ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਕਿਸਾਨ ਮੇਲੇ ਮੌਕੇ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਆਏ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਨੇ ਕਿਹਾ ਹੈ ਕਿ ਖੇਤੀ ਖ਼ਰਚੇ ਘਟਾਉਣ ਲਈ ਘਰੋਂ ਘਰੀਂ ਟਰੈਕਟਰ ਖੜ੍ਹੇ ਕਰਨ ਦੀ ਥਾਂ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਸਹਿਕਾਰਤਾ ਦਾ ‘ਮੋਗਾ ਮਾਡਲ’ ਅਪਨਾਉਣ ਦੀ ਲੋੜ ਹੈ ਜਿਥੇ ਸੁਖਾਨੰਦ, ਕੋਕਰੀ, ਮਾਹਲਾ ਤੇ ਕਈ ਹੋਰ ਪਿੰਡਾਂ ਨੇ ਲੇਜ਼ਰ ਕਰਾਹਾ, ਟਰੈਕਟਰ ਤੇ ਖੇਤੀਬਾੜੀ ਲਈ ਲੋੜੀਂਦੀ ਮਸ਼ੀਨਰੀ ਸਾਂਝੇ ਤੌਰ ਤੇ ਖ਼ਰੀਦੀ ਹੋਈ ਹੈ। ਲੋਕ ਇਸ ਤੋਂ ਲਾਹਾ ਲੈ ਰਹੇ ਹਨ। ਸ: ਤੋਤਾ ਸਿੰਘ ਨੇ ਕਿਹਾ ਕਿ ਨਸ਼ਾਖੋਰੀ ਨੂੰ ਨੱਥ ਪਾਉਣ ਲਈ ਖੇਤੀਬਾੜੀ ਦਾ ਕੰਮ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਥਾਂ ’ਚ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਿਰਤ ਸਭਿਆਚਾਰ ਦੀ ਅਣਹੋਂਦ ਕਾਰਨ ਖੇਤੀਬਾੜੀ ਬੇਗਾਨੇ ਹੱਥਾਂ ’ਚ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਖੋਜ ਅਤੇ ਪਸਾਰ ਲਈ ਪੂਰਾ ਸਮਰਥਨ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਸਾਡਾ ਮਿਹਨਤ ਨਾਲ ਪੈਦਾ ਕੀਤਾ ਅਨਾਜ ਗੋਦਾਮਾਂ ਦੀ ਅਣਹੋਂਦ ਕਾਰਨ ਸੜ ਰਿਹਾ ਹੈ। ਇਸ ਖੇਤਰ ’ਚ ਸ: ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੇ ਜ਼ੋਰ ਪਾ ਕੇ ਕਾਫ਼ੀ ਗੋਦਾਮ ਪ੍ਰਵਾਨ ਕਰਵਾ ਲਏ ਹਨ । ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪਿਛਲੇ 50 ਸਾਲਾਂ ’ਚ ਪੰਜਾਬ ਨੂੰ ਵਿਗਿਆਨਕ ਖੇਤੀ ਦੇ ਰਾਹ ਤੋਰਿਆ ਹੈ ਅਤੇ ਹੁਣ ਪਹਿਲਾਂ ਨਾਲੋਂ ਵੀ ਵੱਧ ਸਮਰਪਿਤ ਭਾਵਨਾ ਨਾਲ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਡਾ: ਬਲਦੇਵ ਸਿੰਘ ਢਿੱਲੋਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਖੇਤੀਬਾੜੀ ਖੋਜ ਦੇ ਨਾਲ ਨਾਲ ਸਮਾਜਕ ਕੁਰੀਤੀਆਂ ਤੇ ਵੀ ਉਂਗਲ ਰੱਖੀ ਹੈ। ਸ: ਤੋਤਾ ਸਿੰਘ ਨੇ ਆਖਿਆ ਕਿ ਸਮਾਜਕ ਕੁਰੀਤੀਆਂ ਦੇ ਖਾਤਮੇ ਲਈ ਸਮਾਜ ਦੇ ਆਗੂ ਵਰਗ ਨੂੰ ਹੀ ਅੱਗੇ ਲੱਗਣਾ ਪੈਣਾ ਹੈ।
ਮਾਣਯੋਗ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਜੀ ਨੇ ਇਸ ਮੌਕੇ ਚਾਰ ਅਗਾਂਹਵਧੂ ਕਿਸਾਨਾਂ ਸ: ਸੁਰਜੀਤ ਸਿੰਘ ਸੰਧੂ ਪਿੰਡ ਆਰੀਆਂਵਾਲਾ ਜ਼ਿਲ੍ਹਾ ਕਪੂਰਥਲਾ, ਸ: ਪਰਮਜੀਤ ਸਿੰਘ ਸਹੌਲੀ ਜ਼ਿਲ੍ਹਾ ਪਟਿਆਲਾ, ਨੂੰ ਬਾਗਬਾਨੀ ਵਿਕਾਸ ਲਈ, ਸ: ਜਗਦੀਪ ਸਿੰਘ ਪਿੰਡ ਆਸਲ ਜ਼ਿਲ੍ਹਾ ਫੀਰੋਜ਼ਪੁਰ ਤੇ ਸ: ਗੁਲਜ਼ਾਰ ਸਿੰਘ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਨੂੰ ਵਿਕਸਤ ਖੇਤੀਬਾੜੀ ਲਈ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਚਹੁੰ ਕਿਸਾਨਾਂ ਨੂੰ 12 ਹਜ਼ਾਰ 500 ਰੁਪਏ ਪ੍ਰਤੀ ਕਿਸਾਨ ਸਨਮਾਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਸਨਦ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ਫੀਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਸਲ ਵਾਸੀ ਕਿਸਾਨ ਸ: ਜਗਦੀਪ ਸਿੰਘ ਨੇ ਯੂਨੀਵਰਸਿਟੀ ਵੱਲੋਂ ਮਿਲੀ ਸਨਮਾਨ ਰਾਸ਼ੀ ਯੂਨੀਵਰਸਿਟੀ ਦੇ ਖੋਜ ਕਾਰਜਾਂ ਲਈ ਮੌਕੇ ਤੇ ਹੀ ਵਾਪਸ ਭੇਂਟ ਕਰ ਦਿੱਤੀ। ਮਾਣਯੋਗ ਖੇਤੀਬਾੜੀ ਮੰਤਰੀ ਅਤੇ ਵਾਈਸ ਚਾਂਸਲਰ ਸਾਹਿਬ ਨੇ ਸ: ਜਗਦੀਪ ਸਿੰਘ ਆਸਲ ਦੀ ਇਸ ਦਰਿਆਦਿਲੀ ਦੀ ਸ਼ਲਾਘਾ ਕੀਤੀ।
ਕਿਸਾਨ ਮੇਲੇ ਦਾ ਉਦਘਾਟਨ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ ਨੇ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਖੇਤੀ ਖੋਜ ਢਾਂਚੇ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾਂ ਆਖਿਆ ਕਿ ਝੋਨੇ ਹੇਠੋਂ ਘੱਟੋ ਘੱਟ 20-25 ਲੱਖ ਏਕੜ ਰਕਬਾ ਘਟਾੳਣਾ ਪਵੇਗਾ । ਇਹ ਤਾਂ ਹੀ ਘਟੇਗਾ ਜੇ ਬਦਲਵੀਆਂ ਫ਼ਸਲਾਂ ਲਾਹੇਵੰਦ ਹੋਣਗੀਆਂ। ਉਨ੍ਹਾਂ ਆਖਿਆ ਕਿ ਜੇਕਰ ਜਲ ਸੋਮੇ ਏਦਾਂ ਹੀ ਹੇਠਾਂ ਜਾਈ ਗਏ ਤਾਂ ਝੋਨਾ ਤਾਂ ਕੀਹ ਕਣਕ ਵੀ ਹੋਣੋਂ ਹਟ ਸਕਦੀ ਹੈ। ਉਨ੍ਹਾਂ ਆਖਿਆ ਕਿ ਘੱਟ ਰਕਬੇ ’ਚੋਂ ਵੱਧ ਝਾੜ ਲੈਣ ਵਾਲੀਆਂ ਕਿਸਮਾਂ ਹੀ ਭਵਿੱਖ ਦੀ ਆਸ ਹਨ। ਡਾ: ਕਾਲਕਟ ਨੇ ਕਿਹਾ ਕਿ ਹੈਪੀ ਸੀਡਰ ਨਾਲ ਝੋਨੇ ਦੇ ਵੱਢ ’ਚ ਕਣਕ ਬੀਜੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਜ਼ਮੀਨ ਦੀ ਜੈਵਿਕ ਸ਼ਕਤੀ ਵਧਦੀ ਹੈ। ਉਨ੍ਹਾਂ ਆਖਿਆ ਕਿ ਕਰਜ਼ੇ ਦੇ ਚੱਕਰ-ਵਿਊ ’ਚੋਂ ਨਿਕਲਣ ਲਈ ਪੜ੍ਹਾਈ ਅਤੇ ਕੰਮ ਹੱਥੀਂ ਕਰਨ ਦੀ ਆਦਤ ਪਾਉਣੀ ਪਵੇਗੀ। ਖੇਤੀ ਖ਼ਰਚੇ ਘਟਾਉ ਅਤੇ ਆਮਦਨ ਵਧਾਉ ਦਾ ਨਾਅਰਾ ਤਾਂ ਹੀ ਸੱਚ ਹੋ ਸਕੇਗਾ ਜੇਕਰ ਅਸੀਂ ਸਾਰੇ ਕਿਰਤ ਸਭਿਆਚਾਰ ਨੂੰ ਅਪਣਾਵਾਂਗੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋੀ ਨੇ ਪ੍ਰਧਾਨਗੀ ਭਾਸ਼ਨ ਕਰਦਿਆਂ ਕਿਹਾ ਕਿ ਕੇਂਦਰੀ ਅਨਾਜ ਭੰਡਾਰ ਭਰਦੇ ਭਰਦੇ ਅਸੀਂ ਪੰਜਾਬ ਦੇ ਭੂਮੀ ਤੱਤ ਖ਼ਜ਼ਾਨੇ ਖੋਰ ਲਏ ਪਰ ਹੁਣ ਵੀ ਸੰਭਲ ਸਕਦੇ ਹਾਂ। ਉਨ੍ਹਾਂ ਆਖਿਆ ਕਿ ਦੇਸ਼ ਦੀ ਹਰ ਸੂਬੇ ’ਚ ਇਕੋ ਜਿਹੀ ਖੇਤੀ ਨੀਤੀ ਵਿਕਾਸਮੁਖੀ ਨਹੀਂ। ਹਰ ਸੂਬੇ ਦੀਆਂ ਲੋੜਾਂ ਸਮਝ ਕੇ ਕੌਮੀ ਯੋਜਨਾਕਾਰੀ ਦੀ ਲੋੜ ਹੈ। ਡਾ: ਢਿੱਲੋਂ ਨੇ ਆਖਿਆ ਕਿ ਕੁਦਰਤੀ ਸੋਮਿਆ ਦੀ ਰਖਵਾਲੀ ਲਾਜ਼ਮੀ ਹੈ। ਜਲ ਸੋਮਿਆਂ ਦੀ ਸੰਭਾਲ ਲਈ ਸਾਨੂੰ ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰੀ ਕਰਨੀ ਚਾਹੀਦੀ ਹੈ। ਟੈਂਸ਼ੀਓਮੀਟਰ ਦੀ ਵਰਤੋਂ ਨਾਲ ਵੀ ਜਲ ਸੋਮਿਆਂ ਦੀ ਬੱਚਤ ਹੋ ਸਕਦੀ ਹੈ। ਹਰਾ ਪੱਤਾ ਚਾਰਟ ਨਾਲ ਨਾਈਟਰੋਜਨੀ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਸ਼ਰਾਬਖੋਰੀ ਅਤੇ ਮਹਿੰਗੇ ਭਾਰੀ ਭਰਕਮ ਵਿਆਹਾਂ ਦੀ ਕੁਰੀਤੀ ਤੋਂ ਵੀ ਬਚਣ ਦੀ ਲੋੜ ਹੈ।
ਡਾ: ਢਿੱਲੋਂ ਨੇ ਕਿਹਾ ਕਿ ਸਾਰਾ ਕੁਝ ਵਿਗਿਆਨੀਆਂ ਨੇ ਹੀ ਨਹੀਂ ਦੱਸਣਾ ਹੁੰਦਾ, ਕਿਸਾਨ ਵੀ ਬਹੁਤ ਕੁਝ ਦੱਸ ਸਕਦੇ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਇਕ ਕਿਸਾਨ ਦੇ ਹਵਾਲੇ ਨਾਲ ਕਿਹਾ ਕਿ ਉਸ ਵੱਲੋਂ ਲਿਆਂਦੇ ਕਣਕ ਦੇ ਸਿੱਟੇ ਭਵਿੱਖ ਦੀ ਚੰਗੀ ਉਮੀਦ ਹੋ ਸਕਦੇ ਹਨ। ਡਾ: ਢਿੱਲੋਂ ਨੇ ਆਖਿਆ ਕਿ ਵਿਗਿਆਨ ਨਿੱਤ ਬਦਲਦਾ ਹੈ, ਇਸ ਦੇ ਬਰਾਬਰ ਤੁਰਨ ਦੀ ਆਦਤ ਪਾਉ। ਖੇਤੀਬਾੜੀ ਸਾਹਿਤ ਅਪਨਾਉਣ ਤੇ ਜ਼ੋਰ ਦੇਂਦਿਆਂ ਉਨ੍ਹਾਂ ਕਿਹਾ ਕਿ ਗਿਆਨ ਸਾਹਿਤ ਨਾਲ ਸਦੀਵੀ ਸਾਂਝ ਪਾਉ। ਉਨ੍ਹਾਂ ਆਖਿਆ ਕਿ ਪੰਜਾਬ ਦੇ ਪਿੰਡਾਂ ’ਚ ਖੇਤੀਬਾੜੀ ਗਿਆਨ ਦੂਤ ਨਾਮਜ਼ਦ ਕੀਤੇ ਜਾ ਰਹੇ ਹਨ ਤਾਂ ਜੋ ਇੰਟਰਨੈੱਟ ਰਾਹੀਂ ਗਿਆਨ ਨਾਲੋਂ ਨਾਲ ਪਿੰਡ ਪਿੰਡ ਪਹੁੰਚੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਪਿਛਲੇ ਪੰਜਾਹ ਸਾਲਾਂ ਵਿੱਚ 705 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਇਸ ਸਾਲ 50 ਹਜ਼ਾਰ ਬੂਟੇ ਕਲੋਨਲ ਪਾਪਲਰ ਦੇ ਵੰਡੇ ਗਏ ਹਨ। ਇਵੇਂ ਹੀ ਕਿਨੂੰ ਦੇ ਲਗਪਗ 70 ਹਜ਼ਾਰ ਰੋਗ ਰਹਿਤ ਬੂਟੇ ਤਿਆਰ ਕਰਕੇ ਬਾਗਬਾਨ ਭਰਾਵਾਂ ਨੂੰ ਵੰਡੇ ਗਏ ਹਨ। ਆਲੂਆਂ ਦਾ ਰੋਗ ਰਹਿਤ ਬੀਜ ਵੀ ਪਹਿਲੀ ਵਾਰ ਯੂਨੀਵਰਸਿਟੀ ਵੱਲੋਂ ਤਿਆਰ ਕਰਕੇ ਵੇਚਿਆ ਗਿਆ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਆਏ ਮੁੱਖ ਮਹਿਮਾਨ ਅਤੇ ਸਤਿਕਾਰਯੋਗ ਖੇਤੀ ਮੰਤਰੀ ਜੀ ਦਾ ਸੁਆਗਤ ਕੀਤਾ। ਪ੍ਰਸ਼ਨ ਉੱਤਰ ਸੈਸ਼ਨ ਵਿੱਚ ਡਾ: ਸੁਰਜੀਤ ਸਿੰਘ ਨੇ ਫ਼ਸਲ ਵਿਗਿਆਨ ਬਾਰੇ ਡਾ: ਮਹਿੰਦਰ ਸਿੰਘ ਸਿੱਧੂ ਨੇ ਮੰਡੀਕਰਨ ਬਾਰੇ, ਡਾ: ਗੁਰਬਖਸ਼ ਸਿੰਘ ਕਾਹਲੋਂ ਨੇ ਬਾਗਬਾਨੀ ਬਾਰੇ, ਡਾ: ਤਰਸੇਮ ਸਿੰਘ ਢਿੱਲੋਂ ਅਤੇ ਡਾ: ਮੇਜਰ ਸਿੰਘ ਧਾਲੀਵਾਲ ਨੇ ਸਬਜ਼ੀਆਂ ਬਾਰੇ, ਡਾ: ਜਗਦੇਵ ਸਿੰਘ ਕੁਲਾਰ ਨੇ ਕੀੜੇ ਮਕੌੜਿਆਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦਿੱਤੇ। ਸੰਚਾਰ ਕੇਂਦਰ ਵੱਲੋਂ ਛਾਪੀਆਂ ਪ੍ਰਕਾਸ਼ਨਾਵਾਂ ਦਾ ਸੈੱਟ ਮਾਣਯੋਗ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਜੀ ਅਤੇ ਡਾ: ਗੁਰਚਰਨ ਸਿੰਘ ਕਾਲਕਟ ਜੀ ਨੂੰ ਭੇਂਟ ਕੀਤਾ ਗਿਆ।
ਉੱਘੇ ਲੋਕ ਗਾਇਕ ਗਿੱਲ ਹਰਦੀਪ, ਬਲਬੀਰ ਸੂਫ਼ੀ, ਗੁਰਪਾਲ ਸਿੰਘ ਪਾਲ, ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ, ਉੱਘੇ ਢਾਡੀ ਰਛਪਾਲ ਸਿੰਘ ਪਮਾਲ ਨੇ ਸਮਾਜਕ ਕੁਰੀਤੀਆਂ ਦੇ ਖਿਲਾਫ ਗੀਤ ਸੰਗੀਤ ਪੇਸ਼ ਕੀਤਾ। ਕਿਸਾਨ ਮੇਲੇ ’ਚ ਦੂਜੇ ਦਿਨ 22 ਮਾਰਚ ਨੂੰ ਵੱਖ ਵੱਖ ਫ਼ਸਲਾਂ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਮੁੱਖ ਮਹਿਮਾਨ ਵਜੋਂ ਪੁੱਜ ਕੇ ਸਨਮਾਨਿਤ ਕਰਨਗੇ। ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਉੱਘੇ ਲੋਕ ਗਾਇਕ ਮੰਨਾ ਢਿੱਲੋਂ, ਕਰਤਾਰ ਧੁੱਗਾ ਅਤੇ ਰਵਿੰਦਰ ਦੀਵਾਨਾ ਗੀਤ ਸੰਗੀਤ ਪੇਸ਼ ਕਰਨਗੇ।