ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ 1995 ਵਿੱਚ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਸ. ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾ ਰਹੀ ਫਾਂਸੀ ਤੇ ਸਿਆਸਤ ਗਰਮ ਹੋ ਗਈ ਹੈ। ਡੀਐਸਜੀਪੀਸੀ ਦੇ ਪ੍ਰਧਾਨ ਸਰਨਾ ਦਾ ਕਹਿਣਾ ਹੈ ਕਿ ਬਾਦਲ ਮਗਰਮੱਛ ਦੇ ਅੱਥਰੂ ਵਹਾ ਰਹੇ ਹਨ। ਰਾਜ ਵਿੱਚ ਉਸ ਦੀ ਮਨਜੂਰੀ ਤੋਂ ਬਿਨਾਂ ਫਾਂਸੀ ਦਿੱਤੀ ਹੀ ਨਹੀਂ ਜਾ ਸਕਦੀ।
ਐਸਜੀਪੀਸੀ ਦੇ ਪ੍ਰਧਾਨ ਮੱਕੜ ਦਾ ਕਹਿਣਾ ਹੈ ਕਿ ਅਸੀਂ ਕਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਾਂ। ਅਕਾਲ ਤਖਤ ਸਾਹਿਬ ਦਾ ਜੋ ਵੀ ਫੈਸਲਾ ਹੋਵੇਗਾ ਉਸ ਉਪਰ ਤੁਰੰਤ ਕਾਰਵਾਈ ਹੋਵੇਗੀ। ਗਰਮਦਲੀ ਸਿੱਖ ਸੰਗਠਨਾਂ ਨੇ 21 ਮਾਰਚ ਨੂੰ ਆਪਾਤਕਾਲ ਬੈਠਕ ਬੁਲਾਈ ਹੈ। ਬੈਠਕ ਵਿੱਚ ਫਾਂਸੀ ਰੁਕਵਾਉਣ ਲਈ ਰਣਨੀਤੀ ਬਣਾਈ ਜਾਵੇਗੀ। ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬੱਚਨ ਸਿੰਘ ਜੀ ਸੋਮਵਾਰ ਨੂੰ ਬਲਵੰਤ ਸਿੰਘ ਰਾਜੋਆਣਾਂ ਨੂੰ ਮਿਲੇ ਸਨ। ਉਨ੍ਹਾਂ ਨੇ ਰਾਜੋਆਣਾ ਨੂੰ ਮਾਫ਼ੀ ਦੀ ਸਜ਼ਾ ਮਾਫ਼ ਕਰਵਾਉਣ ਲਈ ਦਰਖਾਸਤ ਦੇਣ ਦੀ ਅਪੀਲ ਕੀਤੀ ਸੀ ਪਰ ਬਲਵੰਤ ਸਿੰਘ ਨੇ ਅਪੀਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪੰਜ ਸਿੰਘ ਸਹਿਬਾਨ ਅਕਾਲ ਤਖਤ ਸਾਹਿਬ ਤੋਂ ਅੱਜ ਇਸ ਸਬੰਧੀ ਫੈਸਲਾ ਲੈਣਗੇ। ਸੱਭ ਦੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਫੁਰਮਾਣ ਤੇ ਟਿਕੀਆਂ ਹੋਈਆਂ ਹਨ। ਸਿੰਘ ਸਹਿਬਾਨ ਗਿਆਨੀ ਜੁਗਿੰਦਰ ਸਿੰਘ ਜੀ ਕੌਮ ਦੇ ਨਾਂ ਸੰਦੇਸ਼ ਜਾਰੀ ਕਰ ਸਕਦੇ ਹਨ। ਸਿੱਖ ਸੰਗਠਨਾਂ ਨੂੰ ਰਾਜੋਆਣਾ ਦੀ ਸਜ਼ਾ ਮਾਫ਼ ਕਰਵਾਉਣ ਲਈ ਯਤਨ ਤੇਜ਼ ਕਰਨ ਦੀ ਵੀ ਹਿਦਾਇਤ ਦਿੱਤੀ ਜਾ ਸਕਦੀ ਹੈ।
ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਫਾਂਸੀ ਦੀ ਸਜ਼ਾ ਬਾਰੇ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਤਰ ਮੁੱਖਮੰਤਰੀ ਬਾਦਲ ਹੀ ਦੇ ਸਕਦੇ ਹਨ। ਬੇਅੰਤੇ ਦੇ ਪੋਤਰੇ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਮਾਫੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਬਾਦਲ ਸਰਕਾਰ ਨੂੰ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਪਟਿਆਲਾ ਦੇ ਡੀਜੀਪੀ ਸ਼ਸ਼ੀਕਾਂਤ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪਟਿਆਲਾ ਵਿੱਚ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦਾ ਮਾਮਲਾ ਚੰਡੀਗੜ੍ਹ ਦਾ ਹੈ। ਇਸ ਲਈ ਫਾਂਸੀ ਚੰਡੀਗੜ੍ਹ ਹੀ ਦਿੱਤੀ ਜਾਣੀ ਚਾਹੀਦੀ ਹੈ।