ਚੰਡੀਗੜ੍ਹ :- “ਸਾਨੂੰ ਗੁਰੂ ਸਹਿਬਾਨ ਨੇ ਸਪੱਸਟ ਰੂਪ ਵਿਚ ਆਦੇਸ਼ ਦਿੱਤਾ ਹੈ ਕਿ “ਖ਼ਾਲਸਾ ਸੋਈ ਜੋ ਨਿਰਧਨ ਕੋ ਪਾਲੈ । ਖ਼ਾਲਸਾ ਸੋਈ ਜੋ ਦੂਸ਼ਟ ਕੋ ਗਾਲੈ॥” ਇਸ ਲਈ ਸਾਨੂੰ ਗੁਰੂ ਸਹਿਬਾਨ ਦੇ ਹੁਕਮਾਂ ਉਤੇ ਅਮਲ ਕਰਦੇ ਹੋਏ ਮਜਲੂਮਾਂ, ਸਮਾਜ ਦੇ ਲਤਾੜੇ ਵਰਗਾ ਅਤੇ ਰੰਘਰੇਟਿਆਂ ਦੇ ਜੀਵਨ ਮਾਲ ਦੀ ਰਾਖੀ ਕਰਨ ਦੇ ਫਰਜ਼ ਅਦਾ ਕਰਨ ਤੋ ਕਦੀ ਵੀ ਪਿਛੇ ਨਹੀ ਹੱਟਣਾ ਚਾਹੀਦਾ । ਘੱਟ ਗਿਣਤੀ ਕੌਮਾਂ ਉਤੇ ਦਹਿਸ਼ਤ ਪਾ ਕੇ, ਉਹਨਾਂ ਨਾਲ ਗੁਲਾਮਾਂ ਦੀ ਤਰ੍ਹਾਂ ਵਿਵਹਾਰ ਕਰਨ ਦਾ ਸਿੱਖ ਧਰਮ ਬਿਲਕੁਲ ਇਜ਼ਾਜ਼ਤ ਨਹੀ ਦਿੰਦਾ ਅਤੇ ਨਾ ਹੀ ਅਸੀ ਬਹੁਗਿਣਤੀ ਹਿੰਦੂ ਹੁਕਮਰਾਨਾ ਵੱਲੋ ਰੰਘਰੇਟਿਆਂ, ਮਜ਼ਲੂਮਾਂ ਜਾਂ ਸਮਾਜ ਦੇ ਲਤਾੜੇ ਵਰਗਾਂ ਨਾਲ ਕੀਤੇ ਜਾਂ ਰਹੇ ਘੋਰ ਵਿਤਕਰਿਆਂ ਅਤੇ ਬੇਇਨਸਾਫੀਆਂ ਨੂੰ ਬਿਲਕੁਲ ਪ੍ਰਵਾਨ ਨਹੀ ਕਰਾਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਹਰਿਆਣੇ ਸੂਬੇ ਦੇ ਅੰਬਾਲੇ ਦੇ ਨਜ਼ਦੀਕ ਸਵਰਨ ਜਾਤੀ ਹਿੰਦੂਆਂ ਵੱਲੋ ਤਿੰਨ ਰੰਘਰੇਟੇ ਸਿੱਖਾਂ ਨੂੰ ਜ਼ਬਰੀ ਕਤਲ ਕਰਨ ਦੀ ਇਨਸਾਨੀਅਤ ਵਿਰੋਧੀ ਕਾਰਵਾਈ ਦਾ ਗੰਭੀਰ ਨੋਟਿਸ ਲੈਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਹੋਏ ਮਨੁੱਖਤਾ ਵਿਰੋਧੀ ਵਰਤਾਰੇ ਦਾ ਅਸਹਿ ਅਤੇ ਅਕਹਿ ਦੁੱਖ ਹੈ । ਅਸੀ ਜਲਦੀ ਹੀ 21 ਮਾਰਚ ਦੀ ਅੰਮ੍ਰਿਤਸਰ ਵਿਖੇ ਸਮੁੱਚੀਆਂ ਪੰਥਕ ਧਿਰਾਂ ਦੀ ਹੋ ਰਹੀ ਇਕੱਤਰਤਾ ਉਪਰੰਤ ਇਸ ਦੁੱਖਦਾਇਕ ਘਟਨਾ ਵਾਲੀ ਸਥਾਨ ਤੇ ਪਹੁੰਚਕੇ ਰੰਘਰੇਟਿਆਂ ਦੇ ਨਾਲ ਹੋਈ ਬੇਇਨਸਾਫੀ ਅਤੇ ਜੁਲਮ ਵਿਰੁੱਧ ਆਵਾਜ਼ ਉਠਾਉਣ ਦੇ ਫਰਜ਼ ਅਦਾ ਕਰਾਗੇ । ਇਸ ਦੇ ਨਾਲ ਹੀ ਸ. ਮਾਨ ਨੇ ਪੰਜਾਬ, ਹਰਿਆਣਾ, ਹਿਮਾਚਲ, ਅਤੇ ਹੋਰ ਸਮੁੱਚੇ ਸੂਬਿਆਂ ਵਿਚ ਵਿਚਰਨ ਵਾਲੇ ਰੰਘਰੇਟਿਆਂ ਅਤੇ ਗਰੀਬ ਪਰਿਵਾਰਾ ਦੇ ਮੈਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਨੁੱਖਤਾ ਪੱਖੀ ਈਸਟ ਵਿਚ ਪੂਰਨ ਵਿਸ਼ਵਾਸ ਰੱਖਦੇ ਹੋਏ, ਗੁਰਸਿੱਖੀ ਰੂਪ ਵਿਚ ਆ ਜਾਣ ਤਾਂ ਕਿ ਸਵਰਨ ਜਾਤੀਆਂ ਉਹਨਾਂ ਉਤੇ ਜ਼ਬਰ-ਜੁਲਮ ਕਰਨ ਦੀ ਜੁਰਅਤ ਨਾ ਕਰ ਸਕਣ । ਉਹਨਾਂ ਕਿਹਾ ਕਿ ਰੰਘਰੇਟਿਆਂ ਅਤੇ ਹੋਰ ਮਜਬੂਰ, ਗਰੀਬ, ਲਤਾੜੇ ਪਰਿਵਾਰਾ ਤੇ ਇਨਸਾਨਾਂ ਲਈ ਇਕੋ ਇਕ ਪਲੇਟਫਾਰਮ ਹੈ, ਜਿਥੇ ਉਹਨਾਂ ਦੇ ਹੱਕ-ਹਕੂਕਾਂ, ਜਾਨ ਮਾਲ ਸੁਰੱਖਿਅਤ ਰਹਿ ਸਕਦਾ ਹੈ ਅਤੇ ਉਹ ਸਮਾਜ ਵਿਚ ਬਰਾਬਰਤਾ ਅਤੇ ਸਤਿਕਾਰ ਵਾਲਾ ਜੀਵਨ ਜਿਊਣ ਦੇ ਸਮਰੱਥ ਹੋ ਸਕਦੇ ਹਨ । ਉਹ ਹੈ ਬਿਨ੍ਹਾਂ ਕਿਸੇ ਦੇਰੀ ਦੇ ਆਪਣੀ ਅੰਤਰ ਆਤਮਾਂ ਤੋ ਗੁਰਸਿੱਖੀ ਵਿਚ ਆ ਜਾਣ । ਉਹਨਾਂ ਕਿਹਾ ਕਿ ਬੀਤੇ ਇਤਿਹਾਸ ਵਿਚ ਵੀ ਅਤੇ ਅੱਜ ਵੀ ਸਿੱਖ ਕੌਮ ਤੇ ਸਿੱਖ ਧਰਮ ਹੀ ਇਹਨਾਂ ਦੀ ਰਖਵਾਲੀ ਕਰ ਸਕਦਾ ਹੈ । ਕਿਉਕਿ ਹਿੰਦੂਤਵ ਹਕੂਮਤਾਂ ਘੱਟ ਗਿਣਤੀ ਕੌਮਾਂ ਨੂੰ ਜ਼ਬਰੀ ਹਿੰਦੂ ਬਣਾਉਣ ਲਈ ਉਹਨਾਂ ਉਤੇ ਅਣਮਨੁੱਖੀ ਤਰੀਕੇ ਜ਼ਬਰ-ਜੁਲਮ ਦਾ ਸਹਾਰਾ ਲੈ ਰਹੀਆ ਹਨ । ਜਿਸ ਦਾ ਮੋੜਵਾ ਜਵਾਬ ਪਹਿਲੇ ਵੀ ਸਿੱਖ ਕੌਮ ਨੇ ਦਿੱਤਾ ਹੈ ਤੇ ਆਉਣ ਵਾਲੇ ਸਮੇ ਵਿਚ ਵੀ ਇਹ ਫਰਜ਼ ਸਿੱਖ ਕੌਮ ਹੀ ਪੂਰਨ ਕਰੇਗੀ ਅਤੇ ਬਰਾਬਰਤਾ ਅਤੇ ਸਤਿਕਾਰ ਵਾਲੇ ਨਿਯਮ ਨੂੰ ਲਾਗੂ ਕਰੇਗੀ । ਕਿਉਕਿ ਗੁਰੂ ਸਹਿਬਾਨ ਨੇ ਫੈਸਲਾ ਕਰ ਦਿੱਤਾ ਹੈ ਕਿ “ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ੲੈ” ਦੇ ਮਹਾ ਵਾਕ ਅਨੁਸਾਰ ਇਨ੍ਹਾਂ ਹਿੰਦੂਤਵ ਤਾਕਤਾ ਦੇ ਪਾਪਾ ਦਾ ਬੇੜਾ ਭਰ ਚੁੱਕਾ ਹੈ ਜਿਸ ਦਾ ਅਵੱਸ ਅੰਤ ਹੋਣ ਵਾਲਾ ਹੈ ।