ਨਵੀਂ ਦਿੱਲੀ- ਲੋਕਸਭਾ ਚੋਣਾਂ ਦੇ ਐਲਾਨ ਸਬੰਧੀ ਹਵਾ ਫਿਰ ਤੇਜ਼ ਹੋ ਗਈ ਹੈ। ਚੋਣ ਕਮਿਸ਼ਨ ਇਸ ਹਫ਼ਤੇ ਕੇਂਦਰੀ ਗ੍ਰਹਿ ਸਕੱਤਰ ਸਮੇਤ ਕਈ ਅਧਿਕਾਰੀਆਂ ਨਾਲ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗਾਂ ਕਰਨ ਜਾ ਰਿਹਾ ਹੈ। ਇਸ ਸਾਲ ਅਪ੍ਰੈਲ ਮਈ ਵਿਚ ਸੰਭਾਵਿਤ ਚੋਣਾਂ ਬਾਰੇ ਕਮਿਸ਼ਨ ਤਿਆਰੀਆਂ ਨੂੰ ਅੰਤਮ ਰੂਪ ਦੇਣ ਵਿਚ ਰੁਝ ਗਿਆ ਹੈ। ਇਸ ਸਿਲਸਿਲੇ ਵਿਚ ਇਸ ਹਫਤੇ ਚੋਣ ਦੀਆਂ ਤਰੀਕਾਂ, ਨੀਂਮ ਫੌਜੀ ਫੋਰਸਾਂ ਮੁਹਈਆ ਕਰਾਉਣ ਅਤੇ ਕਾਨੂੰਨ ਪ੍ਰਬੰਧਾਂ ਦੇ ਹਾਲਾਤ ਬਾਰੇ ਸਮੀਖਿਆ ਕੀਤਾ ਜਾਵੇਗੀ। ਮੀਟਿੰਗ ਵਿਚ ਮੁੱਖ ਚੋਣ ਕਮਿਸ਼ਨ ਐਨ ਗੋਪਾਲ ਸਵਾਮੀ, ਚੋਣ ਕਮਿਸ਼ਨ ਨਵੀਨ ਚਾਵਲਾ ਅਤੇ ਐਸ ਵਾਈ ਕੁਰੈਸ਼ੀ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਮਧੁਕਰ ਗੁਪਤਾ, ਦੂਰਸੰਚਾਰ ਸਕਤਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ।
ਆਮ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਨ੍ਹਾਂ ਮੀਟਿੰਗਾਂ ਨੂੰ ਕਾਫ਼ੀ ਅਹਿਮ ਸਮਝਿਆ ਜਾ ਰਿਹਾ ਹੈ। ਕਮਿਸ਼ਨ ਪਿਛਲੇ ਦਿਨੀਂ ਗ੍ਰਹਿ ਸਕੱਤਰ ਨਾਲ ਮੀਟਿੰਗ ਕਰ ਚੁਕਿਆ ਹੈ। ਗ੍ਰਹਿ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਪੰਜ ਪੜਾਵਾਂ ਵਿਚ ਚੋਣਾਂ ਕਰਾਉਣ ਦੀ ਸਲਾਹ ਦਿੱਤੀ ਸੀ। ਨਾਲ ਹੀ ਭਰੋਸਾ ਦਿੱਤਾ ਸੀ ਕਿ ਇਸ ਲਈ ਲੋੜੀਂਦੇ ਨੀਂਮ ਫੌਜੀ ਬਲਾਂ ਦੀ ਤੈਨਾਤੀ ਕਰ ਲਵੇਗਾ। ਪਰ ਸਿਆਸੀ ਪਾਰਟੀਆਂ ਘਟੋ ਘੱਟ ਦੌਰਾਂ ਵਿਚ ਚੋਣਾਂ ਪੂਰੀਆਂ ਕਰਾਉਣ ਦੇ ਹੱਕ ਵਿਚ ਹਨ। ਅਜਿਹੇ ਵਿਚ ਵਧੇਰੇ ਨੀਂਮ ਫੌਜੀ ਬਲਾਂ ਦੀ ਲੋੜ ਪਵੇਗੀ। ਵੋਟਰ ਲਿਸਟਾਂ, ਪਛਾਣ ਪੱਤਰ ਅਤੇ ਹੋਰ ਸਾਰੀਆਂ ਤਿਆਰੀਆਂ ਆਖ਼ਰੀ ਪੜਾਅ ਵਿਚ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਫਰਵਰੀ ਦੇ ਪਹਿਲੇ ਹਫਤੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਅਤੇ ਪੁਲਿਸ ਦੇ ਆਲਾ ਅਫ਼ਸਰਾਂ ਨਾਲ ਮੀਟਿੰਗ ਕਮਿਸ਼ਨ ਵਲੋਂ ਕੀਤੀਆਂ ਜਾ ਚੁਕੀਆਂ ਹਨ। ਖੱਬੇ ਪੱਖੀਆਂ ਨੇ ਘਟ ਤੋਂ ਘੱਟ ਪੜਾਵਾਂ ਵਿਚ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ।