ਅੰਮ੍ਰਿਤਸਰ:- ਰੇਲ ਮੰਤਰੀ ਸ੍ਰੀ ਦਿਨੇਸ਼ ਤ੍ਰਿਵੇਦੀ ਵੱਲੋਂ 13 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਰੇਲਵੇ ਬਜਟ ਸਾਲ 2012-13 ’ਚ ਸਿੱਖ ਭਾਈਚਾਰੇ ਨੂੰ ਸਹੂਲਤ ਦੇਣ ਦੀ ਗਲ ਕਰਦਿਆਂ ਤਿੰਨ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਲਈ ਵਿਸ਼ੇਸ਼ ਗੁਰੂ ਪਰਿਕਰਮਾਂ ਨਾ ਦੀ ਰੇਲ ਗੱਡੀ ਚਲਾਏ ਜਾਣ ਬਾਰੇ ਜਿਕਰ ਕੀਤਾ ਗਿਆ ਹੈ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਰੇਲਵੇ ਮੰਤਰੀ ਵੱਲੋਂ ਕੀਤੇ ਇਸ ਫੈਸਲੇ ਨੂੰ ਦੇਰ ਆਏ ਦਰੁੱਸਤ ਆਏ ਵਾਲਾ ਫੈਸਲਾ ਦੱਸਦਿਆਂ ਕਿਹਾ ਹੈ ਕਿ ਸਿੱਖਾਂ ਦੇ ਮਹਾਨ ਤੇ ਇਤਿਹਾਸਕ ਤਖ਼ਤ ਤਿੰਨ ਨਹੀਂ ਬਲਕਿ ਪੰਜ ਤਖ਼ਤ ਸਾਹਿਬਾਨ ਹਨ ਤੇ ਇਨ੍ਹਾਂ ਪੰਜ ਇਤਿਹਾਸਕ ਤਖ਼ਤ ਸਾਹਿਬਾਨਾਂ ਤੇ ਰੋਜਾਨਾਂ ਹੀ ਹਜ਼ਾਰਾਂ ਸ਼ਰਧਾਲੂ ਦੇਸ਼-ਵਿਦੇਸ਼ਾਂ ਤੋਂ ਦਰਸ਼ਨ ਕਰਨ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੇ ਦਰਸ਼ਨਾਂ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਲਈ ਰੇਲ ਮੰਤਰਾਲੇ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਸਾਹਿਬ ਨੂੰ ਵਿਸ਼ੇਸ਼ ਗੁਰੂ ਪਰਿਕਰਮਾ ਰੇਲ ਗੱਡੀ ਚਲਾਏ ਜਾਣ ਦਾ ਜ਼ਿਕਰ ਹੈ ਪਰ ਸਿੱਖਾਂ ਦੇ ਦੋ ਮਹਾਨ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੇ ਰੋਜ਼ਾਨਾਂ ਹਜ਼ਾਰਾਂ ਸ਼ਰਧਾਲੂਆਂ ਦੇ ਲਈ ਸਹੂਲਤ ਸ਼ਾਮਲ ਨਹੀਂ ਜੋ ਬਹੁਤ ਹੀ ਜ਼ਰੂਰੀ ਹੈ। ਰੇਲਵੇ ਮੰਤਰਾਲੇ ਨੂੰ ਚਾਹੀਦਾ ਹੈ ਕਿ ਗੁਰੁ ਪਰਿਕਰਮਾਂ ਵਿਸ਼ੇਸ਼ ਰੇਲ ਗੱਡੀ ਤਿੰਨ ਤਖ਼ਤਾਂ ਦੀ ਬਜਾਏ ਪੰਜ ਤਖ਼ਤ ਸਾਹਿਬਾਨਾਂ ਤੱਕ ਚਲਾਈ ਜਾਣੀ ਚਾਹੀਦੀ ਹੈ।
ਰੇਲਵੇ ਮੰਤਰਾਲਾ ਜੇਕਰ ਪੰਜ ਇਤਿਹਾਸਕ ਤਖ਼ਤ ਸਾਹਿਬਾਨ ਤੱਕ ਵਿਸ਼ੇਸ਼ ਰੇਲ ਗੱਡੀ ਗੁਰੂ ਪਰਿਕਰਮਾਂ ਨੂੰ ਚਲਾ ਦੇਵੇ ਤਾਂ ਇਸ ਨਾਲ ਤਖ਼ਤ ਸਾਹਿਬਾਨ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਤਾਂ ਫਾਇਦਾ ਹੋਵੇਗਾ ਹੀ ਪਰੰਤੂ ਰੇਲਵੇ ਮਹਿਕਮੇ ਨੂੰ ਵੀ ਕਰੋੜਾਂ ਰੁਪਏ ਦਾ ਲਾਭ ਪੁੱਜੇਗਾ ਇਸ ਲਈ ਅਸੀਂ ਰੇਲ ਮੰਤਰਾਲਾ ਭਾਰਤ ਤੋਂ ਮੰਗ ਕਰਦੇ ਹਾਂ ਕਿ ਗੁਰੂ ਪਰਿਕਰਮਾਂ ਵਿਸ਼ੇਸ਼ ਰੇਲ ਗੱਡੀ ਤਿੰਨ ਤਖ਼ਤ ਸਾਹਿਬਾਨ ਤੱਕ ਦੀ ਬਜਾਏ ਪੰਜ ਤਖ਼ਤ ਸਾਹਿਬਾਨਾਂ ਤੱਕ ਚਲਾਏ ਜਾਣ ਬਾਰੇ ਪੁਨਰ ਵਿਚਾਰ ਕਰੇ। ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਡਾਕਟਰ ਮਨਮੋਹਨ ਸਿੰਘ ਜੀ ਅਤੇ ਰੇਲਵੇ ਮੰਤਰੀ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਹਨ।