ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ ।
ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ ।
ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ ।
ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ ।
ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ ।
ਸਗਲੀ ਮਉਲੀ ਮੇਧਨੀ, ਸਭਨੀ ਕੂਟਾਂ ਹਰਿਆਈਆਂ ।
ਮੰਗਲ ਕਰੋ ਸਹੇਲੀਓ, ਦੇਵਹੋ ਸਭ ਆ ਵਧਾਈਆਂ ।
ਚੋਵਹੋ ਤੇਲ ਦੇਹਲੀਆਂ, ਵਜਾਵੋ ਸੁਰ ਸ਼ਹਿਨਾਈਆਂ ।
ਤੰਦਾਂ ਸਭਨੀ ਉਲਝੀਆਂ, ਬਿਨ ਜੁਗਤਾਂ ਸੁਲਝਾਈਆਂ ।
ਰੂਹਾਂ ਚਿਰਹੀ ਵਿਛੁੰਨੀਆਂ, ਸਹਿਜ ਵਸੀਆਂ ਅਘਾਈਆਂ ।
ਤਾਂਘਾਂ ਫੁੱਟਿਆ ਬੂਰ ਹੁਣ, ਫਲਗੁਣ ਦੀ ਰੁੱਤਾਂ ਆਈਆਂ ।
ਘੁਲੀਆਂ ਘਟਿ ਸੁਗੰਧੀਆਂ, ਸ਼ਾਖ ਰਮਣ ਗੁਲਿਆਈਆਂ ।
ਪਾਇਆ ਪ੍ਰੀਤਮ ਆਪਣਾ, ਸਦ ਮੇਲਾਂ ਆਣ ਮਿਲਾਈਆਂ ।
ਕੰਵਲ ਹੋਈਆਂ ਖੀਵੀਆਂ, ਘਰਹਿ ਅਨੰਦੁ ਵਸਾਈਆਂ ।