ਨਵੀਂ ਦਿੱਲੀ- ਸੰਸਦ ਮੈਂਬਰਾਂ ਦੇ ਖਿਲਾਫ਼ ਅਪਮਾਨ ਜਨਕ ਟਿਪਣੀ ਕਰਨ ਦੇ ਮੁੱਦੇ ਤੇ ਲੋਕ ਸੱਭਾ ਵੱਲੋਂ ਕੇਜਰੀਵਾਲ ਨੂੰ ਭੇਜੇ ਗਏ ਨੋਟਿਸ ਦਾ ਜਵਾਬ ਮਿਲਣ ਤੇ ਰਾਜਨੀਤਕ ਪਾਰਟੀਆਂ ਨੇ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਤੇ ਆਪਣੇ ਤੇਵਰ ਹੋਰ ਸਖਤ ਕਰ ਦਿੱਤੇ ਹਨ। ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਕੇਜਰੀਵਾਲ ਸਠਿਆ ਗਿਆ ਹੈ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਕੁੰਠਾਗ੍ਰਸਤ ਅਤੇ ਮੈਂਟਲ ਕੇਸ ਹੈ। ਇਸੇ ਕਰਕੇ ਅਜਿਹੇ ਬਿਆਨ ਦੇ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਨੇ ਟੀਮ ਅੰਨਾ ਨੂੰ ਅਪਰਾਧੀਆਂ ਦਾ ਅੱਡਾ ਦਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੀਮ ਅੰਨਾ ਦੇ ਕਈਆਂ ਮੈਂਬਰਾਂ ਤੇ ਮੁਕੱਦਮੇ ਚੱਲ ਰਹੇ ਹਨ।
ਸ਼ਰਦ ਯਾਦਵ ਨੇ ਕੇਜਰੀਵਾਲ ਦੇ ਬਿਆਨ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਵਰਮਾ ਨੇ ਕਿਹਾ ਕਿ ਕੇਜਰੀਵਾਲ ਨੇ ਸਾਰਿਆਂ ਨੂੰ ਮੁਜਰਿਮ ਕਰਾਰ ਦੇ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੇ ਖਿਲਾਫ ਅਜੇ ਕੋਈ ਜੁਰਮ ਸਾਬਿਤ ਨਹੀਂ ਹੋਇਆ।ਵਰਨਣਯੋਗ ਹੈ ਕਿ ਸੰਸਦ ਦੇ ਅਪਮਾਨ ਦੇ ਅਰੋਪ ਵਿੱਚ ਭੇਜੇ ਗਏ ਨੋਟਿਸ ਦੇ ਜਵਾਬ ਵਿੱਚ ਅਰਵਿੰਦ ਨੇ ਕਿਹਾ ਹੈ ਕਿ ਉਸ ਨੇ ਸੰਸਦ ਦਾ ਅਪਮਾਨ ਨਹੀਂ ਕੀਤਾ, ਸਗੋਂ ਸੰਸਦ ਵਿੱਚ ਬੈਠੇ ਲੋਕ ਉਸ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੰਸਦ ਦਾ ਸਨਮਾਨ ਕਰਦੇ ਹਨ ਪਰ ਸੰਸਦ ਵਿੱਚ 162 ਦਾਗੀ ਸਾਂਸਦਾਂ ਪ੍ਰਤੀ ਸਨਮਾਨ ਨਹੀਂ ਪ੍ਰਗਟ ਕਕਰ ਸਕਦੇ।