ਅੰਮ੍ਰਿਤਸਰ: -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਹਰਿਆਣਾ ਦੇ ਗੁਰਧਾਮਾਂ ਲਈ ਵੱਖਰੀ ਕਮੇਟੀ ਬਣਾਏ ਜਾਣ ਦੇ ਜੋਖਮ ਭਰੇ ਮੁੱਦੇ ਦੀ ਅਸਲੀਅਤ ਅਤੇ ਸਿੱਖ ਕੌਮ ਦੇ ਜਜ਼ਬਾਤ ਤੋਂ ਜਾਣੂੰ ਕਰਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ ਚਿਦੰਬਰਮ ਨੂੰ ਤਾਰਾਂ ਦੇ ਕੇ ਜਲਦੀ ਤੋਂ ਜਲਦੀ ਮਿਲਣ ਲਈ ਸਮਾਂ ਮੰਗਿਆ ਹੈ।
ਜਥੇਦਾਰ ਅਵਤਾਰ ਸਿੰਘ ਵਲੋਂ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਿੱਤੀਆਂ ਤਾਰਾਂ ਵਿਚ ਜ਼ਿਕਰ ਕੀਤਾ ਹੈ ਕਿ ਹਰਿਆਣਾ ਦੇ ਗੁਰਧਾਮਾਂ ਲਈ ਵੱਖਰੀ ਕਮੇਟੀ ਸਬੰਧੀ ‘ਚੱਠਾ ਕਮੇਟੀ’ ਵਲੋਂ ਹਰਿਆਣਾ ਸਰਕਾਰ ਨੂੰ ਸੌਂਪੀ ਚਿੰਤਾਜਨਕ ਰਿਪੋਰਟ ਪ੍ਰਤੀ ਸਮੁੱਚੀ ਸਿੱਖ ਕੌਮ ’ਚ ਅੰਤਾਂ ਦਾ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਇਸ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਕਮੇਟੀ ਦੇ ਮੁੱਦੇ ਦੀ ਅਸਲੀਅਤ ਤੋਂ ਜਾਣੂੰ ਕਰਾਉਣ ਲਈ ਜਲਦੀ ਮਿਲਣ ਦਾ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਇਸ ਤੋਂ ਪਹਿਲਾਂ ਕਈ ਵਾਰ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਬੇਲੋੜੀ ਦਖਲ ਅੰਦਾਜ਼ੀ ਸਬੰਧੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੀ ਨੂੰ ਜਾਣੂੰ ਕਰਵਾ ਚੁੱਕੇ ਹਨ। ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਮੰਤਰੀ ਜੀ ਨੂੰ ਇਹ ਵੀ ਸਪਸ਼ਟ ਕਰ ਚੁੱਕੇ ਹਨ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸਿਆਸੀ ਲਾਹਾ ਲੈਣ ਤੇ ਪੰਜਾਬ ਤੇ ਹਰਿਆਣਾ ਦੇ ਸਿੱਖਾਂ ’ਚ ਭਰਾ-ਮਾਰੂ ਜੰਗ ਕਰਾਉਣ ਦੀ ਬਦਨੀਤੀ ਨਾਲ ਅਜਿਹਾ ਕੀਤਾ ਜਾ ਰਿਹਾ ਹੈ ਜਿਸ ਤੋਂ ਸਿੱਖ ਕੌਮ ਚਿੰਤਤ ਅਤੇ ਸੁਚੇਤ ਹੈ ਅਤੇ ਹਰਿਆਣਾ ਦੀ ਕਾਂਗਰਸ ਨੂੰ ਇਹ ਹੱਥ-ਕੰਡੇ ਉਸ ਨੂੰ ਮਹਿੰਗੇ ਪੈ ਸਕਦੇ ਹਨ। ਉਹ ਇਹ ਵੀ ਜਾਣੂ ਕਰਵਾ ਚੁੱਕੇ ਹਨ ਕਿ ਵੱਡੇ ਖੂਨੀ ਸਾਕਿਆਂ ਤੇ ਅਥਾਹ ਕੁਰਬਾਨੀਆਂ ਉਪਰੰਤ ਪਾਸ ਕੀਤੇ ਐਕਟ ਅਨੁਸਾਰ ਹੋਂਦ ’ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਖੂਬੀ ਗੁਰਧਾਮਾਂ ਦਾ ਪ੍ਰਬੰਧ ਬਹੁਤ ਹੀ ਸੁਚਾਰੂ ਢੰਗ ਨਾਲ ਚਲਾ ਰਹੀ ਹੈ, ਜਿਸ ’ਤੇ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦੁਆਇਆ ਗਿਆ ਸੀ ਕਿ ਹਰਿਆਣਾ ਦੇ ਗੁਰਧਾਮਾਂ ਲਈ ਵੱਖਰੀ ਕਮੇਟੀ ਨਹੀਂ ਬਣਾਈ ਜਾਵੇਗੀ। ਚੱਠਾ ਕਮੇਟੀ ਵਲੋਂ ਰਿਪੋਰਟ ਸੌਂਪੇ ਜਾਣ ਤੋਂ ਪਹਿਲਾਂ ਵੀ ਜਥੇਦਾਰ ਅਵਤਾਰ ਸਿੰਘ ਦਾ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਦਾ ਪ੍ਰੋਗਰਾਮ ਸੀ ਜੋ ਪ੍ਰਧਾਨ ਮੰਤਰੀ ਦੀ ਸੇਹਤ ਠੀਕ ਨਾਂ ਹੋਣ ਕਾਰਨ ਅੱਗੇ ਪੈ ਗਿਆ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸਚਾਰੂ ਪ੍ਰਬੰਧ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਦਿਆ ਦੇ ਖੇਤਰ ’ਚ ਵੀ ਫਖਰਯੋਗ ਪ੍ਰਾਪਤੀਆਂ ਕੀਤੀਆਂ। ਇਸ ਦੇ ਪ੍ਰਬੰਧ ਅਧੀਨ ਉਚਪਾਏ ਦੇ ਸਕੂਲ, ਡਿਗਰੀ ਕਾਲਜ, ਇੰਜੀਨੀਅੀਰੰਗ ਕਾਲਜ, ਡੈਂਟਲ ਕਾਲਜ ਤੇ ਮੈਡੀਕਲ ਕਾਲਜ ਸਫਲਤਾ ਪੂਰਵਕ ਚਲ ਰਹੇ ਹਨ। ਸਗੋਂ ਹਰਿਆਣਾ ਸਰਕਾਰ ਵਲੋਂ ਉਲਟਾ ਹਰਿਆਣਾ ’ਚ ਸ਼ਾਹਬਾਦ ਮਾਰਕੰਡਾ ਵਿਖੇ ਮੀਰੀ ਪੀਰੀ ਕਾਲਜ ਤੇ ਹਸਪਤਾਲ ਦੀ ਇਮਾਰਤ ਦੀ ਉਸਾਰੀ ਲਈ ਕਾਨੂੰਨੀ ਅੜਿਚਣਾਂ ਪੈਦਾ ਕਰਕੇ ਅਰਬਾਂ ਰੁਪਏ ਦੇ ਪ੍ਰੋਜੈਕਟ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਜਦ ਕਿ ਇਸ ਕਾਲਜ ’ਚ ਹਰਿਆਣਾ ਦੇ ਸਿੱਖਾਂ ਦੇ ਬੱਚਿਆਂ ਨੇ ਹੀ ਵਿੱਦਿਆ ਪ੍ਰਾਪਤ ਕਰਨੀ ਹੈ ਅਤੇ ਹਰਿਆਣਾ ਦੀ ਹੀ ਜਨਤਾ ਹਸਪਤਾਲ ’ਚ ਕਿਸੇ ਵੀ ਪ੍ਰਕਾਰ ਦੇ ਰੋਗ ਦੇ ਇਲਾਜ ਦੀ ਸੁਵਿਧਾ ਪ੍ਰਾਪਤ ਕਰੇਗੀ।