ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੈਂਬਰਾਂ ਵੱਲੋਂ ਹੀ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਮੀਤ ਜਥੇਦਾਰ ਅਤੇ ਹੋਰ ਗ੍ਰੰਥੀ ਸਿੰਘਾਂ ਨਾਲ ਕੀਤੀ ਬਦਸਲੂਕੀ ਦੀ ਘਟਨਾ ਦੀ ਜੋਰਦਾਰ ਨਿੰਦਾ ਕਰਦਿਆਂ ਇਸ ਨੂੰ ਮਰਿਯਾਦਾ ਦੀ ਘੋਰ ਉਲੰਘਣਾ ਕੀਤੀ ਜਾਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।
ਇਥੋਂ ਜਾਰੀ ਇਕ ਪ੍ਰੈੱਸ ਰਲੀਜ਼ ਵਿਚ ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਵਿਖੇ ਨਿੱਤ ਦੀ ਮਰਿਯਾਦਾ ਨੂੰ ਮੁਕੰਮਲ ਰੂਪ ਵਿਚ ਨਿਭਾਉਣਾ ਜਥੇਦਾਰ ਸਾਹਿਬ ਦੀ ਵੱਡੀ ਜਿੰਮੇਵਾਰੀ ਅਤੇ ਉਨ੍ਹਾਂ ਦਾ ਅਧਿਕਾਰ ਖੇਤਰ ਹੈ ਅਤੇ ਇਸ ਦੌਰਾਨ ਪ੍ਰਬੰਧਕੀ ਮੈਂਬਰਾਂ ਵਲੋਂ ਕਿਸੇ ਵੀ ਪ੍ਰਕਾਰ ਦਾ ਮੰਗ ਪੱਤਰ ਦੇਣਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਨਿਰਾਦਰ ਅਤੇ ਮਰਿਯਾਦਾ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਂੈਬਰਾਂ ਵਲੋਂ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਧਮਕੀ ਦਿੱਤੇ ਜਾਣ ਦੀ ਇਸ ਨਿਰਾਦਰ ਭਰੀ ਕਾਰਵਾਈ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਖਸ਼ੀਅਤਾਂ ਜੋ ਗੁਰਧਾਮਾਂ ਦੇ ਪ੍ਰਬੰਧ ਨਾਲ ਜੁੜੀਆਂ ਹੋਈਆਂ ਹੋਣ, ਉਨ੍ਹਾਂ ਪਾਸੋਂ ਅਜਿਹੀ ਘਟੀਆ ਕਿਸਮ ਦੀ ਕਾਰਵਾਈ ਕੀਤੀ ਜਾਣੀ ਹੋਰ ਵੀ ਸ਼ਰਮਨਾਕ ਅਤੇ ਸਰਕਾਰ ਨੂੰ ਗੁਰਧਾਮਾਂ ਦੇ ਪ੍ਰਬੰਧ ਵਿਚ ਸਿੱਧਾ ਦਖਲ ਦੇਣ ਲਈ ਸੱਦਾ ਦੇਣ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨਿਰਾਦਰ ਭਰੀ ਕਾਰਵਾਈ ਕਰਨ ਵਾਲਿਆ ਨੂੰ ਭੁੱਲ ਬਖਸ਼ਾ ਕੇ ਪਸ਼ਚਾਤਾਪ ਕਰਨਾ ਚਾਹੀਦਾ ਹੈ।