ਚੰਡੀਗੜ੍ਹ- ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਐਸਜੀਪੀਸੀ ਰਾਸ਼ਟਰਪਤੀ ਕੋਲ ਦਇਆ ਦੀ ਪਟੀਸ਼ਨ ਦਾਇਰ ਕਰੇਗੀ। ਐਸਜੀਪੀਸੀ ਨੇ ਇਸ ਸਬੰਧੀ ਅਕਾਲੀ ਦਲ ਬਾਦਲ ਵੱਲੋਂ ਸਮਰਥਣ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਰਾਜੋਆਣਾ ਨੂੰ 1995 ਵਿੱਚ ਪੰਜਾਬ ਦੇ ਉਸ ਸਮੇਂ ਦੇ ਮੁੱਖਮੰਤਰੀ ਬੇਅੰਤ ਸਿੰਘ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ। ਪੰਜਾਬ ਸਰਕਾਰ ਦੀ ਭਾਈਵਾਲ ਪਾਰਟੀ ਨੇ ਇਸ ਮੁੱਦੇ ਤੋਂ ਆਪਣਾ ਪੱਲਾ ਝਾੜ ਲਿਆ ਹੈ।
ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਪਾਰਟੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤਾਂ ਜੋ ਪੰਜਾਬ ਵਿੱਚ ਮੁਸ਼ਕਿਲ ਨਾਲ ਸਥਾਪਿਤ ਹੋਈ ਸ਼ਾਂਤੀ ਅਤੇ ਅਮਨ ਚੈਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ। ਪਟਿਆਲਾ ਦੀ ਕੇਂਦਰੀ ਜੇਲ੍ਹ ਵੱਲੋਂ ਇੱਕ ਹਫ਼ਤੇ ਵਿੱਚ ਦੂਸਰੀ ਵਾਰ ਰਾਜੋਆਣਾ ਦੀ ਮੌਤ ਦੇ ਵਰੰਟ ਵਾਪਿਸ ਗ੍ਰਹਿ ਵਿਭਾਗ ਨੂੰ ਭੇਜ ਦਿੱਤੇ ਗਏ ਹਨ। ਬੇਅੰਤ ਸਿੰਘ ਦਾ ਪਰੀਵਾਰ ਵੀ ਬਲਵੰਤ ਸਿੰਘ ਨਾਲ ਨਰਮੀ ਵਰਤਣ ਦੇ ਹੱਕ ਵਿੱਚ ਹੈ।