ਹਿੱਸਾ ਪਾ ਸਕਦਾ ਹੈ। ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨਾਂ ਨਾਲ ਬਣਾਏ ਪਰਪਕ ਅਤੇ ਵਿਸਵਾਸ ਰੂਪੀ ਪ੍ਰੰਬਧਾਂ ਤੇ ਖੁਸੀ ਪਰਗਟ ਕਰਦਿਆਂ ਕਿਹਾ ਕਿ ਖੇਤੀ ਖੋਜ ਅਤੇ ਕਿਸਾਨਾਂ ਦੀ ਭਲਾਈ ਵਿਚ ਇਕ ਦੂਜੇ ਦੇ ਪੂਰਕ ਹਨ। ਡਾ ਸਿੰਘ ਨੇ ਕਿਹਾ ਕਿ ਵਾਤਾਵਰਣ ਦਾ ਵਿਗਾੜ ਸਮੁਚੇ ਵਿਸਵ ਦੀ ਸਮਸਿਆ ਹੈ। ਇਸ ਵਲ ਧਿਆਨ ਦੇਣ ਦੀ ਲੋੜ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਦਿਨੋ ਦਿਨ ਵਿਗੜ ਰਹੇ ਵਾਤਾਵਰਣ ਨੂੰ ਧਿਆਨ ਵਿਚ ਰਖ ਕੇ ਯੂਨੀਵਰਸਿਟੀ ਵਲੋਂ ਇਸ ਮਹੀਨੇ ਪੰਜਾਬ ਭਰ ਵਿਚ ਲਗਾਏ ਕਿਸਾਨ ਮੇਲਿਆਂ ਦਾ ਉਦੇਸ਼ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ’’ ਰਖਿਆ ਗਿਆ ਹੈ ਤਾਂ ਕਿ ਕੁਦਰਤੀ ਸੋਮਿਆਂ ਦੀ ਤਰਕ ਅਤੇ ਸੰਜਮ ਨਾਲ ਵਰਤੋਂ ਕਰਨ ਪ੍ਰਤੀ ਚੇਤਨਾ ਪੈਦਾ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵਲ ਤੁਰਨਾ ਚਾਹੀਦਾ ਹੈ ਕਿਉਂਕਿ ਖੇਤੀ ਖਰਚੇ ਦਿਨੋ ਦਿਨ ਵਧ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਆਮਦਨ ਵਧਾਉਣ ਦੇ ਉਪਰਾਲਿਆਂ ਬਾਰੇ ਸੋਚਨਾ ਪਵੇਗਾ। ਡਾ: ਢਿੱਲੋਂ ਨੇ ਕਿਹਾ ਕਿ ਕਿਸਾਨਾਂ ਲਈ ਨਵੀਆਂ ਵਿਕਸਤ ਕੀਤੀਆਂ ਤਕਨੀਕਾਂ ਨੂੰ ਜਾਨਣ ਲਈ ਇਹ ਕਿਸਾਨ ਮੇਲੇ ਅਸਰਦਾਰ ਭੂਮਿਕਾ ਨਿਭਾ ਰਹੇ ਹਨ। ਡਾ: ਢਿਲੋਂ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਇਸ ਯੁਗ ਵਿਚ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜੁੜ ਕੇ ਹੀ ਖੇਤੀ ਵਿਚ ਵਪਾਰਕ ਅਤੇ ਤਰਕਸੀਲ ਸੋਚ ਨਾਲ ਕਦਮ ਪੁਟਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਵਾਤਾਵਰਣ ਅਨੁਕੂਲ ਅਤੇ ਛੋਟੇ ਕਿਸਾਨਾਂ ਦੇ ਹਿਤ ਪੂਰਦੀ ਤਕਨਾਲੋਜੀ ਨੂੰ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਸਾਰਿਆ ਜਾ ਰਿਹਾ ਹੈ ਅਤੇ ਇਸ ਤਕਨਾਲੋਜੀ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਵਧ ਤੋਂ ਵਧ ਖੇਤੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਕਿਸਾਨਾਂ ਦੇ ਖੇਤੀ ਸਾਹਿਤ ਪੜ੍ਹਨ ਵਲ ਆ ਰਹੇ ਰੁਝਾਨ ਤੇ ਖੁਸੀ ਪ੍ਰਗਟ ਕਰਦਿਆਂ ਡਾ: ਢਿਲੋਂ ਨੇ ਕਿਹਾ ਕਿ ਸਾਡੇ ਪੀਰਾਂ ਫਕੀਰਾਂ ਨੇ ਵੀ ਸਬਦ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਆ ਹੈ। ਡਾ: ਢਿਲੋਂ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਸਮਾਜਕ ਕ ਤੋਂ ਛੁਟਕਾਰਾ ਪਾਉਣ ਲਈ ਜਤਨ ਜਤਾਉਣ ਦੀ ਲੋੜ ਤੇ ਜ਼ੋਰ ਦਿਤਾ।
ਯੂਨੀਵਰਸਿਟੀ ਦੇ ਨਿਰਦੇਸਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਸਵਾਗਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲ ਬੀਜਣ ਦੀ ਤਿਆਰ ਤੋਂ ਵੱਡਣ ਅਤੇ ਮੰਡੀਕਰਨ ਤਕ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਡਾ: ਗਿੱਲ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਯੂਨੀਵਰਸਿਟੀ ਦੇ ਕੇਂਦਰ ਸਥਾਪਤ ਹਨ ਅਤੇ ਜਿਥੇ ਖੇਤੀ ਨਾਲ ਸਬੰਧਤ ਸਾਰੇ ਵਿਸ਼ਿਆਂ ਦੇ ਮਾਹਰ ਕਿਸਾਨ ਦੀ ਸੇਵਾ ਵਿਚ ਹਾਜ਼ਰ ਹਨ ਇਸ ਲਈ ਇਹਨਾਂ ਸੇਵਾਵਾਂ ਦਾ ਕਿਸਾਨਾਂ ਨੂੰ ਵਧ ਤੋਂ ਵਧ ਫਾਇਦਾ ਲੈਣਾ ਚਾਹੀਦਾ ਹੈ। ਆਪਣੀਆਂ ਘਰੇਲੂ ਲੋੜਾਂ ਅਨੁਸਾਰ ਸਹਾਇਕ ਧੰਦੇ ਅਪਨਾਉਣ ਤੇ ਜ਼ੋਰ ਦਿੰਦਿਆਂ ਡਾ: ਗਿੱਲ ਨੇ ਕਿਹਾ ਕਿ ਸਬਜ਼ੀਆਂ ਅਤੇ ਹੋਰ ਲਾਹੇਵੰਦ ਫਸਲਾਂ ਦੀ ਕਾਸ਼ਤ ਨਾਲ ਕਿਸਾਨ ਆਮਦਨ ਵਿਚ ਵਾਧਾ ਕਰਨ ਦੇ ਨਾਲ ਨਾਲ ਖੇਤੀ ਵਿਚ ਵੰਨ ਸੁਵੰਨਤਾ ਲਿਆ ਸਕਦੇ ਹਨ। ਉਹਨਾਂ ਖਾਰੇ ਪਾਣੀ ਸਮੱਸਿਆ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਆਪਣਾ ਸੰਦੇਸ਼ ਵੀ ਦਿੱਤਾ।
ਯੂਨੀਵਰਸਿਟੀ ਦੀਆਂ ਖੇਤੀ ਖੋਜ ਪ੍ਰਾਪਤੀਆਂ ਅਤੇ ਭਵਿੱਖ ਵਿਚ ਹੋਣ ਵਾਲੇ ਉਪਰਾਲਿਆਂ ਦੇ ਚਾਨਣਾਂ ਪਾਉਂਦਿਆਂ ਨਿਰਦੇਸਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਦਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਮਾਜ ਨੂੰ ਹਰ ਪਖੋਂ ਵਿਕਸਤ ਕਰਨ ਲਈ ਕਿਸਾਨਾਂ ਦੀ ਜ਼ਰੂਰਤ ਦੇ ਅਨੁਕੂਲ ਤਕਨਾਲੋਜੀ ਦੇ ਵਿਕਾਸ ਨੂੰ ਤਰਜੀਹ ਦਿਤੀ ਜਾਂਦੀ ਹੈ ਅਤੇ ਭਵਿੱਖ ਵਿਚ ਵੀ ਦਿਤੀ ਜਾਵੇਗੀ। ਡਾ: ਗੋਸਲ ਨੇ ਕਿਹਾ ਕਿ ਝੋਨੇ ਦੀ ਪੀ ਆਰ 118 ਕਿਸਮ ਵਧ ਝਾੜ ਦੇਣ ਵਾਲੀ ਕਿਸਮ ਹੈ। ਇਸ ਨੂੰ ਕੋਈ ਬਿਮਾਰੀ ਵੀ ਨਹੀਂ ਲਗਦੀ ਅਤੇ ਖਾਰੇ ਪਾਣੀਆਂ ਵਾਲੇ ਖੇਤਰ ਵਿਚ ਕਾਮਯਾਬ ਹੈ।
ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ: ਜੀ ਪੀ ਐਸ ਸੋਢੀ ਨੇ ਇਸ ਕੇਂਦਰ ਤੇ ਦਿਤੀਆਂ ਜਾ ਰਹੀਆਂ ਟ੍ਰੇਨਿੰਗਾਂ ਬਾਰੇ ਜਾਣਕਾਰੀ ਦਿਤੀ। ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਤੇ ਭਾਰੀ ਇਕਠ ਦੇਖਿਆ ਗਿਆ ਜੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਲਾਕੇ ਦਾ ਕਿਸਾਨ ਪੂਰੇ ਪੰਜਾਬ ਵਿਚ ਖੇਤੀ ਸਾਹਿਤ ਵਿਚ ਰੁਚੀ ਰੱਖਦਾ ਹੈ। ਕਿਸਾਨ ਮੇਲੇ ਤੇ ਖੇਤੀ ਉਤਪਾਦਨ ਮੁਕਾਬਿਲਆਂ ਵਿਚ ਜੇਤੂ ਕਿਸਾਨਾਂ ਨੂੰ ਇਨਾਮ ਤਕਸੀਮ ਕੀਤੇ ਗਏ। ਅਕਾਸ਼ਵਾਣੀ ਦੇ ਪਟਿਆਲਾ ਕੇਂਦਰ ਵਲੋਂ ਸਮੁੱਚੇ ਮੇਲੇ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।
ਮੇਲੇ ਦੌਰਾਨ ਵੱਖ ਵੱਖ ਵਿਭਾਗਾਂ ਵਲੋਂ ਲਗਾਏ ਗਏ ਸਟਾਲ, ਪ੍ਰਦਰਸ਼ਨੀ ਪਲਾਟ ਅਤੇ ਨਵੀਆਂ ਕਿਸਮਾਂ ਦੇ ਬੀਜਾਂ ਦੀ ਵਿਕਰੀ ਆਕਰਸ਼ਣ ਦਾ ਮੁਖ ਕੇਂਦਰ ਸਨ। ਇਸ ਮੇਲੇ ਦੌਰਾਨ ਕਿਸਾਨਾਂ ਦੇ ਖੇਤੀ ਜਿਨਸਾਂ ਅਤੇ ਕਿਸਾਨ ਬੀਬੀਆਂ ਲਈ ਗ੍ਰਹਿ ਵਿਗਿਆਨ ਸੰਬੰਧੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਇਨਾਮ ਦਿਤੇ ਗਏ। ਲੋਕ ਗਾਇਕ ਰਾਮ ਸਿੰਘ ਅਲਬੇਲਾ ਨੂੰ ਖੇਤੀ ਨਾਲ ਸਬੰਧਤ ਗੀਤ ਅਤੇ ਪੰਜਾਬ ਦੀਆਂ ਲੋਕ ਗਾਥਾਵਾਂ ਪੇਸ ਕੀਤੀਆਂ ਗਈਆਂ।