ਫਤਹਿਗੜ੍ਹ ਸਾਹਿਬ :- “ਕਿਸੇ ਸੂਬੇ ਦਾ ਮੁੱਖ ਮੰਤਰੀ ਜਾਂ ਮੁਲਕ ਦਾ ਵਜ਼ੀਰੇ ਆਜਿਮ ਸੂਬੇ ਜਾਂ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਅਤੇ ਆਪਣੇ ਸੂਬੇ ਜਾਂ ਮੁਲਕ ਦੇ ਬਸਿੰਦਿਆਂ ਦੀ ਬਹਿਤਰੀ ਲਈ ਅਦਾਲਤਾ ਵੱਲੋ ਸੁਣਾਏ ਗਏ ਫਾਂਸੀ ਦੇ ਹੁਕਮਾ ਨੂੰ ਰੱਦ ਕਰਕੇ ਕਿਸੇ ਇਨਸਾਨ ਨੂੰ ਦੋ ਪਲਾ ਵਿਚ ਜੇਲ੍ਹ ਦੀਆਂ ਸੀਖਾਂ ਵਿਚੋ ਰਿਹਾਅ ਕਰ ਸਕਦੈ ।”
ਇਹ ਵਿਚਾਰ ਅੱਜ ਇਥੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋ ਅਤੇ ਇਲਾਕੇ ਦੇ ਵੱਡੀ ਗਿਣਤੀ ਵਿਚ ਸਿੱਖਾਂ ਵੱਲੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਗੁਰਦੁਆਰਾ ਜੋਤੀ ਸਰੂਪ ਤੱਕ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੇ ਗਏ ਫਾਂਸੀ ਦੇ ਹੁਕਮਾ ਦੇ ਵਿਰੋਧ ਵਿਚ ਅਤੇ ਉਸ ਦੀ ਫਾਂਸੀ ਰੱਦ ਕਰਕੇ ਰਿਹਾਈ ਲਈ ਕੀਤੇ ਗਏ ਵਿਸ਼ਾਲ ਰੋਸ ਮਾਰਚ ਉਪਰੰਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਵਿਚ ਉੱਭਰਕੇ ਸਾਹਮਣੇ ਆਈ । ਜਿਸ ਵਿਚ ਪੰਥਕ ਜਥੇਬੰਦੀ ਦੇ ਆਗੂ ਸ. ਹਰਪਾਲ ਸਿੰਘ ਚੀਮਾਂ ਨੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਇਤਿਹਾਸ ਵਿਚ ਇਕ ਪਾਸੇ ਲੋਕਾਂ ਦੇ ਮਸੀਹੇ ਸ੍ਰੀ ਨੰਬੂਦਰੀਪਾਦ ਵਰਗੇ ਕਾਉਮਨਿਸ਼ਟ ਆਗੂ ਜਦੋ ਕੇਰਲਾ ਵਿਚ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਮੁੱਖ ਮੰਤਰੀ ਦੀ ਸੌਹ ਚੁੱਕਦਿਆ ਹੀ ਸ੍ਰੀ ਪਿਲੈ ਜੋ ਕੇਰਲਾ ਦੇ ਲੋਕਾਂ ਦੇ ਹੱਕਾ ਲਈ ਸੰਘਰਸ਼ ਕਰਦਾ ਸੀ ਅਤੇ ਜਿਸ ਨੂੰ ਫਾਂਸੀ ਦੇ ਹੁਕਮ ਹੋਏ ਪਏ ਸਨ, ਉਸ ਨੂੰ ਜੇਲ੍ਹ ਵਿਚ ਜਾਕੇ ਤੁਰੰਤ ਰਿਹਾਅ ਕਰਨ ਉਪਰੰਤ ਆਪਣੀ ਮੁੱਖ ਮੰਤਰੀ ਦੀ ਪਾਰੀ ਸੁਰੂ ਕੀਤੀ । ਇਸੇ ਤਰ੍ਹਾਂ ਜਦੋ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਸਨ ਤਾਂ ਇਕ ਮੋਗੇ ਦੇ ਨਿਹੰਗ ਸਿੰਘ ਜਿਸ ਨੇ ਗੁਰੂ ਸਾਹਿਬ ਦੀ ਸਵਾਰੀ ਨਾਲ ਹੋ ਰਹੇ ਨਗਰ ਕੀਰਤਨ ਅੱਗੇ ਕੁਝ ਲੋਕਾਂ ਵੱਲੋ ਨਗਰ ਕੀਰਤਨ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ ਤੇ ਉਸ ਨਿਹੰਗ ਸਿੰਘ ਨੇ ਕਿਹਾ ਸੀ ਕਿ ਇਹ ਨਗਰ ਕੀਰਤਨ ਕੋਈ ਨਹੀ ਰੋਕ ਸਕਦਾ ਪਰ ਜਿਸ ਇਨਸਾਨ ਨੇ ਅੱਗੇ ਹੋ ਕੇ ਗੁਰੂ ਸਾਹਿਬ ਦੀ ਸਵਾਰੀ ਵਾਲੇ ਨਗਰ ਕੀਰਤਨ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ ਤਾਂ ਨਿਹੰਗ ਸਿੰਘ ਨੇ ਆਪਣੀ ਸਿਰੀ ਸਾਹਿਬ ਕੱਢ ਕੇ ਉਸ ਦੀ ਧੋਣ ਲਾਹ ਦਿੱਤੀ ਅਤੇ ਉਸ ਨੂੰ ਵੀ ਕੈਦ ਹੋਈ ਪਈ ਸੀ । ਜਦੋ ਲਛਮਣ ਸਿੰਘ ਗਿੱਲ ਉਸ ਜੇਲ੍ਹ ਵਿਚ ਗਏ ਤਾਂ ਨਿਹੰਗ ਸਿੰਘ ਨੂੰ ਕਾਲ ਕੋਠੜੀ ਵਿਚ ਬੰਦ ਦੇਖਕੇ ਪੁੱਛਿਆ ਕਿ ਤੁਸੀ ਕਿਸ ਹਾਲਾਤ ਵਿਚ ਇਥੇ ਆਏ ਹੋ ਤਾਂ ਨਿਹੰਗ ਸਿੰਘ ਨੇ ਜਦੋ ਪੂਰਾ ਵਿਰਤਾਤ ਦਾ ਵਰਣਨ ਕੀਤਾ ਤਾਂ ਸ. ਗਿੱਲ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਗਵਰਨਰ ਨੂੰ ਲਿਖਕੇ 15 ਦਿਨਾਂ ਦੇ ਵਿਚ ਉਸ ਨਿਹੰਗ ਸਿੰਘ ਦੀ ਰਿਹਾਈ ਕਰਵਾ ਦਿੱਤੀ ਸੀ । ਇਸ ਲਈ ਇਹਨਾਂ ਦੋਵਾਂ ਅਮਲਾ ਵਿਚ ਆਏ ਸੱਚ ਤੋ ਪ੍ਰਤੱਖ ਹੋ ਜਾਦਾ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਜੇ ਇਮਾਨਦਾਰ ਹੋਣ ਤਾਂ ਦੋ ਪਲਾਂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਸੀਖਾਂ ਚੋ ਬਾਹਰ ਆ ਸਕਦਾ ਹੈ ਅਤੇ ਉਸ ਦੇ ਫਾਂਸੀ ਦੇ ਹੁਕਮ ਰੱਦ ਹੋ ਸਕਦੇ ਹਨ ।
