ਅੰਮ੍ਰਿਤਸਰ- ਬਲਵੰਤ ਸਿੰਘ ਰਾਜੋਆਣਾ ਜੋ ਕਿ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ ਦੇ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਤੋਂ ਲਿਖਤੀ ਰੂਪ ਵਿੱਚ ਸੁਝਾਅ ਮੰਗੇ ਗਏ ਹਨ। ਇਹ ਸੁਝਾਅ 23 ਮਾਰਚ ਤੱਕ ਮੰਗੇ ਗਏ ਹਨ। ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।
ਅਕਾਲ ਤਖਤ ਦੇ ਸਿੰਘ ਸਹਿਬਾਨ ਗਿਆਨੀ ਗੁਰਬੱਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਾਜਨੀਤਕ,ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਵਿਚਾਰ ਜਾਨਣ ਤੋਂ ਬਾਅਦ ਹੀ 23 ਮਾਰਚ ਨੂੰ ਅਗਲਾ ਫੈਸਲਾ ਲਿਆ ਜਾਵੇਗਾ। ਅਕਾਲ ਤਖਤ ਸਾਹਿਬ ਤੋਂ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਰਾਜੋਆਣਾ ਚੜਦੀ ਕਲਾ ਲਈ ਅਖੰਡਪਾਠ ਰੱਖਵਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਜਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਵਸੀਅਤ ਵਿੱਚ ਆਪਣੀ ਦੇਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੀਤੀ ਹੈ। ਇਹ ਵਸੀਅਤ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬੱਚਨ ਸਿੰਘ ਨੂੰ ਭੇਜੀ ਗਈ ਹੈ। ਰਾਜੋਆਣਾ ਸਬੰਧੀ ਅਗਲਾ ਫੈਸਲਾ 23 ਮਾਰਚ ਨੂੰ ਹੋਣ ਵਾਲੀ ਸਿੰਘ ਸਹਿਬਾਨ ਦੀ ਬੈਠਕ ਵਿੱਚ ਲਿਆ ਜਾਵੇਗਾ।