ਲੁਧਿਆਣਾ:- ਪੰਜਾਬ ਐਗਰੀਕਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ 21-22 ਮਾਰਚ ਨੂੰ ਕਰਵਾਏ ਜਾ ਰਹੇ ਕਿਸਾਨ ਮੇਲੇ ਵਿੱਚ ਹੋਮ ਸਾਇੰਸ ਕਾਲਜ ਵੱਲੋਂ ਧੀਆਂ ਭੈਣਾਂ ਦੀ ਸ਼ਿਰਕਤ ਵਧਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਦੱਸਿਆ ਕਿ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਕਾਲਜ ਦੇ ਚਾਰ ਵਿਭਾਗਾਂ ਵੱਲੋਂ ਨੁਮਾਇਸ਼ਾਂ ਇਸ ਵਿਸ਼ੇ ਦੁਆਲੇ ਕੇਂਦਰਿਤ ਰੱਖੀਆਂ ਜਾਣਗੀਆਂ। ਇਸ ਨੁਮਾਇਸ਼ ਵਿੱਚ ਬਰਸਾਤ ਦੇ ਪਾਣੀ ਦੀ ਸੰਭਾਲ ਦਾ ਨਮੂਨਾ, ਘਰੇਲੂ ਕੂੜੇ ਕਰਕਟ ਦੀ ਸੰਭਾਲ, ਹਵਾ ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਣ ਰਹਿਤ ਰੱਖਣ, ਕੱਪੜਿਆਂ ਦੀਆਂ ਵਾਤਾਵਰਨ ਵਿਗਾੜੇ ਬਗੈਰ ਸੰਭਾਲ ਤਕਨੀਕਾਂ, ਘੱਟ ਵਰਤੇ ਜਾਣ ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਵੱਖੋ ਵੱਖਰੇ ਪਕਵਾਨ ਅਤੇ ਬੱਚਿਆਂ ਨੂੰ ਸੰਭਾਲਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਹੋਮ ਸਾਇੰਸ ਕਾਲਜ ਦੇ ਗ੍ਰਹਿ ਵਿਗਿਆਨ ਪਸਾਰ ਸਿੱਖਿਆ ਵਿਭਾਗ ਦੀ ਮੁਖੀ ਡਾ: ਸੁਖਜੀਤ ਕੌਰ ਔਜਲਾ ਨੇ ਦੱਸਿਆ ਕਿ ਕਿਸਾਨ ਮੇਲੇ ਵਿੱਚ ਕਿਸਾਨ ਭੈਣਾਂ ਅਤੇ ਬੱਚਿਆਂ ਲਈ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ। ਕਿਸਾਨ ਬੀਬੀਆਂ ਲਈ ਪੁੰਗਰੀਆਂ ਦਾਲਾਂ ਤੋਂ ਪੌਸ਼ਟਿਕ ਭੋਜਨ ਤਿਆਰ ਕਰਨ ਅਤੇ ਕੱਪੜਿਆਂ ਦੀ ਰਹਿੰਦ ਖੂਹੰਦ ਤੋਂ ਵਧੀਆ ਚੀਜ਼ਾਂ ਬਣਾਉਣ ਦੇ ਮੁਕਾਬਲੇ ਹੋਣਗੇ। ਬੱਚਿਆਂ ਦੇ ਡਰਾਇੰਗ ਮੁਕਾਬਲੇ ਅਤੇ ਮਿੱਟੀ ਦੇ ਖਿਡੌਣੇ ਬਣਾਉਣ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਮੇਲੇ ਵਿੱਚ 30 ਤੋਂ ਵੱਧ ਉੱਦਮੀ ਔਰਤਾਂ ਆਪਣੇ ਵੱਲੋਂ ਬਣਾਈਆਂ ਚੀਜ਼ਾਂ ਦੀ ਨੁਮਾਇੰਸ਼ ਵਿੱਚ ਪੰਜਾਬੀ ਜੁੱਤੀ, ਫੁਲਕਾਰੀ ਅਤੇ ਫੁਲਕਾਰੀ ਦੀਆਂ ਹੋਰ ਵਸਤਾਂ, ਘਰ ਪੀਸੇ ਮਸਾਲੇ, ਜੈਵਿਕ ਦਾਲਾਂ, ਕਢਾਈ ਕੀਤੇ ਹੋਏ ਸੂਟ ਵੀ ਵਿਕਰੀ ਹਿਤ ਪੇਸ਼ ਕੀਤੇ ਜਾਣਗੇ। ਇਨ੍ਹਾਂ ਔਰਤਾਂ ਨੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਸਿਖਲਾਈ ਹਾਸਿਲ ਕਰਕੇ ਸਵੈ ਸਹਾਇਤਾ ਗਰੁੱਪ ਬਣਾ ਕੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਜਿਸ ਨਾਲ ਇਨ੍ਹਾਂ ਭੈਣਾਂ ਨੂੰ ਰੁਜ਼ਗਾਰ ਹਾਸਿਲ ਹੋਇਆ।
ਡਾ: ਔਜਲਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹੋਮ ਸਾਇੰਸ ਨਾਲ ਸਬੰਧਿਤ ਕਿਤਾਬਾਂ ਵੀ ਇਸ ਕਾਲਜ ਦੇ ਇਨਕੁਆਰੀ ਸਟਾਲ ਤੇ ਵੇਚੀਆਂ ਜਾਣਗੀਆਂ। ਹੋਮ ਸਾਇੰਸ ਕਾਲਜ ਦੇ ਵਿਦਿਆਰਥੀ ਆਪਣੀ ਸਿਖਲਾਈ ਦੌਰਾਨ ਬਣਾਏ ਸੁਆਦਲੇ ਪਕਵਾਨ ਵੀ ਮੇਲੇ ਵਿੱਚ ਆਏ ਮਹਿਮਾਨਾਂ ਨੂੰ ਵੇਚਣਗੇ।