ਹੁਣ ਸਿੱਖ ਕੌਮ ਨੂੰ ਇਹ ਸੋਚਣਾ ਪਵੇਗਾ ਕਿ ਸ. ਪ੍ਰਕਾਸ ਸਿੰਘ ਬਾਦਲ ਅਸਲੀਅਤ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਦਰਦ ਨੂੰ ਸਮਝਦੇ ਹਨ ਜਾਂ ਕੇਵਲ ਮਗਰਮੱਛ ਦੇ ਹੰਝੂ ਵਹਾਕੇ ਗੋਗਲੂਆਂ ਤੋ ਮਿੱਟੀ ਝਾੜਨ ਦੀ ਕਾਰਵਾਈ ਕਰ ਰਹੇ ਹਨ । ਜੇਕਰ ਸ.ਪ੍ਰਕਾਸ ਸਿੰਘ ਬਾਦਲ ਪੰਜਾਬ, ਹਿੰਦ ਅਤੇ ਇਥੇ ਵੱਸਣ ਵਾਲੀਆਂ ਸਮੁੱਚੀਆਂ ਕੌਮਾਂ ਅਤੇ ਧਰਮਾਂ ਵਿਚ ਅਮਨ-ਚੈਨ ਨੂੰ ਸਥਾਈ ਰੂਪ ਵਿਚ ਕਾਇਮ ਰੱਖਣ ਦੇ ਚਾਹਵਾਨ ਹਨ ਤਾਂ ਉਹਨਾਂ ਨੂੰ ਸ੍ਰੀ ਨੰਬੂਦਰੀਪਾਲ ਅਤੇ ਸ. ਲਛਮਣ ਸਿੰਘ ਗਿੱਲ ਦੀ ਤਰ੍ਹਾਂ ਮਨੁੱਖਤਾ ਦੇ ਪੱਖ ਵਿਚ ਤਰੁੰਤ ਦ੍ਰਿੜ੍ਹਤਾ ਨਾਲ ਸ. ਬਲਵੰਤ ਸਿੰਘ ਰਾਜੋਆਣਾ ਜੋ ਅੱਜ ਹਰ ਸਿੱਖ ਦੀ ਆਤਮਾਂ ਉਤੇ ਬਾਦਸ਼ਾਹੀ ਰੂਪ ਵਿਚ ਬਿਰਾਜ਼ਮਾਨ ਹੋ ਚੁੱਕਾ ਹੈ ਅਤੇ ਜਿਸ ਨੇ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਸਿਧਾਤਾਂ ਨੂੰ ਪ੍ਰਵਾਨ ਕਰਦੇ ਹੋਏ ਅਮਲੀ ਰੂਪ ਵਿਚ ਇਤਿਹਾਸਿਕ ਵਰਤਾਰੇ ਨੂੰ ਨਿਭਾਉਣ ਜਾ ਰਿਹਾ ਹੈ, ਉਸ ਨੂੰ ਹਰ ਕੀਮਤ ਤੇ ਰਿਹਾਅ ਕਰਵਾਉਣਾ ਪਵੇਗਾ । ਜੇਕਰ ਉਹ ਅੱਜ ਵੀ ਹਿੰਦੂਤਵ ਸੰਗਠਨਾਂ ਅਤੇ ਹਿੰਦੂਤਵ ਹੁਕਮਰਾਨਾ ਦੀ ਗੁਲਾਮੀ ਵਿਚ ਫਸੇ ਰਹੇ ਅਤੇ ਸਿੱਖ ਕੌਮ ਪੱਖੀ ਫੈਸਲਾ ਨਾ ਕਰ ਸਕੇ ਤਾਂ ਉਹਨਾਂ ਕੋਲ ਇਕ ਬਹੁਤ ਵੱਡੇ ਪਛਤਾਵੇ ਤੋ ਇਲਾਵਾਂ ਕੁਝ ਨਹੀ ਬਚੇਗਾ ਅਤੇ ਹਾਲਾਤ ਐਨੇ ਵਿਸ਼ਫੋਟਕ ਬਣ ਜਾਣਗੇ ਕਿ ਪੰਜਾਬ ਦੀ ਬਾਦਲ ਹਕੂਮਤ ਜਾਂ ਸੈਟਰ ਦੀ ਯੂਪੀਏ ਹਕੂਮਤ ਇਹਨਾਂ ਨੂੰ ਕਾਬੂ ਕਰਨ ਵਿਚ ਫਿਰ ਕੁਝ ਨਹੀ ਕਰ ਸਕੇਗੀ । ਕਿਉਕਿ ਤੀਰ ਕਮਾਨ ਵਿਚੋ ਨਿਕਲ ਚੁੱਕਿਆ ਹੋਵੇਗਾ ਅਤੇ ਨਿਸ਼ਾਨੇ ਤੇ ਜਾ ਕੇ ਅਵੱਸ਼ ਵੱਜੇਗਾ । ਅੱਜ ਦੇ ਇਸ ਰੋਸ ਧਰਨੇ ਵਿਚ ਬੁਲਾਰਿਆ ਨੇ ਇਤਿਹਾਸਿਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਈ ਰਾਜੋਆਣਾ ਆਪਣੀ ਜਿੰਮੇਵਾਰੀ ਪੂਰੀ ਕਰ ਚੁੱਕਾ ਹੈ, ਹੁਣ ਸਾਡੀ ਸਮੁੱਚੀ ਸਿੱਖ ਕੌਮ ਦੀ ਜਿੰਮੇਵਾਰੀ ਬਾਕੀ ਹੈ । ਜਿਸ ਨੂੰ ਅਸੀ ਇਸੇ ਤਰ੍ਹਾਂ ਇਕੱਤਰ ਹੋਕੇ ਬਿਨ੍ਹਾਂ ਕਿਸੇ ਭੇਦ-ਭਾਵ ਤੋ ਉਲੀਕੇ ਗਏ ਪ੍ਰੋਗਰਾਮਾਂ ਨੂੰ ਪੂਰਨ ਵੀ ਕਰਾਗੇ ਅਤੇ 31 ਮਾਰਚ ਤੋ ਬਾਅਦ ਜੋ ਵੀ ਹਾਲਤ ਬਣਨਗੇ, ਉਹਨਾਂ ਨੂੰ ਸਿੱਖ ਕੌਮ ਇਕ ਚੁੱਣੋਤੀ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰੇਗੀ ਅਤੇ ਦੁਸ਼ਮਣ ਤਾਕਤਾਂ ਅਤੇ ਸਿੱਖ ਵਿਰੋਧੀ ਜ਼ਾਲਮ ਹੁਕਮਰਾਨਾ ਅੱਗੇ ਕਤਈ ਫਤਹਿ ਹੋਣ ਤੱਕ ਈਨ ਨਹੀ ਮੰਨੇਗੀ, ਕਿਉਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੱਲੋ ਹੁਣ ਤੱਕ ਕੀਤੇ ਗਏ ਉਦਮ ਅਤੇ ਸ਼ਹਾਦਤ ਦੇਣ ਲਈ ਦ੍ਰਿੜੀ ਸੋਚ “ਖ਼ਾਲਿਸਤਾਨ” ਨੂੰ ਕਾਇਮ ਕਰਨ ਲਈ ਕੀਤੇ ਜਾ ਰਹੇ ਹਨ ਅਤੇ ਸ. ਰਾਜੋਆਣਾ ਵੱਲੋ ਜੇਲ੍ਹ ਵਿਚੋ ਜਾਰੀ ਹੋਣ ਵਾਲੀਆ ਚਿੱਠੀਆਂ ਜੋ ਇਤਿਹਾਸ ਦਾ ਹਿੱਸਾ ਬਣਨਗੀਆਂ, ਉਸ ਦੀ ਹਰ ਚਿੱਠੀ ਦਾ ਅੰਤ “ਖ਼ਾਲਿਸਤਾਨ” ਜਿੰਦਾਬਾਦ ਦੇ ਬੁਲੰਦ ਨਾਅਰੇ ਨਾਲ ਹੁੰਦਾ ਆ ਰਿਹਾ ਹੈ ਅਤੇ ਸਿੱਖ ਕੌਮ ਉਸ ਵੱਲੋ ਪਾਏ ਰਾਹ ਤੇ ਅਡੋਲ ਚੱਲਦੀ ਹੋਈ ਇਸੇ ਤਰ੍ਹਾਂ ਸਮੂਹਿਕ ਏਕਤਾ ਦੀ ਸ਼ਕਤੀ ਰਾਹੀ ਪ੍ਰਾਪਤ ਕਰਕੇ ਰਹੇਗੀ । ਅੱਜ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋ ਸਾਝੇ ਤੌਰ ਤੇ ਦਸਤਖ਼ਤ ਕਰਕੇ ਗਵਰਨਰ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਰਾਹੀ ਸ. ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਯਾਦ ਪੱਤਰ ਦਿੱਤਾ ਗਿਆ । ਅੱਜ ਦੇ ਰੋਸ ਮਾਰਚ ਵਿਚ ਬੋਲਣ ਵਾਲੇ ਮੁੱਖ ਬੁਲਾਰਿਆ ਵਿਚ ਯਾਦ ਪੱਤਰ ਉਤੇ ਦਸਤਖ਼ਤ ਕਰਨ ਵਾਲਿਆ ਵਿਚ ਸ. ਹਰਪਾਲ ਸਿੰਘ ਚੀਮਾਂ, ਹਰਮਿੰਦਰ ਸਿੰਘ ਹਰਜੀ, ਭਾਈ ਅਮਰੀਕ ਸਿੰਘ ਇਸੜੂ, ਇਕਬਾਲ ਸਿੰਘ ਟਿਵਾਣਾ, ਪ੍ਰੋ: ਮਹਿੰਦਰਪਾਲ ਸਿੰਘ, ਬਾਬਾ ਸਾਹਿਬ ਸਿੰਘ (ਸੰਤ ਸਮਾਜ), ਬਲਕਾਰ ਸਿੰਘ (ਨਿਹੰਗ ਸਿੰਘ ਜਥੇਬੰਦੀਆਂ), ਦਰਸ਼ਨ ਸਿੰਘ ਮਨੈਲੀ ਮੁਲਾਜ਼ਮ ਆਗੂ, ਸ. ਸਿੰਗਾਰਾਂ ਸਿੰਘ ਬਡਲਾ ਪ੍ਰਧਾਨ ਜਿਲ੍ਹਾਂ ਫਤਹਿਗੜ੍ਹ ਸਾਹਿਬ, ਸ. ਰਣਦੇਵ ਸਿੰਘ ਦੇਬੀ ਯੂਥ ਆਗੂ, ਸ. ਅਮਰਜੀਤ ਸਿੰਘ ਬਡਗੁਜਰਾਂ ਸਨ । ਇਸ ਤੋ ਇਲਾਵਾ ਕੁਲਦੀਪ ਸਿੰਘ ਦੁਭਾਲੀ ਯੂਥ ਆਗੂ, ਸਵਰਨ ਸਿੰਘ ਫਾਟਕ ਮਾਜਰੀ, ਜੋਗਿੰਦਰ ਸਿੰਘ ਸੈਪਲਾ, ਕੁਲਦੀਪ ਸਿੰਘ ਮਾਜਰੀ ਸੋਢੀਆਂ, ਲਖਵੀਰ ਸਿੰਘ ਲੱਖਾਂ, ਭੁਪਿੰਦਰ ਸਿੰਘ ਫਤਹਿਪੁਰ, ਅਤੇ ਕੋਈ 1000 ਦੇ ਕਰੀਬ ਇਲਾਕੇ ਦੇ ਮੋਹਤਬਰ ਸਿੱਖਾਂ ਅਤੇ ਨੌਜ਼ਵਾਨਾ, ਬਜੁਰਗਾਂ, ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਹੋਸ ਨੂੰ ਕਾਇਮ ਰੱਖਦੇ ਹੋਏ ਪੂਰੇ ਉਤਸਾਹ ਨਾਲ ਸਮੂਲੀਅਤ ਕੀਤੀ ।